ਭਾਰਤ ਛੇਤੀ ਹੀ ਵਿਕਾਸ ਦੀ ਰਫ਼ਤਾਰ ਫੜੇਗਾ : ਪ੍ਰਧਾਨ ਮੰਤਰੀ

ਪ੍ਰਧਾਨ ਮੰਤਰੀ ਦਾ ਕਹਿਣਾ ਹੈ ਕਿ ਭਾਰਤ ਆਪਣੇ ਵਿਕਾਸ ਅਤੇ ਹੋਰ ਢਾਂਚਾਗਤ ਸੁਧਾਰਾਂ ਨਾਲ ਮੁੜ ਆਪਣੇ ਵਿਕਾਸ ਦੀ ਰਫ਼ਤਾਰ ਫੜ ਲਵੇਗਾ। ਉਨ੍ਹਾਂ ਕਿਹਾ ਕਿ ਕੋਵਿਡ-19 ਕਾਰਨ ਦਰਪੇਸ਼ ਚੁਣੌਤੀਆਂ ਦਾ ਮੁਕਾਬਲਾ ਕਰਨ ਲਈ ਦੇਸ਼ ਵਿੱਚ ਢਾਂਚਾਗਤ ਤਬਦੀਲੀਆਂ ਅਤੇ ਵਿਕਾਸ ਦੀ ਯਾਤਰਾ ਵਿੱਚ ਨਿੱਜੀ ਖੇਤਰ ਦੀ ਭਾਈਵਾਲੀ ਬਹੁਤ ਹੀ ਅਹਿਮ ਹੈ। ਗੌਰਤਲਬ ਹੈ ਕਿ ਦੇਸ਼ ਦੀ ਰਾਜਧਾਨੀ ਦਿੱਲੀ ‘ਚ ਭਾਰਤੀ ਉਦਯੋਗ ਸੰਘ (ਸੀ.ਆਈ.ਆਈ.) ਦੇ 125ਵੇਂ ਸਾਲਾਨਾ ਇਜਲਾਸ ਨੂੰ ਵੀਡੀਓ ਕਾਨਫਰੰਸ ਰਾਹੀਂ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਨੇ ਇਹ ਗੱਲ ਕਹੀ। ਇਸ ਮੌਕੇ ਤੇ ਮੌਜੂਦ ਉਦਯੋਗ ਜਗਤ ਦੇ ਕਾਰੋਬਾਰੀਆਂ ਨੂੰ ਸ਼੍ਰੀ ਮੋਦੀ ਨੇ ਭਰੋਸਾ ਦਿਵਾਇਆ ਕਿ ਅਸੀਂ ਇਕਜੁਟ ਹੋ ਕੇ ਯਕੀਨੀ ਤੌਰ ‘ਤੇ ਆਪਣੇ ਵਿਕਾਸ ਦੀ ਗਤੀ ਨੂੰ ਪਾ ਲਵਾਂਗੇ।

ਆਰਥਿਕ ਸੰਕਟ ਨਾਲ ਜੂਝ ਰਹੇ ਘਰੇਲੂ ਕਾਰੋਬਾਰੀਆਂ ਦਾ ਉਤਸ਼ਾਹ ਵਧਾਉਂਦੇ ਹੋਇਆਂ ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਦੇਸ਼ ਦੀ ਸਮਰੱਥਾ ਅਤੇ ਸੰਕਟ ਪ੍ਰਬੰਧਨ, ਭਾਰਤ ਦੀਆਂ ਵਿਭਿੰਨ ਪ੍ਰਤਿਭਾਵਾਂ ਅਤੇ ਤਕਨਾਲੋਜੀ ਵਿੱਚ ਮੁਹਾਰਤ, ਬੌਧਿਕ ਮਾਹਿਰ, ਦੇਸ਼ ਦੇ ਮਿਹਨਤੀ ਕਿਸਾਨ ਅਤੇ ਆਰਥਿਕਤਾ ਦਾ ਥੰਮ੍ਹ – ਲਘੂ, ਛੋਟੇ ਅਤੇ ਦਰਮਿਆਨੇ ਉਦਯੋਗ (ਐੱਮ.ਐੱਸ.ਐੱਮ.ਈ.) ਇਹ ਸਭ ਸਾਨੂੰ ਤਰੱਕੀ ਦੇ ਰਾਹ ‘ਤੇ ਅੱਗੇ ਵਧਣ ਲਈ ਆਸ਼ਾਵਾਦੀ ਬਣਾਉਂਦੇ ਹਨ। ਦੇਸ਼ ਦੀ ਕੁੱਲ ਵਿਕਾਸ ਦਰ ਵਿੱਚ ਐੱਮ.ਐੱਸ.ਐੱਮ.ਈ. ਦਾ ਹਿੱਸਾ 30 ਫੀਸਦੀ ਹੈ ਤੇ ਸਰਕਾਰ ਨੇ ਇਸ ਦੀ ਪਰਿਭਾਸ਼ਾ ਵਿੱਚ ਵੀ ਨਵੀਨਤਾ ਲਿਆਂਦੀ ਹੈ। ਪ੍ਰਧਾਨ ਮੰਤਰੀ ਨੇ ਸਪੱਸ਼ਟ ਤੌਰ ‘ਤੇ ਦੱਸਿਆ ਕਿ 200 ਕਰੋੜ ਦਾ ਸਾਲਾਨਾ ਕਾਰੋਬਾਰ ਕਰਨ ਵਾਲੇ ਉਦਯੋਗਾਂ ਨੂੰ ਇਸ ਦੇ ਦਾਇਰੇ ਵਿੱਚ ਲਿਆਉਣ ਦੇ ਸਿੱਟੇ ਵਜੋਂ ਆਰਥਿਕਤਾ ਨੂੰ ਗਤੀ ਮਿਲੇਗੀ ਅਤੇ ਐੱਮ.ਐੱਸ.ਐੱਮ.ਈ. ਸੈਕਟਰ ਆਰਥਿਕਤਾ ਦੇ ਇੰਜਣ ਲਈ ਇਕ ਤਰ੍ਹਾਂ ਨਾਲ ਈਂਧਣ ਦਾ ਕੰਮ ਕਰੇਗਾ।

ਗੌਰਤਲਬ ਹੈ ਕਿ 25 ਮਾਰਚ ਤੋਂ ਕੋਵਿਡ-19 ਮਹਾਮਾਰੀ ਫੈਲਣ ਦੇ ਬਾਅਦ ਤੋਂ ਅਰਥ-ਵਿਵਸਥਾ ਦੀ ਵਿਕਾਸ ਦਰ ਨੂੰ ਭਾਰੀ ਸੱਟ ਵੱਜੀ ਹੈ ਅਤੇ ਇਸ ਵਿਕਾਸ ਦਰ ਨੂੰ ਵਾਪਸ ਪਾਉਣ ਲਈ ਅਤੇ ਅਰਥਚਾਰੇ ਨੂੰ ਗਤੀ ਪ੍ਰਦਾਨ ਕਰਨ ਲਈ ਸਰਕਾਰ ਨੇ ਕੁਝ ਫੌਰੀ ਕਦਮ ਚੁੱਕੇ ਹਨ ਤਾਂ ਕਿ ਵਿਕਾਸ ਦੀ ਰਫ਼ਤਾਰ ਨੂੰ ਮੁੜ ਪਾਇਆ ਜਾ ਸਕੇ। ਇਸ ਦਿਸ਼ਾ ਵਿੱਚ ਕੰਮ ਕਰਦਿਆਂ ਸਰਕਾਰ ਨੇ ਸਾਰੇ ਹਿੱਸੇਦਾਰਾਂ ਨੂੰ ਰਾਹਤ ਦੇਣ ਲਈ ਕੁਝ ਹਫ਼ਤੇ ਪਹਿਲਾਂ ਹੀ 20 ਲੱਖ ਕਰੋੜ ਰੁਪਏ ਦਾ ਪੈਕੇਜ ਜਾਰੀ ਕੀਤਾ ਸੀ। ਇਸ ਦੇ ਨਾਲ ਹੀ ਪ੍ਰਧਾਨ ਮੰਤਰੀ ਨੇ ਸਵੈ-ਨਿਰਭਰ ਭਾਰਤ – ਆਤਮਨਿ-ਰਭਾਰ ਭਾਰਤ ਦੇ ਲਈ ਪੰਜ ਥੰਮ੍ਹਾਂ ਅਰਥਚਾਰਾ, ਬੁਨਿਆਦੀ ਢਾਂਚਾ, ਸਿਸਟਮ, ਅਪਾਰ ਜਨ-ਸੰਖਿਆ ਅਤੇ ਮੰਗ ਦੀ ਨਿਸ਼ਾਨਦੇਹੀ ਕਰਦਿਆਂ ਇਸ ਵੱਲ ਵਿਸ਼ੇਸ਼ ਧਿਆਨ ਦੇਣ ਦੀ ਮੰਗ ਕੀਤੀ।

ਇਸ ਮੁੱਦੇ ਬਾਰੇ ਵਿਸਥਾਰ ਵਿੱਚ ਗੱਲ ਕਰਦਿਆਂ ਪ੍ਰਧਾਨ ਮੰਤਰੀ ਨੇ ਦੱਸਿਆ ਕਿ ਕਿਸ ਤਰ੍ਹਾਂ ਦੇਸ਼ ਵਿੱਚ ਕੀਤੇ ਜਾ ਰਹੇ ਸੁਧਾਰ ਕਿਸ ਤਰ੍ਹਾਂ ਯੋਜਨਾਬੱਧ, ਏਕੀਕ੍ਰਿਤ ਅਤੇ ਆਪੋ ਵਿੱਚੀਂ ਜੁੜੇ ਹੋਏ ਹਨ। ਉਨ੍ਹਾਂ ਖੇਤੀਬਾੜੀ ਦੇ ਖੇਤਰ ਵਿੱਚ ਕੀਤੇ ਜਾ ਰਹੇ ਨਿਵੇਕਲੇ ਕਾਰਜਾਂ ਦੀ ਸ਼ਲਾਘਾ ਕੀਤੀ, ਜਿਸ ਵਿੱਚ ਜ਼ਰੂਰੀ ਵਸਤਾਂ ਬਾਰੇ ਕਾਨੂੰਨ, ਖੇਤੀਬਾੜੀ ਉਤਪਾਦਨ ਮਾਰਕੀਟਿੰਗ ਕਮੇਟੀ ਕਾਨੂੰਨ ਦੀ ਸੋਧ ਅਤੇ ਕਿਸਾਨਾਂ ਲਈ ਖੇਤੀਬਾੜੀ ਦੇ ਕਾਰੋਬਾਰ ਦੇ ਰਸਤੇ ਖੋਲ੍ਹਣ ਲਈ ਇਲੈਕਟ੍ਰਾਨਿਕ ਟ੍ਰੇਡਿੰਗ ਦੁਆਰਾ ਮਾਲ ਵੇਚੇ ਜਾਣ ਵਾਲੇ ਗੁਦਾਮਾਂ ਅਤੇ ਸਟੋਰਾਂ ਵਿੱਚ ਅਨਾਜ ਰੱਖਣ ਦੀ ਸਹੂਲਤ ਦੇਣ ਵਰਗੇ ਕਾਰਜਾਂ ਦੀ ਗੱਲ ਕੀਤੀ। ਉਨ੍ਹਾਂ ਦੱਸਿਆ ਕਿ ਲੇਬਰ ਸੁਧਾਰ ਵੀ ਰੋਜ਼ਗਾਰ ਦੇ ਮੌਕਿਆਂ ਨੂੰ ਵਧਾਉਣ ਲਈ ਕੀਤੇ ਗਏ ਸਨ ਤਾਂ ਜੋ ਲੇਬਰ ਦੀ ਘਾਟ ਕਾਰਨ ਉਤਪਾਦਨ ਵਿੱਚ ਆਉਣ ਵਾਲੀ ਖੜੋਤ ਨੂੰ ਰੋਕਿਆ ਜਾ ਸਕੇ।

ਇਹ ਵੀ ਹੁਣ ਇਕ ਹਕੀਕਤ ਹੈ ਕਿ ਗੈਰ-ਰਣਨੀਤਕ ਸੈਕਟਰ ਜਿਨ੍ਹਾਂ ਵਿੱਚ ਪਹਿਲਾਂ ਨਿੱਜੀ ਉਦਯੋਗਾਂ ਨੂੰ ਆਗਿਆ ਨਹੀਂ ਸੀ, ਹੁਣ ਇਹ ਖੁੱਲ੍ਹ ਦੇ ਦਿੱਤੀ ਗਈ ਹੈ। ਕੋਇਲਾ ਸੈਕਟਰ ਵਿੱਚ ਵਪਾਰਕ ਮਾਈਨਿੰਗ ਦੀ ਆਗਿਆ ਦਿੱਤੀ ਗਈ ਹੈ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਸਰਕਾਰ ਜਿਸ ਦਿਸ਼ਾ ਵੱਲ ਚੱਲ ਰਹੀ ਹੈ, ਉਹ ਚਾਹੇ ਮਾਈਨਿੰਗ ਜਾਂ ਊਰਜਾ ਜਾਂ ਖੋਜ ਅਤੇ ਤਕਨਾਲੋਜੀ ਹੋਵੇ, ਉਦਯੋਗ ਅਤੇ ਨੌਜਵਾਨ ਦੋਵਾਂ ਨੂੰ ਤਰੱਕੀ ਦੇ ਅਨੇਕਾਂ ਮੌਕੇ ਮਿਲਣਗੇ।

ਮਹੱਤਵਪੂਰਨ ਗੱਲ ਇਹ ਹੈ ਕਿ ਮੇਕ ਇਨ ਇੰਡੀਆ ਦੀ ਕਾਰਗੁਜ਼ਾਰੀ ਨਾਲ ਰੁਜ਼ਗਾਰ ਦੇ ਅਨੇਕਾਂ ਮੌਕੇ ਵਧਾਏ ਜਾ ਸਕਦੇ ਹਨ। ਫਰਨੀਚਰ, ਏਅਰ ਕੰਡੀਸ਼ਨਰ, ਚਮੜਾ ਅਤੇ ਜੁੱਤੀਆਂ ਦੇ ਆਯਾਤ ‘ਤੇ ਨਿਰਭਰਤਾ ਘਟਾਉਣ ਦਾ ਕੰਮ ਸ਼ੁਰੂ ਹੋ ਗਿਆ ਹੈ। ਪ੍ਰਧਾਨ ਮੰਤਰੀ ਨੇ ਚਾਨਣਾ ਪਾਇਆ ਕਿ ਕਿਵੇਂ ਭਾਰਤ ਇੱਕ ਦਿਨ ਵਿੱਚ ਤਿੰਨ ਲੱਖ ਨਿੱਜੀ ਸੁਰੱਖਿਆ ਉਪਕਰਣ (ਪੀ.ਪੀ.ਈ.) ਦੀਆਂ ਕਿੱਟਾਂ ਨੂੰ ਬਣਾ ਰਿਹਾ ਹੈ; ਜਦਕਿ ਸਿਰਫ਼ ਤਿੰਨ ਮਹੀਨੇ ਪਹਿਲਾਂ ਦੇਸ਼ ਵਿੱਚ ਇੱਕ ਵੀ ਪੀ.ਪੀ.ਈ. ਕਿੱਟ ਨਹੀਂ ਬਣਾਈ ਜਾ ਰਹੀ ਸੀ। ਇਹ ਸਾਡੇ ਯਤਨਾਂ ਦੀ ਸਫ਼ਲਤਾ ਨੂੰ ਹੀ ਦਰਸਾਉਂਦਾ ਹੈ, ਤੇ ਸਾਨੂੰ ਇਸ ਰਸਤੇ ਦੇ ਅੱਗੋਂ ਵੀ ਦ੍ਰਿੜ੍ਹ ਇਰਾਦੇ ਨਾਲ ਚੱਲਣ ਦੀ ਲੋੜ ਹੈ।

ਇਸ ਮੌਕੇ ਉਨ੍ਹਾਂ ਸਪੱਸ਼ਟ ਤੌਰ ਤੇ ਕਿਹਾ ਕਿ ਆਤਮ-ਨਿਰਭਰ ਭਾਰਤ ਦਾ ਮਤਲਬ ਅੰਤਰਰਾਸ਼ਟਰੀ ਆਰਥਿਕਤਾ ਨਾਲੋਂ ਪੂਰੀ ਤਰ੍ਹਾਂ ਅਲੱਗ-ਥਲੱਗ ਹੋਣਾ ਨਹੀਂ ਹੈ। ਇਸ ਸੰਦਰਭ ਵਿੱਚ ਉਨ੍ਹਾਂ ਨੇ ਭਾਰਤੀ ਉਦਯੋਗ ਨੂੰ ਇੱਕ ਲੋਕਲ ਸਪਲਾਈ ਚੇਨ ਬਣਾਉਣ ਲਈ ਨਿਵੇਸ਼ ਕਰਨ ਦੀ ਅਪੀਲ ਕੀਤੀ ਜੋ ਗਲੋਬਲ ਸਪਲਾਈ ਚੇਨ ਵਿੱਚ ਦੇਸ਼ ਦੀ ਹਿੱਸੇਦਾਰੀ ਨੂੰ ਹੋਰ ਮਜ਼ਬੂਤ ਕਰੇਗੀ। ਉਨ੍ਹਾਂ ਸੀ.ਆਈ.ਆਈ. ਵਰਗੇ ਹੋਰਨਾਂ ਉਦਯੋਗ ਸੰਗਠਨਾਂ ਨੂੰ ਵੀ ਅਪੀਲ ਕੀਤੀ ਕਿ ਉਹ ਕੋਰੋਨਾ ਤੋਂ ਬਾਅਦ ਨਵੀਂ ਭੂਮਿਕਾ ਵਿੱਚ ਅੱਗੇ ਆਉਣ ਤੇ ਘਰੇਲੂ ਬਾਜ਼ਾਰ ਦੀਆਂ ਲੋੜਾਂ ਪੂਰੀਆਂ ਕਰਨ ਦੇ ਨਾਲ ਹੀ ਦੁਨੀਆ ਨੂੰ ਵੀ ਉਤਪਾਦਾਂ ਦੀ ਸਪਲਾਈ ਕਰਨ। ਪ੍ਰਧਾਨ ਮੰਤਰੀ ਨੇ ਦੇਸ਼ ਨੂੰ ਆਤਮ-ਨਿਰਭਰ ਬਣਾਉਣ ਅਤੇ ਵਿਕਾਸ ਦੀ ਰਫ਼ਤਾਰ ਨੂੰ ਮੁੜ ਲੀਹਾਂ ‘ਤੇ ਪਾਉਣ ਲਈ ਕਾਰੋਬਾਰੀਆਂ ਨੂੰ ਹੱਲਾਸ਼ੇਰੀ ਦਿੰਦਿਆਂ ਕਿਹਾ ਕਿ ਸਹੀ ਸਮੇਂ ਤੇ ਸਹੀ ਨਤੀਜੇ ਸਾਹਮਣੇ ਆਉਣਗੇ।

ਸਕ੍ਰਿਪਟ: ਜੀ. ਸ਼੍ਰੀਨਿਵਾਸਨ, ਸੀਨੀਅਰ ਆਰਥਿਕ ਪੱਤਰਕਾਰ