ਅਮਰੀਕੀ ਰਾਸ਼ਟਰਪਤੀ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਜੀ-7 ਸੰਮੇਲਨ ਵਿੱਚ ਸ਼ਾਮਿਲ ਹੋਣ ਲਈ ਦਿੱਤਾ ਸੱਦਾ; ਕੋਵਿਡ-19 ਤੋਂ ਬਾਅਦ ਬਣੇ ਹਾਲਾਤ ਬਾਰੇ ਵੀ ਕੀਤੀ ਚਰਚਾ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਵਿਚਕਾਰ ਟੈਲੀਫੋਨ ਰਾਹੀਂ ਗੱਲਬਾਤ ਹੋਈ। ਇਸ ਗੱਲਬਾਤ ਦੌਰਾਨ ਅਮਰੀਕਾ ਦੇ ਰਾਸ਼ਟਰਪਤੀ ਨੇ ਪ੍ਰਧਾਨ ਮੰਤਰੀ ਮੋਦੀ ਨਾਲ ਜੀ-7 ਸੰਮੇਲਨ, ਕੋਵਿਡ-19 ਮਹਾਮਾਰੀ ਅਤੇ ਹੋਰ ਬਹੁਤ ਸਾਰੇ ਮੁੱਦਿਆਂ ਬਾਰੇ ਵਿਚਾਰ-ਵਟਾਂਦਰਾ ਕੀਤਾ।

ਗੌਰਤਲਬ ਹੈ ਕਿ ਰਾਸ਼ਟਰਪਤੀ ਟਰੰਪ ਨੇ ਭਾਰਤ ਨੂੰ ‘ਗਰੁੱਪ ਆਫ ਸੈਵਨ’ ਵਿੱਚ ਸ਼ਾਮਿਲ ਕਰਨ ਦੀ ਇੱਛਾ ਜ਼ਾਹਿਰ ਕੀਤੀ ਹੈ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਮਰੀਕਾ ਵਿੱਚ ਹੋਣ ਵਾਲੇ ਅਗਲੇ ਜੀ-7 ਸੰਮੇਲਨ ਵਿੱਚ ਸ਼ਾਮਿਲ ਹੋਣ ਦਾ ਸੱਦਾ ਦਿੱਤਾ ਹੈ।

ਪ੍ਰਧਾਨ ਮੰਤਰੀ ਮੋਦੀ ਨੇ ਇਸ ਤੱਥ ਨੂੰ ਸਾਹਮਣੇ ਰੱਖਦਿਆਂ ਰਾਸ਼ਟਰਪਤੀ ਟਰੰਪ ਦੀ ਸ਼ਲਾਘਾ ਕੀਤੀ ਕਿ ਕੋਵਿਡ ਮਹਾਮਾਰੀ ਤੋਂ ਬਾਅਦ ਬਣੇ ਹਾਲਾਤ ਅਤੇ ਹਕੀਕਤਾਂ ਦੇ ਮੱਦੇਨਜ਼ਰ ਕਿਸੇ ਪ੍ਰਭਾਵਸ਼ਾਲੀ ਸੰਸਥਾ ਦੇ ਵਿਸਥਾਰ ਬਾਰੇ ਗੱਲ ਕਰਨੀ, ਰਾਸ਼ਟਰਪਤੀ ਟਰੰਪ ਦੀ ਸੋਚ ਅਤੇ ਉਨ੍ਹਾਂ ਦੀ ਦੂਰਅੰਦੇਸ਼ੀ ਦ੍ਰਿਸ਼ਟੀ ਨੂੰ ਹੀ ਦਰਸਾਉਂਦਾ ਹੈ।