ਪ੍ਰਧਾਨ ਮੰਤਰੀ ਮੋਦੀ ਨੇ ਲੋਕਾਂ ਦੀ ਜਾਨ ਬਚਾਉਣ ਅਤੇ ਆਰਥਿਕਤਾ ਨੂੰ ਲੀਹਾਂ ‘ਤੇ ਪਾਉਣ ਲਈ ਸਰਕਾਰ ਦੀ ਵਚਨਬੱਧਤਾ ਨੂੰ ਦੁਹਰਾਇਆ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜ਼ੋਰ ਦੇ ਕੇ ਕਿਹਾ ਹੈ ਕਿ ਕੋਰੋਨਾ ਵਾਇਰਸ ਕਾਰਨ ਅਰਥ ਵਿਵਸਥਾ ਨੂੰ ਭਾਰੀ ਸੱਟ ਵੱਜੀ ਹੈ, ਪਰ ਭਾਰਤ ਹੁਨਰ ਅਤੇ ਤਕਨਾਲੋਜੀ ਦੇ ਜ਼ਰੀਏ ਆਪਣੇ ਵਿਕਾਸ ਦੇ ਟੀਚੇ ਨੂੰ ਮੁੜ ਪ੍ਰਾਪਤ ਕਰ ਲਵੇਗਾ। ਸ਼੍ਰੀ ਮੋਦੀ ਨੇ ਦੇਸ਼ ਨੂੰ ਆਤਮ-ਨਿਰਭਰ ਬਣਾਉਣ ਅਤੇ ਇਸ ਨੂੰ ਵਿਕਾਸ ਦੇ ਰਸਤੇ ’ਤੇ ਵਾਪਸ ਲਿਆਉਣ ਵਾਲੇ ਆਪਣੇ ਦ੍ਰਿਸ਼ਟੀਕੋਣ ਨੂੰ ਜ਼ਾਹਿਰ ਕੀਤਾ।

ਬੀਤੇ ਦਿਨ ਵੀਡੀਓ ਕਾਨਫਰੰਸ ਦੇ ਜ਼ਰੀਏ ਕਨਫੈਡਰੇਸ਼ਨ ਆਫ ਇੰਡੀਅਨ ਇੰਡਸਟਰੀਜ਼ (ਸੀ.ਆਈ.ਆਈ.) ਦੀ 125ਵੀਂ ਵਰ੍ਹੇਗੰਢ ਮੌਕੇ ਇਸ ਦੇ ਸਾਲਾਨਾ ਇਜਲਾਸ ਦੀ ਸ਼ੁਰੂਆਤ ਕਰਦਿਆਂ ਪ੍ਰਧਾਨ ਮੰਤਰੀ ਨੇ ਵਿਕਾਸ ਦੇ ਟੀਚੇ ਨੂੰ ਮੁੜ ਵਾਪਸ ਪ੍ਰਾਪਤ ਕਰਨ ਦੇ ਢੰਗਾਂ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ।

ਗੌਰਤਲਬ ਹੈ ਕਿ ਦੇਸ਼ ਵਿੱਚ ਵਿਆਪਕ ਆਰਥਿਕ ਗਤੀਵਿਧੀਆਂ ਨੂੰ ਸ਼ੁਰੂ ਕਰਨ ਦੇ ਪਹਿਲੇ ਪੜਾਅ ਤੋਂ ਬਾਅਦ ਉਦਯੋਗ ਜਗਤ ਦੇ ਮੈਂਬਰਾਂ ਨਾਲ ਆਪਣੇ ਪਹਿਲੇ ਵੱਡੇ ਸੰਬੋਧਨ ਵਿੱਚ ਪ੍ਰਧਾਨ ਮੰਤਰੀ ਨੇ ਲੋਕਾਂ ਦੀ ਜਾਨ ਬਚਾਉਣ ਅਤੇ ਦੇਸ਼ ਦੀ ਆਰਥਿਕਤਾ ਨੂੰ ਮੁੜ ਤੇਜ਼ੀ ਪ੍ਰਦਾਨ ਕਰਨ ਲਈ ਸਰਕਾਰ ਦੀ ਵਚਨਬੱਧਤਾ ਨੂੰ ਦੁਹਰਾਇਆ। ਇਸ ਦੌਰਾਨ ਉਨ੍ਹਾਂ ਦੇਸ਼ ਦੀ ਸਮਰੱਥਾ ਅਤੇ ਸੰਕਟ ਪ੍ਰਬੰਧਨ ਰਣਨੀਤੀ, ਹੁਨਰ ਅਤੇ ਤਕਨਾਲੋਜੀ ਦੀ ਉਪਲਬਧਤਾ ‘ਤੇ ਜ਼ੋਰ ਦਿੰਦਿਆਂ ਭਰੋਸਾ ਜਤਾਇਆ ਕਿ ਭਾਰਤ ਛੇਤੀ ਹੀ ਆਰਥਿਕਤਾ ਦੇ ਨਵੇਂ ਮੁਕਾਮ ਹਾਸਿਲ ਕਰੇਗਾ।