05.06.2020 ਸੁਰਖੀਆਂ

1) ਭਾਰਤ ਵਿੱਚ ਠੀਕ ਹੋਣ ਦੀ ਦਰ ਤਕਰੀਬਨ 49 ਫੀਸਦੀ ਹੈ। ਕੋਵਿਡ-19 ਤੋਂ ਅੱਜ ਸਵੇਰੇ 9 ਵਜੇ ਤੱਕ ਕੁੱਲ 114073 ਮਰੀਜ਼ ਠੀਕ ਹੋਏ ਹਨ। ਸਿਹਤ ਮੰਤਰਾਲੇ ਦਾ ਕਹਿਣਾ ਹੈ ਕਿ 115042 ਮਰੀਜ਼ਾਂ ਵਿਚੋਂ 80 ਫੀਸਦੀ ਮਰੀਜ਼ ਹਲਕੇ ਲੱਛਣ ਵਾਲੇ ਹਨ। ਸਿਰਫ਼ 3 ਫੀਸਦੀ ਮਰੀਜ਼ਾਂ ਨੂੰ ਆਈ.ਸੀ.ਯੂ. ਜਾਂ ਵੈਂਟੀਲੇਟਰ ਦੀ ਲੋੜ ਪੈਂਦੀ ਹੈ।

2) ਭਾਰਤ ਦੀ 14 ਆਰਮੀ ਕੋਰ ਦੇ ਲੈਫਟੀਨੈਂਟ ਜਨਰਲ ਹਰਿੰਦਰ ਸਿੰਘ ਲੱਦਾਖ ਵਿਖੇ ਸਰਹੱਦੀ ਮੁੱਦੇ ‘ਤੇ ਚੀਨੀ ਮੇਜਰ ਜਨਰਲ ਲਿਊ ਲਿਨ ਨਾਲ ਗੱਲਬਾਤ ਕਰ ਰਹੇ ਹਨ। ਦੋਵਾਂ ਦੇਸ਼ਾਂ ਨੇ ਸਰਹੱਦ ਨਾਲ ਜੁੜੇ ਮੁੱਦਿਆਂ ਨੂੰ ਸੁਲਝਾਉਣ ਲਈ ਆਪਸੀ ਗੱਲਬਾਤ ‘ਤੇ ਸਹਿਮਤੀ ਜਤਾਈ ਸੀ।

3) ਭਾਰਤ ਦੇ ਵਿਦੇਸ਼ ਮੰਤਰਾਲੇ ਦਾ ਕਹਿਣਾ ਹੈ ਕਿ ਸੈਨਿਕ ਅਧਿਕਾਰੀਆਂ ਦੀ ਬੈਠਕ ਤੋਂ ਪਹਿਲਾਂ ਚੀਨ ਨਾਲ ਰਣਨੀਤਕ ਗੱਲਬਾਤ ਸਦਭਾਵਨਾ ਭਰੇ ਮਾਹੌਲ ਵਿੱਚ ਹੋਈ ਹੈ। ਦੋਵੇਂ ਦੇਸ਼ ਇਸ ਗੱਲ ‘ਤੇ ਸਹਿਮਤ ਹੋਏ ਕਿ ਉਹ ਸਥਿਰ, ਸ਼ਾਂਤੀਪੂਰਨ ਅਤੇ ਦੋਸਤਾਨਾ ਸੰਬੰਧਾਂ ਲਈ ਵਚਨਬੱਧ ਹਨ।

4) ਮੁੰਬਈ ਮਿਊਂਸੀਪਲ ਕਾਰਪੋਰੇਸ਼ਨ ਨੇ ਭਾਰਤ ਦੀ ਵਿੱਤੀ ਰਾਜਧਾਨੀ ਵਿੱਚ ਕੋਵਿਡ-19 ਦੀ ਜਾਂਚ ਵਧਾ ਦਿੱਤੀ ਹੈ। ਕੋਵਿਡ-19 ਮਹਾਮਾਰੀ ਕਾਰਨ ਮੁੰਬਈ ਭਾਰਤ ਦਾ ਸਭ ਤੋਂ ਵੱਧ ਪ੍ਰਭਾਵਿਤ ਸ਼ਹਿਰ ਹੈ। ਮਹਾਰਾਸ਼ਟਰ ਸਰਕਾਰ ਦਾ ਕਹਿਣਾ ਹੈ ਕਿ ਉਹ ਜਾਂਚ ਦੇ ਸੰਬੰਧ ਵਿੱਚ ਆਈ.ਸੀ.ਐੱਮ.ਆਰ. ਦੇ ਸਾਰੇ ਨੇਮਾਂ ਦੀ ਪਾਲਣਾ ਕਰ ਰਹੀ ਹੈ।

5) ਤਾਮਿਲਨਾਡੂ ਵਿੱਚ ਕੋਵਿਡ-19 ਦੇ ਮੱਦੇਨਜ਼ਰ 5 ਲੱਖ ਤੋਂ ਵੱਧ ਲੋਕਾਂ ਦੀ ਜਾਂਚ ਕੀਤੀ ਗਈ ਹੈ। ਕੋਰੋਨਾ ਵਾਇਰਸ ਦੀ ਜਾਂਚ ਦੇ ਮਾਮਲੇ ਵਿੱਚ ਇਹ ਸੂਬਾ ਸਭ ਤੋਂ ਅੱਗੇ ਹੈ।

6) ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਵਾਂਡਾ ਦੇ ਰਾਸ਼ਟਰਪਤੀ ਪਾਲ ਕਾਗਮੇ ਨਾਲ ਗੱਲਬਾਤ ਕੀਤੀ। ਦੋਵਾਂ ਨੇਤਾਵਾਂ ਨੇ ਕੋਵਿਡ-19 ਅਤੇ ਆਰਥਿਕਤਾ ਨਾਲ ਸੰਬੰਧਤ ਚੁਣੌਤੀਆਂ ਤੋਂ ਪੈਦਾ ਹੋਈ ਸਥਿਤੀ ਬਾਰੇ ਵਿਚਾਰ-ਵਟਾਂਦਰਾ ਕੀਤਾ। ਭਾਰਤ ਨੇ ਰਵਾਂਡਾ ਨੂੰ ਮਹਾਮਾਰੀ ਨਾਲ ਲੜਨ ਵਿੱਚ ਮਦਦ ਦੇਣ ਦਾ ਭਰੋਸਾ ਦਿੱਤਾ। ਭਾਰਤ ਨੇ ਅਫ਼ਰੀਕੀ ਦੇਸ਼ ਨੂੰ ਜ਼ਰੂਰੀ ਵਸਤਾਂ ਅਤੇ ਦਵਾਈਆਂ ਵੀ ਭੇਜੀਆਂ ਹਨ।

7) ਅੰਤਰਰਾਸ਼ਟਰੀ ਮੁਦਰਾ ਕੋਸ਼ (ਆਈ.ਐੱਮ.ਐੱਫ.) ਨੇ ਪਾਕਿਸਤਾਨ ਨੂੰ ਆਪਣੇ ਸਰਕਾਰੀ ਕਰਮਚਾਰੀਆਂ ਦੀਆਂ ਤਨਖਾਹਾਂ ਰੋਕਣ ਲਈ ਕਿਹਾ ਹੈ, ਜਦਕਿ ਮੁਲਕ ਕੋਵਿਡ-19 ਅਤੇ ਵੱਧ ਰਹੀਆਂ ਕੀਮਤਾਂ ਦੀਆਂ ਚੁਣੌਤੀਆਂ ਦਾ ਸਾਹਮਣਾ ਕਰ ਰਿਹਾ ਹੈ। ਪਿਛਲੇ ਸਾਲ ਆਈ.ਐੱਮ.ਐੱਫ. ਨੇ ਸਖਤ ਸ਼ਰਤਾਂ ‘ਤੇ ਪਾਕਿਸਤਾਨ ਨੂੰ ਕਰਜ਼ਾ ਦੇ ਕੇ ਰਾਹਤ ਦਿੱਤੀ ਸੀ।

8) ਯੂਰਪੀਅਨ ਯੂਨੀਅਨ ਨੇ ਕਿਹਾ ਹੈ ਕਿ ਉਹ 30 ਜੂਨ ਤੋਂ ਬਾਅਦ ਸੈਲਾਨੀਆਂ ਨੂੰ ਬਲਾਕ ਵਿੱਚ ਵਾਪਸ ਆਉਣ ਦੀ ਇਜਾਜ਼ਤ ਦੇਵੇਗਾ। ਜ਼ਿਆਦਾਤਰ ਯੂਰਪੀਅਨ ਦੇਸ਼ ਮੰਦੀ ਦਾ ਸਾਹਮਣਾ ਕਰ ਰਹੇ ਹਨ।

9) ਸੰਯੁਕਤ ਰਾਸ਼ਟਰ ਦੀ ਹਿਮਾਇਤ ਪ੍ਰਾਪਤ ਲੀਬੀਆ ਦੀ ਫੌਜ ਨੇ ਸਰਕਾਰ ਵਿਰੋਧੀ ਖਲੀਫਾ ਹਫਤਾਰ ਨੂੰ ਪੱਛਮੀ ਲੀਬੀਆ ਵਿੱਚ ਉਸ ਦੇ ਗੜ੍ਹ ਤਰਹੌਨਾ ਤੋਂ ਬਾਹਰ ਕੱਢ ਦਿੱਤਾ ਹੈ। ਸਰਕਾਰੀ ਫੌਜ ਦੇ ਸ਼ਹਿਰ ਵਿੱਚ ਦਾਖ਼ਲ ਹੋਣ ਤੋਂ ਬਾਅਦ ਇਥੇ ਜਸ਼ਨਾਂ ਦੀ ਸ਼ੁਰੂਆਤ ਹੋ ਗਈ।

10) ਮਾਲੀ ਦੀ ਰਾਜਧਾਨੀ ਬਮਾਕੋ ਵਿੱਚ ਸੈਂਕੜੇ ਪ੍ਰਦਰਸ਼ਨਕਾਰੀਆਂ ਨੇ ਰਾਸ਼ਟਰਪਤੀ ਇਬਰਾਹਿਮ ਬੋਬਾਕਰ ਕੇਟਾ ਨੂੰ ਵੱਖ-ਵੱਖ ਸੰਕਟਾਂ ਨਾਲ ਸਹੀ ਢੰਗ ਨਾਲ ਨਾ ਨਜਿੱਠਣ ਲਈ ਅਹੁਦੇ ਤੋਂ ਹਟਣ ਲਈ ਕਿਹਾ ਹੈ। ਗੌਰਤਲਬ ਹੈ ਕਿ ਮਾਲੀ ਵਿੱਚ ਅਰਾਜਕਤਾ ਦਾ ਮਾਹੌਲ ਬਣਿਆ ਹੋਇਆ ਹੈ।