ਪ੍ਰਧਾਨ ਮੰਤਰੀ ਨੇ ਕੋਵਿਡ-19 ਨਾਲ ਲੜਦਿਆਂ ਸਾਵਧਾਨੀ ਵਰਤਣ ਦੀ ਕੀਤੀ ਅਪੀਲ

ਆਲ ਇੰਡੀਆ ਰੇਡੀਓ ‘ਤੇ ਪ੍ਰਸਾਰਿਤ ਮਾਸਿਕ ‘ਮਨ ਕੀ ਬਾਤ’ ਪ੍ਰੋਗਰਾਮ ਵਿੱਚ ਲੋਕਾਂ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਨੇ ਕਿਹਾ ਕਿ ਕੋਰੋਨਾ ਵਾਇਰਸ ਵਿਰੁੱਧ ਲੜਾਈ, ਸਮੂਹਿਕ ਯਤਨਾਂ ਸਦਕਾ ਬਿਹਤਰ ਤਰੀਕੇ ਨਾਲ ਚਲਾਈ ਜਾ ਰਹੀ ਹੈ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਕੋਵਿਡ-19 ਮਹਾਮਾਰੀ ਦੇ ਚੱਲਦਿਆਂ ਭਾਵੇਂ ਭਾਰਤ ਵਿੱਚ ਬਹੁਤ ਸਾਰੀਆਂ ਆਰਥਿਕ ਗਤੀਵਿਧੀਆਂ ਸ਼ੁਰੂ ਹੋ ਗਈਆਂ ਹਨ ਪਰ ਹਾਲੇ ਵੀ ਸਾਨੂੰ ਵਧੇਰੇ ਸੁਚੇਤ ਅਤੇ ਸਾਵਧਾਨ ਰਹਿਣ ਦੀ ਲੋੜ ਹੈ।

ਪ੍ਰਧਾਨ ਮੰਤਰੀ ਨੇ ਕਿਹਾ ਕਿ 200 ਰੇਲ ਸੇਵਾਵਾਂ ਲੋੜੀਂਦੇ ਸਾਵਧਾਨੀ ਉਪਾਵਾਂ ਨਾਲ ਮੁੜ ਸ਼ੁਰੂ ਹੋਈਆਂ ਹਨ। ਉਨ੍ਹਾਂ ਨੇ ਕਿਹਾ ਕਿ ਹਵਾਈ ਸੇਵਾਵਾਂ ਵੀ ਮੁੜ ਸ਼ੁਰੂ ਹੋ ਗਈਆਂ ਹਨ ਅਤੇ ਉਦਯੋਗ ਵੀ ਹੌਲੀ-ਹੌਲੀ ਸ਼ੁਰੂ ਹੋ ਰਹੇ ਹਨ। ਉਨ੍ਹਾਂ ਨੇ ਜ਼ੋਰ ਦਿੰਦਿਆਂ ਕਿਹਾ ਕਿ ਇਸ ਸਭ ਦੇ ਚੱਲਦਿਆਂ ਸਾਨੂੰ ਕੋਈ ਢਿੱਲ ਨਹੀਂ ਵਰਤਣੀ ਚਾਹੀਦੀ। ਇਸ ਦੇ ਨਾਲ ਹੀ ਉਨ੍ਹਾਂ ਲੋਕਾਂ ਨੂੰ ਦੋ ਗਜ਼ ਦੂਰੀ ਬਣਾਈ ਰੱਖਣ, ਚਿਹਰੇ ‘ਤੇ ਮਾਸਕ ਪਹਿਨਣ ਅਤੇ ਜਿੰਨਾ ਹੋ ਸਕੇ ਘਰ ਵਿੱਚ ਹੀ ਰਹਿਣ ਦੀ ਅਪੀਲ ਕੀਤੀ। ਸ਼੍ਰੀ ਮੋਦੀ ਨੇ ਜ਼ੋਰ ਦੇ ਕੇ ਕਿਹਾ ਕਿ ਇਸ ਮਹਾਮਾਰੀ ਖਿਲਾਫ਼ ਛੇੜੀ ਲੜਾਈ ਵਿੱਚ ਦੇਸ਼ ਨੇ ਬਹੁਤ ਸਾਰੀਆਂ ਮੁਸ਼ਕਿਲਾਂ ਸਹਿਣ ਕੀਤੀਆਂ ਹਨ ਤੇ ਸਾਨੂੰ ਇਸ ਸਾਰੀ ਮਿਹਨਤ ਨੂੰ ਅਜਾਈਂ ਨਹੀਂ ਗੁਆਉਣਾ ਚਾਹੀਦਾ।

ਪ੍ਰਧਾਨ ਮੰਤਰੀ ਨੇ ਇਸ ਮਹਾਮਾਰੀ ਦੌਰਾਨ ਲੋਕਾਂ ਦੁਆਰਾ ਦਰਸਾਈ ਸੇਵਾ ਦੀ ਭਾਵਨਾ ਦੀ ਸ਼ਲਾਘਾ ਕੀਤੀ ਅਤੇ ਇਸ ਨੂੰ ਸਭ ਤੋਂ ਵੱਡੀ ਤਾਕਤ ਦੱਸਿਆ। ਉਨ੍ਹਾਂ ਨੇ ਕਿਹਾ ਕਿ ਅਸੀਂ ‘ਸੇਵਾ ਪਰਮੋ ਧਰਮ’ ਦੇ ਸੰਕਲਪ ਤੋਂ ਚੰਗੀ ਤਰ੍ਹਾਂ ਵਾਕਿਫ ਹਾਂ, ਸੇਵਾ ਆਪਣੇ ਆਪ ਵਿੱਚ ਇਕ ਆਨੰਦ ਹੈ। ਦੇਸ਼ ਭਰ ਦੇ ਚਿਕਿਤਸਾ ਕਰਮਚਾਰੀਆਂ ਲਈ ਡੂੰਘੇ ਆਦਰ ਨੂੰ ਜ਼ਾਹਿਰ ਕਰਦਿਆਂ ਪ੍ਰਧਾਨ ਮੰਤਰੀ ਨੇ ਦੇਸ਼ ਦੇ ਡਾਕਟਰਾਂ, ਨਰਸਿੰਗ ਸਟਾਫ, ਸਫਾਈ ਕਰਮਚਾਰੀਆਂ, ਪੁਲਿਸ ਕਰਮਚਾਰੀਆਂ ਅਤੇ ਮੀਡੀਆ ਦੇ ਲੋਕਾਂ ਦੀ ਸੇਵਾ ਭਾਵਨਾ ਦੀ ਸ਼ਲਾਘਾ ਕੀਤੀ। ਉਨ੍ਹਾਂ ਇਸ ਸੰਕਟ ਦੌਰਾਨ ਮਹਿਲਾ ਸਵੈ-ਸਹਾਇਤਾ ਸਮੂਹਾਂ ਦੇ ਸ਼ਾਨਦਾਰ ਕੰਮ ਦੀ ਵੀ ਸ਼ਲਾਘਾ ਕੀਤੀ।

ਕਾਬਿਲੇਗੌਰ ਹੈ ਕਿ ਉਨ੍ਹਾਂ ਨੇ ਤਾਮਿਲਨਾਡੂ ਦੇ ਕੇ.ਸੀ. ਮੋਹਨ, ਅਗਰਤਲਾ ਦੇ ਗੌਤਮ ਦਾਸ, ਪਠਾਨਕੋਟ ਦੇ ਦਿਵਯਾਂਗ ਰਾਜੂ ਵਰਗੇ ਆਮ ਦੇਸ਼ ਵਾਸੀਆਂ ਦੀਆਂ ਉਦਾਹਰਣਾਂ ਦਾ ਹਵਾਲਾ ਦਿੱਤਾ, ਜੋ ਆਪਣੇ ਸੀਮਤ ਸਰੋਤਾਂ ਦੇ ਬਾਵਜੂਦ ਵੀ ਇਸ ਸੰਕਟ ਦੇ ਸਮੇਂ ਦੂਜਿਆਂ ਦੀ ਸਹਾਇਤਾ ਲਈ ਅੱਗੇ ਆਏ। ਉਨ੍ਹਾਂ ਨੇ ਅੱਗੇ ਕਿਹਾ ਕਿ ਇਸ ਸੰਕਟ ਦੀ ਸਥਿਤੀ ਵਿੱਚ ਦੇਸ਼ ਦੇ ਕੋਨੇ-ਕੋਨੇ ਤੋਂ ਮਹਿਲਾ ਸਵੈ-ਸਹਾਇਤਾ ਸਮੂਹਾਂ ਦੁਆਰਾ ਸਮਾਜ ਲਈ ਕੀਤੇ ਗਏ ਅਨੇਕਾਂ ਕਾਰਜਾਂ ਦੀਆਂ ਗੱਲਾਂ ਉੱਭਰ ਕੇ ਸਾਹਮਣੇ ਆ ਰਹੀਆਂ ਹਨ।

ਸ਼੍ਰੀ ਮੋਦੀ ਨੇ ਇਸ ਮਹਾਮਾਰੀ ਨਾਲ ਨਜਿੱਠਣ ਲਈ ਬਹੁਤ ਸਰਗਰਮ ਭੂਮਿਕਾ ਨਿਭਾਉਣ ਵਾਲੇ ਵਿਅਕਤੀਆਂ ਦੇ ਯਤਨਾਂ ਦੀ ਸ਼ਲਾਘਾ ਵੀ ਕੀਤੀ। ਉਨ੍ਹਾਂ ਨੇ ਨਾਸਿਕ ਦੇ ਰਾਜੇਂਦਰ ਯਾਦਵ ਦੀ ਮਿਸਾਲ ਦਿੱਤੀ, ਜਿਸ ਨੇ ਆਪਣੇ ਟਰੈਕਟਰ ਨਾਲ ਜੁੜੀ ਇੱਕ ਸਵੱਛਤਾ ਮਸ਼ੀਨ ਤਿਆਰ ਕੀਤੀ। ਬਹੁਤ ਸਾਰੇ ਦੁਕਾਨਦਾਰਾਂ ਨੇ ‘ਦੋ ਗਜ਼ ਦੀ ਦੂਰੀ’ ਦੇ ਨੇਮਾਂ ਦੀ ਪਾਲਣਾ ਕਰਨ ਲਈ ਆਪਣੀਆਂ ਦੁਕਾਨਾਂ ਵਿੱਚ ਵੱਡੀਆਂ ਪਾਈਪ ਲਾਈਨਾਂ ਲਗਾਈਆਂ ਹਨ।

ਮਹਾਮਾਰੀ ਨਾਲ ਜੂਝ ਰਹੇ ਲੋਕਾਂ ਨਾਲ ਆਪਣਾ ਦੁੱਖ ਸਾਂਝਾ ਕਰਦੇ ਹੋਇਆਂ ਪ੍ਰਧਾਨ ਮੰਤਰੀ ਨੇ ਕਿਹਾ, ਕੋਰੋਨਾ ਵਾਇਰਸ ਨੇ ਦੱਬੇ-ਕੁਚਲੇ ਲੋਕਾਂ ਅਤੇ ਮਜ਼ਦੂਰਾਂ ਨੂੰ ਸਭ ਤੋਂ ਵੱਧ ਪ੍ਰੇਸ਼ਾਨ ਕੀਤਾ ਹੈ। ਕੇਂਦਰ, ਰਾਜ ਸਰਕਾਰਾਂ, ਹਰੇਕ ਵਿਭਾਗ ਅਤੇ ਸੰਸਥਾ ਪੂਰੀ ਤਾਕਤ ਨਾਲ ਰਾਹਤ ਕਾਰਜਾਂ ਲਈ ਮਿਲ ਕੇ ਕੰਮ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਸਾਰਾ ਦੇਸ਼ ਸਮਝਦਾ ਹੈ ਅਤੇ ਮਹਿਸੂਸ ਕਰਦਾ ਹੈ ਕਿ ਉਨ੍ਹਾਂ ਤੇ ਕੀ ਬੀਤ ਰਿਹਾ ਹੈ ਅਤੇ ਕੇਂਦਰ, ਰਾਜਾਂ ਤੋਂ ਲੈ ਕੇ ਸਥਾਨਕ ਪ੍ਰਸ਼ਾਸਨਿਕ ਸੰਸਥਾਵਾਂ ਤਕ ਹਰ ਕੋਈ ਇਸ ਦਿਸ਼ਾ ਵਿੱਚ ਅਣਥੱਕ ਉਪਰਾਲੇ ਕਰ ਰਹੇ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸਰਕਾਰ ਨੇ ਇਸ ਦਿਸ਼ਾ ਵਿੱਚ ਕਈ ਕਦਮ ਚੁੱਕੇ ਹਨ। ਉਨ੍ਹਾਂ ਕਿਹਾ ਕਿ ਕੇਂਦਰ ਵੱਲੋਂ ਲਏ ਗਏ ਤਾਜ਼ਾ ਫੈਸਲਿਆਂ ਨੇ ਪਿੰਡ ਦੇ ਰੁਜ਼ਗਾਰ, ਸਵੈ-ਰੁਜ਼ਗਾਰ ਅਤੇ ਛੋਟੇ ਉਦਯੋਗਾਂ ਦੀਆਂ ਵੱਡੀਆਂ ਸੰਭਾਵਨਾਵਾਂ ਖੋਲ੍ਹ ਦਿੱਤੀਆਂ ਹਨ। ਉਨ੍ਹਾਂ ਭਰੋਸਾ ਜਤਾਇਆ ਕਿ ‘ਆਤਮ-ਨਿਰਭਰ ਭਾਰਤ’ ਮੁਹਿੰਮ ਇਸ ਦਹਾਕੇ ਵਿਚ ਦੇਸ਼ ਨੂੰ ਹੋਰ ਉੱਚਾਈਆਂ ‘ਤੇ ਲੈ ਜਾਵੇਗੀ।

ਇਸ ਦੌਰਾਨ ਪ੍ਰਧਾਨ ਮੰਤਰੀ ਨੇ ਇਹ ਵੀ ਕਿਹਾ ਕਿ ਵਰਤਮਾਨ ਕੋਰੋਨਾ ਮਹਾਮਾਰੀ ਦੌਰਾਨ ਹਰ ਜਗ੍ਹਾ ਲੋਕ ‘ਯੋਗਾ’ ਅਤੇ ‘ਆਯੁਰਵੇਦ’ ਬਾਰੇ ਜਾਣਨਾ ਚਾਹੁੰਦੇ ਹਨ ਅਤੇ ਇਸ ਨੂੰ ਜੀਵਨ ਢੰਗ ਦੇ ਤੌਰ ਤੇ ਅਪਣਾਉਣਾ ਚਾਹੁੰਦੇ ਹਨ। ਉਨ੍ਹਾਂ ਨੇ ਯੋਗ ਨੂੰ “ਕਮਿਊਨਿਟੀ, ਇਮਿਊਨਿਟੀ ਅਤੇ ਯੂਨਿਟੀ” ਦੇ ਸੰਦਰਭ ਵਿੱਚ ਉਜਾਗਰ ਕੀਤਾ। ਉਨ੍ਹਾਂ ਕਿਹਾ ਕਿ ਮੌਜੂਦਾ ਕੋਰੋਨਾ ਮਹਾਮਾਰੀ ਦੌਰਾਨ ਯੋਗਾ ਵਧੇਰੇ ਮਹੱਤਵਪੂਰਨ ਹੋ ਗਿਆ ਹੈ ਕਿਉਂਕਿ ਇਹ ਵਾਇਰਸ ਸਾਹ-ਪ੍ਰਣਾਲੀ ਨੂੰ ਪ੍ਰਭਾਵਿਤ ਕਰਦਾ ਹੈ ਤੇ ਯੋਗਾ ਵਿੱਚ ਬਹੁਤ ਸਾਰੀਆਂ ਕਿਸਮਾਂ ਦੇ ਪ੍ਰਾਣਾਯਾਮ ਹਨ ਜੋ ਸਾਹ-ਪ੍ਰਣਾਲੀ ਨੂੰ ਮਜ਼ਬੂਤ ਕਰਦੇ ਹਨ ਅਤੇ ਇਸ ਦੇ ਲਾਭਕਾਰੀ ਪ੍ਰਭਾਵ ਲੰਮੇ ਸਮੇਂ ਤੋਂ ਦੇਖੇ ਜਾ ਰਹੇ ਹਨ।

ਪ੍ਰਧਾਨ ਮੰਤਰੀ ਨੇ ਮਹਾਮਾਰੀ ਦਾ ਮੁਕਾਬਲਾ ਕਰਨ ਵਿੱਚ ਸਰਕਾਰ ਦੇ ਕੀਤੇ ਯਤਨਾਂ ਦੀ ਸ਼ਲਾਘਾ ਕੀਤੀ ਅਤੇ ਇਸ ਗੱਲ ਨੂੰ ਸਾਂਝਾ ਕਰਦਿਆਂ ਮਾਣ ਮਹਿਸੂਸ ਕੀਤਾ ਕਿ ‘ਆਯੁਸ਼ਮਾਨ ਭਾਰਤ’ ਯੋਜਨਾ ਦੇ ਲਾਭਪਾਤਰੀ ਇੱਕ ਕਰੋੜ ਤੋਂ ਵੀ ਵੱਧ ਹੋ ਗਏ ਹਨ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਇੱਕ ਪਾਸੇ ਤਾਂ ਅਸੀਂ ਕੋਰੋਨਾ ਵਾਇਰਸ ਨਾਲ ਲੜ ਰਹੇ ਸੀ ਅਤੇ ਉਸੇ ਵੇਲੇ ਚੱਕਰਵਾਤੀ ਤੂਫਾਨ ਅਮਫਾਨ ਵਰਗੀਆਂ ਆਫਤਾਂ ਦਾ ਸਾਹਮਣਾ ਵੀ ਕਰਨਾ ਪਿਆ। ਉਨ੍ਹਾਂ ਨੇ ਸੁਪਰ ਚੱਕਰਵਾਤੀ ਤੂਫਾਨ ਅਮਫਾਨ ਦਾ ਮੁਕਾਬਲਾ ਕਰਨ ਲਈ ਪੱਛਮੀ ਬੰਗਾਲ ਅਤੇ ਓਡੀਸ਼ਾ ਦੇ ਲੋਕਾਂ ਦੇ ਹੌਂਸਲੇ ਦੀ ਪ੍ਰਸੰਸਾ ਕੀਤੀ। ਉਨ੍ਹਾਂ ਨੇ ਰਾਜਾਂ ਵਿੱਚ ਟਿੱਡੀਆਂ ਦੇ ਹਮਲਿਆਂ ਦਾ ਸਾਹਮਣਾ ਕਰ ਰਹੇ ਕਿਸਾਨਾਂ ਦੇ ਹੋਏ ਨੁਕਸਾਨ ਬਾਰੇ ਹਮਦਰਦੀ ਵੀ ਜਤਾਈ। ਉਨ੍ਹਾਂ ਨੇ ਕਿਹਾ ਕਿ ਜਿਸ ਔਕੜ ਦਾ ਸਾਹਮਣਾ ਉਨ੍ਹਾਂ ਨੇ ਕੀਤਾ ਅਤੇ ਜਿਸ ਢੰਗ ਨਾਲ ਉਨ੍ਹਾਂ ਨੇ ਆਪਣੀ ਹਿੰਮਤ ਅਤੇ ਦ੍ਰਿੜ੍ਹਤਾ ਦਿਖਾਈ, ਉਹ ਵਾਕਈ ਸ਼ਲਾਘਾਯੋਗ ਹੈ।

ਪ੍ਰਧਾਨ ਮੰਤਰੀ ਨੇ ਅਜੋਕੀ ਪੀੜ੍ਹੀ ਨੂੰ ਪਾਣੀ ਦੀ ਬੱਚਤ ਕਰਨ ਦੀ ਆਪਣੀ ਜ਼ਿੰਮੇਵਾਰੀ ਨੂੰ ਸਮਝਣ ਦੀ ਲੋੜ ‘ਤੇ ਜ਼ੋਰ ਦਿੱਤਾ। ਉਨ੍ਹਾਂ ਮੀਂਹ ਦੇ ਪਾਣੀ ਨੂੰ ਬਚਾਉਣ ਦੀ ਲੋੜ ‘ਤੇ ਜ਼ੋਰ ਦਿੱਤਾ ਅਤੇ ਕਿਹਾ ਕਿ ਹਰ ਕਿਸੇ ਨੂੰ ਪਾਣੀ ਦੀ ਸੰਭਾਲ ਲਈ ਕੋਸ਼ਿਸ਼ ਕਰਨੀ ਚਾਹੀਦੀ ਹੈ। ਉਨ੍ਹਾਂ ਨੇ ਦੇਸ਼ ਵਾਸੀਆਂ ਨੂੰ ਵਾਤਾਵਰਣ ਨਾਲ ਮੇਲ-ਜੋਲ ਸਥਾਪਿਤ ਕਰਨ ਲਈ ਵੱਧ ਤੋਂ ਵੱਧ ਰੁੱਖ ਲਾਉਣ ਦੀ ਅਪੀਲ ਵੀ ਕੀਤੀ। ਉਨ੍ਹਾਂ ਕਿਹਾ ਕਿ ਲੌਕਡਾਊਨ ਨੇ ਜ਼ਿੰਦਗੀ ਦੀ ਤੌਰ ਨੂੰ ਹੌਲਾ ਤਾਂ ਜ਼ਰੂਰ ਕੀਤਾ ਹੈ ਪਰ ਇਸ ਨੇ ਕੁਦਰਤ ਨੂੰ ਸਹੀ ਢੰਗ ਨਾਲ ਦੇਖਣ ਦਾ ਇੱਕ ਮੌਕਾ ਵੀ ਦਿੱਤਾ ਹੈ, ਖਾਸ ਕਰਕੇ ਜੰਗਲੀ ਜਾਨਵਰ ਵਧੇਰੇ ਤੌਰ ਤੇ ਬਾਹਰ ਨਿਕਲ ਕੇ ਸਾਹਮਣੇ ਆ ਰਹੇ ਹਨ।

ਸਕ੍ਰਿਪਟ: ਕੌਸ਼ਿਕ ਰਾਏਖ਼ਬਰ ਵਿਸ਼ਲੇਸ਼ਕ, ਆਕਾਸ਼ਵਾਣੀ