03.06.2020 ਸੁਰਖੀਆਂ

1) ਦੇਸ਼ ਵਿੱਚ ਕੁੱਲ ਠੀਕ ਹੋਏ ਕੋਵਿਡ-19 ਮਰੀਜ਼ਾਂ ਦੀ ਗਿਣਤੀ ਵੱਧ ਕੇ 1,00,302 ਹੋ ਗਈ ਹੈ। ਬੀਤੇ 24 ਘੰਟਿਆਂ ਦੌਰਾਨ 5076 ਮਰੀਜ਼ ਠੀਕ ਹੋਏ ਹਨ। ਠੀਕ ਹੋਣ ਦੀ ਦਰ ਵੱਧ ਕੇ 49.62 ਫੀਸਦੀ ਹੋ ਗਈ ਹੈ।

2) ਰਾਸ਼ਟਰੀ ਰਾਜਧਾਨੀ ਦਿੱਲੀ ਵਿੱਚ 1298 ਮਾਮਲਿਆਂ ਵਿੱਚ ਵਾਧਾ ਹੋਇਆ ਹੈ। ਹਾਲੇ ਤੱਕ ਦਿੱਲੀ ਵਿੱਚ 9200 ਤੋਂ ਵੱਧ ਮਰੀਜ਼ ਠੀਕ ਹੋਏ ਹਨ।

3) ਚੱਕਰਵਾਤੀ ਤੂਫਾਨ ਨਿਸਰਗ ਦੇ ਕਾਰਨ ਮੁੰਬਈ ਵਿੱਚ ਧਾਰਾ 144 ਲਗਾਈ ਗਈ ਹੈ। 129 ਸਾਲਾਂ ਵਿੱਚ ਇਹ ਪਹਿਲੀ ਵਾਰ ਹੈ ਜਦੋਂ ਕਿਸੇ ਚੱਕਰਵਾਤੀ ਤੂਫਾਨ ਨੇ ਇਥੇ ਦਸਤਕ ਦਿੱਤੀ ਹੈ। ਸਮੁੰਦਰ ਵਿੱਚ ਉੱਚੀਆਂ ਲਹਿਰਾਂ ਉੱਠ ਰਹੀਆਂ ਹਨ। ਸਮੁੰਦਰੀ ਕਿਨਾਰੇ ਦੇ ਨੇੜੇ ਰਹਿਣ ਵਾਲੇ ਲੋਕਾਂ ਨੂੰ ਸੁਰੱਖਿਅਤ ਥਾਵਾਂ ਤੇ ਲਿਜਾਇਆ ਗਿਆ ਹੈ।

4) ਐੱਨ.ਡੀ.ਆਰ.ਐੱਫ., ਐੱਸ.ਡੀ.ਆਰ.ਐੱਫ. ਅਤੇ ਮੁੰਬਈ ਪੁਲਿਸ ਦੀਆਂ ਟੀਮਾਂ ਮਰੀਨ ਡ੍ਰਾਈਵ ਦੇ ਇਲਾਕੇ ਵਿੱਚ ਗਸ਼ਤ ਕਰ ਰਹੀਆਂ ਹਨ ਅਤੇ ਲੋਕਾਂ ਨੂੰ ਸਮੁੰਦਰ ਦੇ ਨੇੜੇ ਜਾਣ ਤੋਂ ਰੋਕਿਆ ਜਾ ਰਿਹਾ ਹੈ। ਮੀਂਹ ਪੈਣ ਕਾਰਨ ਮੁੰਬਈ ਦੇ ਕਈ ਨੀਵੇਂ ਇਲਾਕਿਆਂ ਵਿੱਚ ਪਾਣੀ ਭਰ ਗਿਆ ਹੈ।

5) ਗੁਜਰਾਤ ਦੇ ਸੂਰਤ ਅਤੇ ਵਲਸਾੜ੍ਹ ਸ਼ਹਿਰ ਵੀ ਚੱਕਰਵਾਤੀ ਤੂਫਾਨ ਨਿਸਰਗ ਦੇ ਕਾਰਨ ਹਾਈ ਅਲਰਟ ‘ਤੇ ਹਨ। ਰਾਜ ਦੀਆਂ ਜ਼ਿਆਦਾਤਰ ਥਾਵਾਂ ‘ਤੇ ਲਗਾਤਾਰ ਬਾਰਸ਼ ਹੋ ਰਹੀ ਹੈ। ਸੈਂਕੜੇ ਲੋਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਲਿਜਾਇਆ ਗਿਆ ਹੈ।

6) ਕੇਂਦਰ ਸਰਕਾਰ ਵੱਲੋਂ ਮਹਾਰਾਸ਼ਟਰ ਅਤੇ ਗੁਜਰਾਤ ਦੋਵਾਂ ਨੂੰ ਹਰ ਤਰ੍ਹਾਂ ਦੀ ਸਹਾਇਤਾ ਦਾ ਭਰੋਸਾ ਦਿੱਤਾ ਗਿਆ ਹੈ। ਪ੍ਰਧਾਨ ਮੰਤਰੀ ਮੋਦੀ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਚੱਕਰਵਾਤੀ ਤੂਫਾਨ ਨਿਸਰਗ ‘ਤੇ ਇਕ ਬੈਠਕ ਵੀ ਕੀਤੀ ਹੈ।

7) ਭਾਰਤੀ ਸੁਰੱਖਿਆ ਬਲਾਂ ਨੇ ਜੰਮੂ-ਕਸ਼ਮੀਰ ਦੇ ਪੁਲਵਾਮਾ ਵਿੱਚ ਹੋਈ ਇੱਕ ਮੁੱਠਭੇੜ ਵਿੱਚ ਜੈਸ਼-ਏ-ਮੁਹੰਮਦ ਦੇ 3 ਅੱਤਵਾਦੀਆਂ ਨੂੰ ਮਾਰ ਦਿੱਤਾ ਹੈ। ਭਾਰਤੀ ਸੁਰੱਖਿਆ ਬਲਾਂ ਦੁਆਰਾ ਅੱਤਵਾਦੀ ਕੋਸ਼ਿਸ਼ਾਂ ਨੂੰ ਨਾਕਾਮ ਕਰਨ ਦੇ ਸਿੱਟੇ ਵਜੋਂ ਪਾਕਿਸਤਾਨ ਸਮਰਥਿਤ ਅੱਤਵਾਦੀ ਗੁੱਟ ਨਿਰਾਸ਼ਾ ਦੀ ਕਗਾਰ ‘ਤੇ ਖੜ੍ਹੇ ਹਨ।

8) ਅਮਰੀਕਾ ਵਿੱਚ ਜਾਰਜ ਫਲਾਈਡ ਦੀ ਮੌਤ ਤੋਂ ਬਾਅਦ ਫੈਲੀ ਹਿੰਸਾ ਨੂੰ ਰੋਕਣ ਲਈ ਸੰਘੀ ਸਰਕਾਰ ਵੱਲੋਂ ਯੂ.ਐੱਸ. ਨੈਸ਼ਨਲ ਗਾਰਡ ਦੀ ਤੈਨਾਤੀ ਕਰਨ ਦੇ ਮੁੱਦੇ ‘ਤੇ ਅਮਰੀਕਾ ਦੇ ਕਈ ਸੂਬਿਆਂ ਨੇ ਇਜਾਜ਼ਤ ਦੇਣ ਤੋਂ ਮਨ੍ਹਾ ਕਰ ਦਿੱਤਾ ਹੈ।

9) ਪੂਰੀ ਦੁਨੀਆ ਵਿੱਚ ਨਸਲਵਾਦ ਖਿਲਾਫ਼ ਪ੍ਰਦਰਸ਼ਨ ਹੋ ਰਹੇ ਹਨ। ਪ੍ਰਦਰਸ਼ਨਕਾਰੀ ਜਾਰਜ ਫਲਾਈਡ ਦੇ ਪਰਿਵਾਰ ਨੂੰ ਇਨਸਾਫ਼ ਦਿੱਤੇ ਜਾਣ ਦੀ ਅਪੀਲ ਕਰ ਰਹੇ ਹਨ।

10) ਬ੍ਰਾਜ਼ੀਲ ਦੇ ਰੇਨ-ਫੋਰਸੈਟ ਵਿੱਚ ਗੈਰ-ਕਾਨੂੰਨੀ ਤੌਰ ‘ਤੇ ਕਟਾਈ ਕਰਨ ਦੇ ਦੋਸ਼ ਵਿੱਚ ਸੈਂਕੜੇ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਗੌਰਤਲਬ ਹੈ ਕਿ ਇਨ੍ਹਾਂ ਜੰਗਲਾਂ ਨੂੰ ਲੈਟਿਨ ਅਮਰੀਕਾ ਦੇ ਫੇਫੜੇ ਕਿਹਾ ਜਾਂਦਾ ਹੈ।