ਕੋਰੋਨਾ ਵਾਇਰਸ ਲੌਕਡਾਊਨ: ਫਸੇ ਹੋਏ 270 ਬ੍ਰਿਟਿਸ਼ ਨਾਗਰਿਕਾਂ ਨੂੰ ਵਿਸ਼ੇਸ਼ ਉਡਾਣ ਰਾਹੀਂ ਭੇਜਿਆ ਵਾਪਸ

ਅਧਿਕਾਰੀਆਂ ਤੋਂ ਮਿਲੀ ਜਾਣਕਾਰੀ ਮੁਤਾਬਿਕ ਪੰਜਾਬ ਅਤੇ ਕੁਝ ਹੋਰ ਰਾਜਾਂ ਵਿੱਚ ਫਸੇ ਲਗਭਗ 270 ਬ੍ਰਿਟਿਸ਼ ਨਾਗਰਿਕਾਂ ਨੂੰ ਬੀਤੇ ਦਿਨ ਸ਼੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਇੱਕ ਵਿਸ਼ੇਸ਼ ਹਵਾਈ ਜਹਾਜ਼ ਰਾਹੀਂ ਉਨ੍ਹਾਂ ਦੇ ਵਤਨ ਵਾਪਸ ਭੇਜਿਆ ਗਿਆ ਹੈ। ਗੌਰਤਲਬ ਹੈ ਕਿ ਕੋਰੋਨਾ ਵਾਇਰਸ ਮਹਾਂਮਾਰੀ ਦਾ ਮੁਕਾਬਲਾ ਕਰਨ ਲਈ ਭਾਰਤ ਸਰਕਾਰ ਦੁਆਰਾ ਦੇਸ਼ ਪੱਧਰੀ ਤਾਲਾਬੰਦੀ ਲਾਉਣ ਤੋਂ ਬਾਅਦ ਇਹ ਸਾਰੇ ਜਣੇ ਇੱਥੇ ਫਸ ਗਏ ਸਨ।

ਅਧਿਕਾਰੀਆਂ ਨੇ ਦੱਸਿਆ ਕਿ ਹੀਥਰੋ ਹਵਾਈ ਅੱਡੇ ਦੇ ਲਈ ਵਿਸ਼ੇਸ਼ ਉਡਾਣ ਦਾ ਪ੍ਰਬੰਧ ਬ੍ਰਿਟਿਸ਼ ਸਰਕਾਰ ਨੇ ਕੀਤਾ ਸੀ। ਉਨ੍ਹਾਂ ਇਹ ਵੀ ਦੱਸਿਆ ਕਿ ਇਹ ਬ੍ਰਿਟਿਸ਼ ਨਾਗਰਿਕ ਪੰਜਾਬ, ਰਾਜਸਥਾਨ ਅਤੇ ਜੰਮੂ-ਕਸ਼ਮੀਰ ਵਿਚ ਫਸੇ ਹੋਏ ਸਨ।

ਕਾਬਿਲੇਗੌਰ ਹੈ ਕਿ  ਯੂ.ਕੇ. ਸਰਕਾਰ ਨੇ ਕੋਰੋਨਾ ਵਾਇਰਸ ਮਹਾਂਮਾਰੀ ਨਾਲ ਲੜਨ ਲਈ ਕੀਤੀ ਤਾਲਾਬੰਦੀ ਨੂੰ 7 ਮਈ ਤੱਕ ਵਧਾ ਦਿੱਤਾ ਹੈ। ਬ੍ਰਿਟੇਨ ਦੇ ਵਿਦੇਸ਼ ਸਕੱਤਰ, ਡੋਮਿਨਿਕ ਰਾਬ ਨੇ ਮੰਤਰੀ ਮੰਡਲ ਦੀ ਬੈਠਕ ਤੋਂ ਬਾਅਦ ਇਸ ਫੈਸਲੇ ਦਾ ਐਲਾਨ ਕੀਤਾ ਸੀ। ਉਨ੍ਹਾਂ ਕਿਹਾ ਕਿ ਲੋਕਾਂ ਵੱਲੋਂ ਸਮਾਜਿਕ ਦੂਰੀ ਬਣਾਈ ਰੱਖਣ ਵਾਲੇ ਨੇਮ ਘੱਟੋ-ਘੱਟ ਅਗਲੇ ਤਿੰਨ ਹਫ਼ਤਿਆਂ ਲਈ ਲਾਗੂ ਰਹਿਣਗੇ। ਇਹ ਐਲਾਨ ਮਹਾਂਮਾਰੀ ਕਾਰਨ ਹੋਣ ਵਾਲੀਆਂ ਮੌਤਾਂ ਦੇ ਵਾਧੇ ਦੇ ਵਿਚਕਾਰ ਆਇਆ ਹੈ।