ਸੁਪਰ ਚੱਕਰਵਾਤੀ ਅਮਫਾਨ ਪੱਛਮੀ ਬੰਗਾਲ ਨੂੰ ਪਾਰ ਕਰਦਾ ਹੋਇਆ ਬੰਗਲਾ ਦੇਸ਼ ਵੱਲ਼ ਵਧਿਆ

ਅੱਜ ਸਵੇਰੇ ਸੁਪਰ ਚੱਕਰਵਾਤੀ ਅਮਫਾਨ ਪੱਛਮੀ ਬੰਗਾਲ ਦੇ ਤੱਟ ਨੂੰ ਪਾਰ ਕਰਦਾ ਹੋਇਆ ਬੰਗਲਾ ਦੇਸ਼ ਵੱਲ ਵੱਧ ਗਿਆ। 190 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਦੀਆਂ ਹਵਾਵਾਂ ਨਾਲ ਅਮਫਾਨ ਨੇ ਕੱਲ ਉੜੀਸ਼ਾ ਅਤੇ ਪੱਛਮੀ ਬੰਗਾਲ ਦੇ ਤੱਟਵਰਤੀ ਇਲਾਕਿਆਂ ਅੰਦਰ ਭਾਰੀ ਤਬਾਹੀ ਮਚਾ ਦਿੱਤੀ ਸੀ। ਜਿਸ ਨਾਲ ਇਹ ਦੋ ਦਹਾਕਿਆਂ ਬਾਅਦ ਬੰਗਾਲ ਦੀ ਖਾੜੀ ਉੱਤੇ ਬਣਨ ਵਾਲਾ ਸਭ ਤੋਂ ਸ਼ਕਤੀਸ਼ਾਲੀ ਚੱਕਰਵਾਤ ਬਣ ਗਿਆ। ਇਸ ਨਾਲ ਪੱਛਮੀ ਬੰਗਾਲ ਵਿਚ 12 ਲੋਕਾਂ ਦੀ ਮੌਤ ਹੋ ਗਈ ਹੈ ਅਤੇ ਵੱਡੀ ਮਾਤਰਾ ਵਿਚ ਮਾਲੀ ਨੁਕਸਾਨ ਹੋਇਆ। ਕੋਲਕਾਤਾ, ਹੁਗਲੀ, ਉੱਤਰੀ ਅਤੇ ਦੱਖਣੀ 24 ਪਰਗਣਾ ਦੇ ਇਲਾਕਿਆਂ ਵਿਚ ਭਾਰੀ ਕਹਿਰ ਵਾਪਰਣ ਦੀਆਂ ਖ਼ਬਰਾਂ ਹਨ।ਉੜੀਸਾ ਤੋਂ ਅਜੇ ਤੱਕ ਕਿਸੇ ਵੀ ਜਾਨੀ ਨੁਕਸਾਨ ਦੀ ਖ਼ਬਰ ਨਹੀਂ ਹੈ।

ਚੱਕਰਵਾਤ ਆਉਣ ਤੋਂ ਪਹਿਲਾਂ ਪੱਛਮੀ ਬੰਗਾਲ ਅਤੇ ਉੜੀਸਾ ਦੇ ਤੱਟਵਰਤੀ ਇਲਾਕਿਆਂ ਵਿਚੋਂ ਕਰੀਬ  6.58 ਲੱਖ ਲੋਕਾਂ ਨੂੰ ਬਾਹਰ ਕੱਢ ਕੇ ਸੁਰਖਿਅਤ ਥਾਵਾਂ ਤੇ ਪਹੁੰਚਾਇਆ ਗਿਆ। ਐਨਡੀਆਰਐਫ ਦੇ ਮੁਖੀ ਐਸ.ਐਨ.ਪ੍ਰਧਾਨ ਨੇ ਦੱਸਿਆ ਕਿ ਪੱਛਮੀ ਬੰਗਾਲ ਵਿਚੋਂ 5 ਲੱਖ ਅਤੇ ਉੜੀਸਾ ਵਿਚੋਂ  1.58 ਲੋਕਾਂ ਨੂੰ ਬਾਹਰ ਕੱਢਿਆ ਗਿਆ ਹੈ ਅਤੇ ਇਸਤੋਂ ਇਲਾਵਾ ਉਹਨਾਂ ਦੀਆਂ ਟੀਮਾਂ ਵਲੋਂ ਸੜਕਾਂ ਦੀ ਸਫਾਈ ਕਰਨ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ।