01.06.2020 ਸੁਰਖੀਆਂ

1) ਭਾਰਤ ਵਿੱਚ ਬੀਤੇ 24 ਘੰਟਿਆਂ ਦੌਰਾਨ 91819 ਲੋਕ ਕੋਵਿਡ-19 ਤੋਂ ਹੋਏ ਠੀਕ। ਠੀਕ ਹੋਣ ਦੀ ਦਰ ਹੁਣ 47.7% ਹੈ। ਤਾਮਿਲਨਾਡੂ, ਰਾਜਸਥਾਨ, ਉੱਤਰ ਪ੍ਰਦੇਸ਼ ਅਤੇ ਮੱਧ ਪ੍ਰਦੇਸ਼ ਰਾਜਾਂ ਵਿੱਚ ਹੁਣ ਸੰਕ੍ਰਮਿਤ ਮਰੀਜ਼ਾਂ ਨਾਲੋਂ ਠੀਕ ਹੋਏ ਮਰੀਜਾਂ ਦੀ ਤਾਦਾਦ ਜ਼ਿਆਦਾ ਹੈ।

2) ਅੱਜ ਤੋਂ ਅਨਲੌਕ-1 ਦੀ ਘੋਸ਼ਣਾ ਦੇ ਨਾਲ, ਰੇਲ, ਸੜਕ ਅਤੇ ਹਵਾਈ ਸੇਵਾਵਾਂ ਨੂੰ ਸੀਮਤ ਮਾਤਰਾ ਵਿੱਚ ਬਹਾਲ ਕੀਤਾ ਗਿਆ ਹੈ। ਢੁਕਵੀਂ ਸਮਾਜਿਕ ਦੂਰੀ ਦੇ ਨੇਮਾਂ ਦੀ ਪਾਲਣਾ ਕਰਨ ਦੀ ਸ਼ਰਤ ਤੇ ਬਹੁਤ ਸਾਰੇ ਰਾਜਾਂ ਵਿੱਚ ਦੁਕਾਨਾਂ ਅਤੇ ਬਾਜ਼ਾਰ ਖੁੱਲ੍ਹ ਗਏ ਹਨ।

3) ਮਹਾਰਾਸ਼ਟਰ ਵਿੱਚ ਤਾਲਾਬੰਦੀ ਨੂੰ 30 ਜੂਨ ਤੱਕ ਵਧਾ ਦਿੱਤਾ ਗਿਆ ਹੈ। ਕੰਟੇਨਮੈਂਟ ਜ਼ੋਨ ਵਾਲੇ ਇਲਾਕਿਆਂ ਤੋਂ ਇਲਾਵਾ ਬਾਕੀ ਥਾਵਾਂ ਤੇ ਦੁਕਾਨਾਂ ਅਤੇ ਦਫ਼ਤਰ ਖੁੱਲ੍ਹ ਗਏ ਹਨ। ਗੈਰ-ਕੰਟੇਨਮੈਂਟ ਵਾਲੇ ਖੇਤਰਾਂ ਵਿੱਚ ਫਿਲਮਾਂ ਅਤੇ ਟੈਲੀਵਿਜ਼ਨ ਸ਼ੂਟਿੰਗ ਨੂੰ ਵੀ ਇਜਾਜ਼ਤ ਦਿੱਤੀ ਗਈ ਹੈ।

4) ਪਾਕਿਸਤਾਨ ਹਾਈ ਕਮਿਸ਼ਨ ਦੇ ਵੀਜ਼ਾ ਵਿਭਾਗ ਵਿੱਚ ਕੰਮ ਕਰ ਰਹੇ 2 ਪਾਕਿਸਤਾਨੀ ਜਾਸੂਸਾਂ ਨੂੰ ਜਾਸੂਸੀ ਦੇ ਇਲਜ਼ਾਮ ਤਹਿਤ ਦਿੱਲੀ ਪੁਲਿਸ ਨੇ ਦਬੋਚਿਆ। ਦੋਵਾਂ ਨੂੰ ਭਾਰਤ ਤੋਂ ਵਾਪਸ ਜਾਣ ਦਾ ਹੁਕਮ ਦਿੱਤਾ ਗਿਆ ਹੈ।

5) ਭਾਰਤੀ ਰੇਲਵੇ ਦੇਸ਼ ਵਿੱਚ ਰੇਲ ਸੇਵਾਵਾਂ ਨੂੰ ਮੁੜ ਬਹਾਲ ਕਰਨ ਲਈ ਕਈ ਉਪਰਾਲੇ ਕਰ ਰਿਹਾ ਹੈ। ਕਈ ਰਾਜਾਂ ਨੇ ਕੁਝ ਚਿੰਤਾਵਾਂ ਜ਼ਾਹਿਰ ਕੀਤੀਆਂ ਹਨ, ਜਿਨ੍ਹਾਂ ਬਾਰੇ ਰੇਲਵੇ ਵਿਚਾਰ ਕਰ ਰਿਹਾ ਹੈ। ਰੇਲਵੇ ਬੋਰਡ ਦਾ ਕਹਿਣਾ ਹੈ ਕਿ ਆਮ ਰੇਲ ਸੇਵਾਵਾਂ ਨੂੰ ਮੁੜ ਚਾਲੂ ਕਰਨ ਤੋਂ ਪਹਿਲਾਂ ਯਾਤਰੀਆਂ ਦੀ ਸਿਹਤ ਅਤੇ ਸੁਰੱਖਿਆ ਨੂੰ ਧਿਆਨ ਵਿਚ ਰੱਖਿਆ ਜਾਵੇਗਾ।

6) ਅਮਰੀਕਾ ਦੇ ਰਾਸ਼ਟਰਪਤੀ ਦਾ ਕਹਿਣਾ ਹੈ ਕਿ ਜੀ-7 ਇੱਕ ਪੁਰਾਣੀ ਸੰਸਥਾ ਬਣ ਗਈ ਹੈ। ਉਨ੍ਹਾਂ ਕਿਹਾ ਕਿ ਭਾਰਤ, ਆਸਟਰੇਲੀਆ, ਦੱਖਣੀ ਕੋਰੀਆ ਅਤੇ ਰੂਸ ਵਰਗੇ ਦੇਸ਼ ਇਸ ਗਰੁੱਪ ਦਾ ਹਿੱਸਾ ਹੋਣੇ ਚਾਹੀਦੇ ਹਨ। ਸ਼੍ਰੀ ਟਰੰਪ ਨੇ ਇਸ ਤੋਂ ਪਹਿਲਾਂ ਸਾਲਾਨਾ ਜੀ-7 ਸੰਮੇਲਨ ਨੂੰ ਸਤੰਬਰ ਤੱਕ ਮੁਲਤਵੀ ਕਰ ਦਿੱਤਾ ਸੀ।

7) ਫਿਲੀਪੀਨ ਦੀ ਰਾਜਧਾਨੀ ਮਨੀਲਾ ਵਿੱਚ ਮਾਰਚ ਦੇ ਅੱਧ ਵਿੱਚ ਲਗਾਈ ਗਈ ਤਾਲਾਬੰਦੀ ਖ਼ਤਮ ਕੀਤੀ, ਹਾਲਾਂਕਿ, ਕੁਝ ਪਾਬੰਦੀਆਂ ਜਾਰੀ ਰਹਿਣਗੀਆਂ।

8) ਮੈਕਸੀਕੋ ਨੇ ਉਦਯੋਗਾਂ ਨੂੰ ਦੁਬਾਰਾ ਖੋਲ੍ਹਣ ਦੀ ਆਗਿਆ ਦਿੱਤੀ ਹੈ। ਲੈਟਿਨ ਅਮਰੀਕੀ ਦੇਸ਼ ਵਿੱਚ ਇਕ ਮਿਲੀਅਨ ਨੌਕਰੀਆਂ ਖ਼ਤਮ ਹੋ ਗਈਆਂ ਹਨ। ਇਸ ਸਾਲ ਇਸ ਦੀ ਆਰਥਿਕਤਾ 9 ਫੀਸਦੀ ਘੱਟ ਸਕਦੀ ਹੈ।

9) ਅਮਰੀਕਾ ਵਿੱਚ ਇਕ ਕਾਲੇ ਵਿਅਕਤੀ ਦੀ ਹੱਤਿਆ ਦੇ ਵਿਰੋਧ ਵਿੱਚ ਹੋ ਰਿਹਾ ਪ੍ਰਦਰਸ਼ਨ 40 ਸ਼ਹਿਰਾਂ ਤੱਕ ਫੈਲ ਚੁੱਕਾ ਹੈ। ਵ੍ਹਾਈਟ ਹਾਊਸ ਦੇ ਸਾਹਮਣੇ ਵੀ ਪ੍ਰਦਰਸ਼ਨ ਹੋਏ ਹਨ। ਕਈ ਥਾਵਾਂ ‘ਤੇ ਰਾਤ ਦਾ ਕਰਫਿਊ ਲਾਉਣਾ ਪਿਆ ਹੈ।

10) ਡਬਲਿਊ.ਐੱਚ.ਓ. ਤੋਂ ਪਿੱਛੇ ਹਟਣ ਤੋਂ ਕੁਝ ਦਿਨ ਬਾਅਦ ਅਮਰੀਕਾ ਦਾ ਕਹਿਣਾ ਹੈ ਕਿ ਜੇ ਇਸ ਵਿੱਚ ਸੁਧਾਰ ਲਿਆਂਦਾ ਜਾਵੇ ਤਾਂ ਉਹ ਇਸ ਵਿਸ਼ਵੀ ਸੰਗਠਨ ਵਿੱਚ ਮੁੜ ਸ਼ਾਮਿਲ ਹੋ ਸਕਦਾ ਹੈ।