ਵਿਸ਼ਵ ਸਿਹਤ ਸੰਗਠਨ ਨੇ ਕੋਵਿਡ-19 ਦੀ ਲਾਗ ਵਿਚ ਕਮੀ ਵੇਖਣ ਵਾਲੇ ਮੁਲਕਾਂ ਨੂੰ ‘ਦੂਜੀ ਸਿਖਰ’ ਦੀ ਦਿੱਤੀ ਚੇਤਾਵਨੀ 

ਵਿਸ਼ਵ ਸਿਹਤ ਸੰਗਠਨ (ਡਬਲਯੂ.ਐਚ.ਓ) ਨੇ ਚੇਤਾਵਨੀ ਦਿੱਤੀ ਹੈ ਕਿ ਕੋਵਿਡ-19 ਦੀ ਲਾਗ ਵਿੱਚ ਕਮੀ ਵੇਖਣ ਵਾਲੇ ਮੁਲਕ ਅਜੇ ਵੀ ਦੂਜੀ ਸਿਖਰ ਦਾ ਸਾਹਮਣਾ ਕਰ ਸਕਦੇ ਹਨ, ਜੇਕਰ ਉਨ੍ਹਾਂ ਨੇ ਇਸ ਪ੍ਰਕੋਪ ਨੂੰ ਰੋਕਣ ਲਈ ਉਪਾਅ ਕਰਨ ‘ਤੇ ਧਿਆਨ ਨਹੀਂ ਦਿੱਤਾ।
ਬੀਤੇ ਦਿਨੀਂ ਮੀਡੀਆ ਬ੍ਰੀਫਿੰਗ ਦੌਰਾਨ ਮਾਈਕ ਰਿਆਨ, ਡਬਲਯੂ.ਐਚ.ਓ. ਦੇ ਸਿਹਤ ਐਮਰਜੈਂਸੀ ਪ੍ਰੋਗਰਾਮ ਦੇ ਕਾਰਜਕਾਰੀ ਨਿਰਦੇਸ਼ਕ ਨੇ ਦੱਸਿਆ ਕਿ ਅਸੀਂ ਵਿਸ਼ਵਵਿਆਪੀ ਪੱਧਰ ‘ਤੇ ਪਹਿਲੇ ਪੜਾਅ ਦੇ ਮੱਧ ‘ਚ ਹਾਂ ਅਤੇ ਅਜੇ ਵੀ ਬਹੁਤ ਸਾਰੇ ਪੜਾਅ ਬਾਕੀ ਹਨ, ਜਿੱਥੇ ਇਹ ਬਿਮਾਰੀ ਆਪਣੀ ਪਹੁੰਚ ਬਣਾ ਸਕਦੀ ਹੈ।
ਰਿਆਨ ਨੇ ਚੇਤਾਵਨੀ ਦਿੰਦਿਆਂ ਕਿਹਾ ਕਿ ਇਸ ਵਾਇਰਸ ਦੀ ਦੂਜੀ ਸਿਖਰ ਆਮ ਇਨਫਲੂਐਂਜ਼ਾ ਦੇ ਮੌਸਮ ਦੌਰਾਨ ਹੋ ਸਕਦੀ ਹੈ, ਜੋ ਬਿਮਾਰੀ ਦੇ ਨਿਯੰਤਰਣ ਲਈ ਚੀਜ਼ਾਂ ਨੂੰ ਬਹੁਤ ਜਟਿਲ ਕਰੇਗੀ।
ਉਨ੍ਹਾਂ ਨੇ ਅੱਗੇ ਕਿਹਾ ਕਿ ਯੂਰਪ ਅਤੇ ਉੱਤਰੀ ਅਮਰੀਕਾ ਦੇ ਮੁਲਕਾਂ ਨੂੰ ਜਨਤਕ ਸਿਹਤ ਅਤੇ ਸਮਾਜਿਕ ਉਪਾਅ, ਨਿਗਰਾਨੀ ਉਪਾਅ, ਟੈਸਟਿੰਗ ਉਪਾਅ ਅਤੇ ਇਕ ਵਿਆਪਕ ਰਣਨੀਤੀ ਨੂੰ ਯਕੀਨੀ ਬਣਾਉਣ ਲਈ ਨਿਰੰਤਰ ਕੋਸ਼ਿਸ਼ਾਂ ਜਾਰੀ ਰੱਖਣੀਆਂ ਚਾਹੀਂਦੀਆਂ ਹਨ।