ਪਾਕਿਸਤਾਨ ਅੱਗੇ ਮੁੜ ਆਪਣੇ ਹੀ ਟੀਚੇ ਨੂੰ ਹਾਸਲ ਕਰਨ ਦੀ ਚੁਣੌਤੀ

ਮੌਜੂਦਾ ਸਮੇਂ ‘ਚ ਪਾਕਿਸਤਾਨ ‘ਚ ਕੁੱਝ ਵੀ ਲੀਹ ‘ਤੇ  ਨਹੀਂ ਹੈ।ਇੱਕ ਪਾਸੇ ਵਿਸ਼ਵਵਿਆਪੀ ਮਹਾਂਮਾਰੀ ਕੋਵਿਡ-19 ਨੇ ਆਪਣਾ ਕਹਿਰ ਜਾਰੀ ਰੱਖਿਆ ਹੈ ਅਤੇ ਦੂਜੇ ਪਾਸੇ ਪਾਕਿਸਤਾਨ ਪਹਿਲਾਂ ਤੋਂ ਹੀ ਆਰਥਿਕ ਮੰਦੀ ਨੂੰ ਝੇਲ ਰਿਹਾ ਹੈ।ਅਜਿਹੇ ‘ਚ ਪਾਕਿਸਤਾਨ ਦੀ ਸਥਿਤੀ ਅੱਗੇ ਖੁਹ ਪਿੱਛੇ ਖਾਈ ਵਾਲੀ ਬਣੀ ਹੋਈ ਹੈ।ਇਸ ਤੋਂ ਇਲਾਵਾ ਆਲਮੀ ਅੱਤਵਾਦ ਪ੍ਰਤੀ ਇਸਲਾਮਾਬਾਦ ਦਾ ਆਪਣਾ ਪੈਂਤੜਾ ਇਸ ਨੂੰ ਹੋਰ ਮੁਸ਼ਕਲਾਂ ‘ਚ ਪਾ ਰਿਹਾ ਹੈ।ਉਹ ਵੀ ਇੱਕ ਸਮਾਂ ਸੀ ਜਦੋਂ ਪਾਕਿਸਤਾਨ ਇਸ ਰਾਹ ਦਾ ਮੋਢੀ ਖਿਡਾਰੀ ਹੁੰਦਾ ਸੀ।
ਅਮਰੀਕਾ ਦੇ ਵਿਦੇਸ਼ ਮਹਿਕਮੇ ਨੇ ਆਪਣੀ ਤਾਜ਼ਾ ਰਿਪੋਰਟ ‘ਚ ਕਿਹਾ ਹੈ ਕਿ ਪਾਕਿਸਤਾਨ ਖੇਤਰੀ ਦਹਿਸ਼ਤਗਰਦ ਸਮੂਹਾਂ ਲਈ ਸੁਰੱਖਿਅਤ ਪਨਾਹਗਾਹਾਂ ਮੁਹੱਈਆ ਕਰਵਾਉਂਦਾ ਹੈ।ਇਸਲਾਮਾਬਾਦ ਵੱਲੋਂ ਇੰਨ੍ਹਾਂ ਹਿੰਸਕ ਅੱਤਵਾਦੀ ਸਮੂਹਾਂ ਖਿਲਾਫ ਕੋਈ ਸਖ਼ਤ ਕਾਰਵਾਈ ਵੀ ਨਹੀਂ ਕੀਤੀ ਜਾ ਰਹੀ ਹੈ।ਪਾਕਿਸਤਾਨ ਦੀ ਲੀਡਰਸ਼ਿਪ ਨੇ ਅਜਿਹੇ ਕਾਰਜਾਂ ਨੂੰ ਰੋਕਣ ਦੀ ਬਜਾਏ ਹੋਰ ਵਿਵਾਦ ਪੈਦਾ ਕਰ ਦਿੱਤੇ ਹਨ।
ਵੀਰਵਾਰ ਨੂੰ ਪਾਕਿਸਤਾਨ ਦੀ ਕੌਮੀ ਅਸੈਂਬਲੀ ‘ਚ ਚੱਲ ਰਹੇ ਬਜਟ ਸੈਸ਼ਨ ‘ਚ ਵਿਚਾਰ ਵਟਾਂਦਰੇ ਦੌਰਾਨ ਪਾਕਿਸਤਾਨ ਦੇ ਵਜ਼ੀਰ-ਏ-ਆਜ਼ਮ ਇਮਰਾਨ ਖ਼ਾਨ ਨੇ ਮਾਰੇ ਗਏ ਅਲ-ਕਾਇਦਾ ਮੁੱਖੀ ਅਤੇ 9/11 ਦੇ ਮੁੱਖ ਸਾਜਿਸ਼ਕਰਤਾ ਓਸਾਮਾ ਬਿਨ ਲਾਦੇਨ ਨੂੰ ‘ਸ਼ਹੀਦ’ ਕਹਿ ਕੇ ਪੁਕਾਰਿਆ।ਉਨ੍ਹਾਂ ਅੱਗੇ ਕਿਹਾ ਕਿ ਇਸਲਾਮਾਬਾਦ ਨੂੰ  ਅੱਤਵਾਦ ਵਿਰੁੱਧ ਅਮਰੀਕਾ ਦੀ ਜੰਗ ‘ਚ ਹਿੱਸਾ ਲੈ ਕੇ ‘ਸ਼ਰਮਿੰਦਗੀ’ ਦਾ ਸਾਹਮਣਾ ਕਰਨਾ ਪਿਆ ਹੈ।ਉਨ੍ਹਾਂ ਆਪਣੇ ਭਾਸ਼ਣ ‘ਚ ਕਿਹਾ ਕਿ ਅਮਰੀਕਾ ਨੇ ਸਾਨੂੰ ਸੂਚਿਤ ਕੀਤੇ ਬਿਨ੍ਹਾਂ ਹੀ ਪਾਕਿਸਤਾਨ ‘ਚ ਦਾਖਲ ਹੋ ਕੇ ਓਸਾਮਾ ਬਿਨ ਲਾਦੇਨ ਨੂੰ ਮਾਰ ਦਿੱਤਾ ਸੀ, ਜਿਸ ਤੋਂ ਬਾਅਦ ਹਰ ਕੋਈ ਉਨ੍ਹਾਂ ਨਾਲ ਬਦਸਲੂਕੀ ਕਰਨ ਦੀਆਂ ਕੋਸ਼ਿਸ਼ਾਂ ਕਰ ਰਿਹਾ ਹੈ।ਹਰ ਕੋਈ ਸਾਡੇ ਦੇਸ਼ ਨੂੰ ਮਾੜਾ ਬੋਲਣ ਲੱਗ ਪਿਆ ਸੀ।ਦੱਸਣਯੋਗ ਹੈ ਕਿ ਓਸਾਮਾ ਨੂੰ ਮਈ 2011 ‘ਚ ਅਮਰੀਕੀ ਨੇਵੀ ਸੀਲ ਨੇ ਪਾਕਿਸਤਾਨ ਦੇ ਐਬਟਾਬਾਦ ‘ਚ ਹਲਾਕ ਕਰ ਦਿੱਤਾ ਸੀ।
ਪੀਐਮ ਖ਼ਾਨ ਨੇ ਅੱਗੇ ਕਿਹਾ ਕਿ ਮੈਨੂੰ ਨਹੀਂ ਲੱਗਦਾ ਕਿ ਕੋਈ ਵੀ ਮੁਲਕ ਜਿਸ ਨੇ ਅੱਤਵਾਦ ਖਿਲਾਫ ਜੰਗ ‘ਚ ਆਪਣਾ ਪੂਰਾ ਸਮਰਥਨ ਦਿੱਤਾ ਹੋਵੇ ਉਸ ਨੂੰ ਅਜਿਹੀ ਸ਼ਰਮਿੰਦਗੀ ਦਾ ਸਾਹਮਣਾ ਕਰਨਾ ਪਿਆ ਹੋਵੇ।ਅਫ਼ਗਾਨਿਸਤਾਨ ‘ਚ ਅਮਰੀਕਾ ਦੀ ਹਾਰ ਲਈ ਵੀ ਪਾਕਿਸਤਾਨ ਨੂੰ ਖੁੱਲ੍ਹੇਆਮ ਦੋਸ਼ੀ ਠਹਿਰਾਇਆ ਗਿਆ ਹੈ।
ਉਨ੍ਹਾਂ ਅੱਗੇ ਕਿਹਾ ਕਿ ਸਾਡੇ ਹੀ ਸਹਿਯੋਗੀ ਦੇਸ਼ ਨੇ ਸਾਡੇ ਨਾਲ ਦਗਾ ਕਮਾਇਆ ਹੈ।ਸਾਨੂੰ ਦੱਸੇ ਬਿਨ੍ਹਾਂ ਹੀ ਸਾਡੇ ਮੁਲਕ ਅੰਦਰ ਦਾਖਲ ਹੋ ਕੇ ਉਹ ਕਿਸੇ ਨੂੰ ਮਾਰ ਦਿੰਦੇ ਹਨ ।ਅਮਰੀਕਾ ਦੀ ਅੱਤਵਾਦ ਵਿਰੁੱਧ ਲੜਾਈ ‘ਚ 70,000 ਪਾਕਿਸਤਾਨੀਆਂ ਨੂੰ ਆਪਣੀਆਂ ਜਾਨਾਂ ਗਵਾਉਣੀਆਂ ਪਈਆਂ ਹਨ।
ਅਮਰੀਕਾ ਨੇ ਅੱਤਵਾਦ ਸਬੰਧੀ ਆਪਣੀ ਤਾਜ਼ਾ ਰਿਪੋਰਟ ‘ਚ ਸਪੱਸ਼ਟ ਤੌਰ ‘ਤੇ ਕਿਹਾ ਹੈ ਕਿ ਪਾਕਿਸਤਾਨ ਅਜੇ ਵੀ ਸੁਧਰਿਆ ਨਹੀਂ ਹੈ । ਉਹ ਆਪਣੀ ਸਰਜ਼ਮੀਨ ਤੋਂ ਖੇਤਰੀ ਦਹਿਸ਼ਤਗਰਦ ਸਮੂਹਾਂ ਨੂੰ ਸੁਰੱਖਿਅਤ ਹਵਾਸੀਆਂ ਦਾ ਆਨੰਦ ਪ੍ਰਦਾਨ ਕਰ ਰਿਹਾ ਹੈ ਅਤੇ ਭਾਰਤ ਖਿਲਾਫ ਹਿੰਸਕ ਕਾਰਵਾਈ ਕਰਨ ਵਾਲੇ ਅੱਤਵਾਦੀ ਸਮੂਹਾਂ ਨੂੰ ਹਰ ਮਦਦ ਦੇ ਰਿਹਾ ਹੈ।
ਅੱਤਵਾਦ ‘ਤੇ ਆਪਣੀ ਸਲਾਨਾ ਰਿਪੋਰਟ ਪੇਸ਼ ਕਰਦਿਆਂ ਅਮਰੀਕਾ ਦੇ ਵਿਦੇਸ਼ ਮੰਤਰਾਲੇ ਨੇ ਕਿਹਾ ਹੈ ਕਿ ਪਾਕਿਸਤਾਨ ਉਨ੍ਹਾਂ ਦੇਸ਼ਾਂ ‘ਚੋਂ ਇੱਕ ਹੈ ਜੋ ਕਿ ਅੱਤਵਾਦੀ ਸਮੂਹਾਂ ਨੂੰ ਸੁਰੱਖਿਅਤ ਹਵਾਸੀਆਂ ਮੁਹੱਈਆ ਕਰਵਾਉਂਦੇ ਹਨ।ਰਿਪੋਰਟ ‘ਚ ਕਿਹਾ ਗਿਆ ਹੈ ਕਿ ਲਸ਼ਕਰ-ਏ-ਤਾਇਬਾ, ਜੈਸ਼-ਏ-ਮੁਹੰਮਦ ਵਰਗੇ ਅੱਤਵਾਦੀ ਸੰਗਠਨ ਪਾਕਿਸਤਾਨ ਦੀ ਸਰਜ਼ਮੀਨ ਤੋਂ ਆਪਣੇ ਨਾਪਾਕ ਇਰਾਦਿਆਂ ਨੂੰ ਅੰਜਾਮ ਦਿੰਦੇ ਹਨ ਅਤੇ ਇੰਨ੍ਹਾਂ ਦਹਿਸ਼ਤਗਰਦ ਸਮੂਹਾਂ ਦਾ ਨਿਸ਼ਾਨਾ ਭਾਰਤ ਹੈ।ਪਰ ਪਾਕਿ ਹਕੂਮਤ ਇੰਨ੍ਹਾਂ ਖਿਲਾਫ ਕੋਈ ਸਖ਼ਤ ਕਾਰਵਾਈ ਨਹੀਂ ਕਰਦੀ ਹੈ।
ਇਸ ਤੋਂ ਇਲਾਵਾ ਇਸਲਾਮਾਬਾਦ ਆਪਣੀ ਸਰਜ਼ਮੀਨ ਤੋਂ ਅਫ਼ਗਾਨ ਤਾਲਿਬਾਨ ਅਤੇ ਹੱਕਾਨੀ ਨੈੱਟਵਰਕ ਵਰਗੇ ਸਮੂਹਾਂ ਨੂੰ ਅਫ਼ਗਾਨਿਸਤਾਨ ਖਿਲਾਫ ਕਾਰਵਾਈ ਕਰਨ ਲਈ ਮੌਕੇ ਪ੍ਰਦਾਨ ਕਰਦਾ ਹੈ।
ਪਾਕਿ ਵਜ਼ੀਰ-ਏ-ਆਜ਼ਮ ਵੱਲੋਂ ਅਮਰੀਕਾ ‘ਤੇ ਲਗਾਏ ਦੋਸ਼ ਨਿਰਾਧਾਰ ਹਨ।ਪਿਛਲੇ ਦਿਨੀ ਜੰਮੂ-ਕਸ਼ਮੀਰ ‘ਚ ਸੁਰੱਖਿਆ ਬਲਾਂ ਅਤੇ ਦਹਿਸ਼ਤਗਰਦਾਂ ਦਰਮਿਆਨ ਮੁਠਭੇੜ ‘ਚ ਮਾਰੇ ਗਏ ਅੱਤਵਾਦੀਆਂ ਨੂੰ ਇਸਲਾਮਾਬਾਦ ਨੇ “ ਬੇਗੁਨਾਹ” ਦੱਸਿਆ ਹੈ।ਪਾਕਿਸਤਾਨ ਦੀ ਇਹ ਕਾਰਵਾਈ ਉਸ ਦੇ ਅੱਤਵਾਦ ਵਿਰੱੁਧ ਕੀਤੇ ਜਾ ਰਹੇ ਕਾਰਜਾਂ ਨੂੰ ਉਜਾਗਰ ਕਰਦੀ ਹੈ। ਦਰਅਸਲ ਪਾਕਿਸਤਾਨ ਅੱਤਵਾਦ ਨੂੰ ਨਕੇਲ ਪਾਉਣ ‘ਚ ਅਸਫਲ ਰਿਹਾ ਹੈ ਜਾਂ ਫਿਰ ਕਹਿ ਲਵੋ ਕਿ ਉਹ ਅੱਤਵਾਦ ਨੂੰ ਠੱਲ ਪਾਉਣਾ ਹੀ ਨਹੀਂ ਚਾਹੁੰਦਾ ਹੈ।
ਇੱਕ ਪਾਸੇ ਅਮਰੀਕਾ ਨੇ ਪਾਕਿਸਤਾਨ ਨੂੰ ਖੇਤਰੀ ਦਹਿਸ਼ਤਗਰਦ ਸਮੂਹਾਂ ਨੂੰ ਸੁਰੱਖਿਆ ਪਨਾਹਗਾਹਾਂ ਮੁਹੱਈਆ ਕਰਵਾਉਣ ਵਾਲਾ ਮੁਲਕ ਦੱਸਿਆ ਹੈ, ਉੱਥੇ ਹੀ ਦੂਜੇ ਪਾਸੇ ਪਿਛਲੇ ਹਫ਼ਤੇ ਐਫਏਟੀਐਫ ਨੇ ਆਪਣੀ ਬੈਠਕ ਦੌਰਾਨ ਪਾਕਿਸਤਾਨ ਦਾ ਨਾਂਅ ਆਪਣੀ ਗ੍ਰੇਅ ਸੂਚੀ ‘ਚ ਜਾਰੀ ਰੱਖਿਆ ਹੈ।ਅੱਤਵਾਦ ਦੇ ਮੁੱਦੇ ‘ਤੇ ਪਾਕਿਸਤਾਨ ਨੂੰ ਹਰ ਪਾਸੇ ਤੋਂ ਲਾਨਤਾਂ ਪੈ ਰਹੀਆਂ ਹਨ ਪਰ ਇਸਲਾਮਾਬਾਦ ਹੈ ਕਿ ਉਸ ਦੇ ਕੰਨ੍ਹ ‘ਤੇ ਜੂੰ ਹੀ ਨਹੀਂ ਸਰਕਦੀ।ਪਾਕਿਸਤਾਨ ਨੇ ਅਮਰੀਕਾ ਦੀ ਇਸ ਸਾਲਾਨਾ ਰਿਪੋਰਟ ਨੂੰ ਰੱਦ ਕੀਤਾ ਹੈ।
ਅਮਰੀਕੀ ਵਿਦੇਸ਼ ਵਿਭਾਗ ਨੇ ਕਿਹਾ ਹੈ ਕਿ ਫਰਵਰੀ 2019 ਪੁਲਵਾਮਾ ਅੱਤਵਾਦੀ ਹਮਲੇ ਤੋਂ ਬਾਅਦ ਪਾਕਿਸਤਾਨ ਨੇ ਅੱਤਵਾਦ ਵਿਰੋਧੀ ਅਤੇ ਭਾਰਤ ਨੂੰ ਨਿਸ਼ਾਨਾਂ ਬਣਾਉਣ ਵਾਲੇ ਅੱਤਵਾਦੀ ਸੰਗਠਨਾਂ ਖਿਲਾਫ ਕੁੱਲ ਮਾਮੂਲੀ ਕਦਮ ਚੁੱਕੇ ਹਨ ਪਰ ਇਹ ਲੋੜੀਂਦੀ ਕਾਰਵਾਈ ਤੋਂ ਬਹੁਤ ਪਰਾਂ ਹਨ।
ਅਜਿਹੇ ਕਾਰਜਾਂ ਤੋਂ ਪਤਾ ਚੱਲਦਾ ਹੈ ਕਿ ਪਾਕਿਸਤਾਨ ਦਹਿਸ਼ਤਗਰਦੀ ਖਿਲਾਫ ਗੰਭੀਰ ਕਾਰਵਾਈ ਕਰਨ ਦੇ ਹੱਕ ‘ਚ ਨਹੀਂ ਹੈ।ਉਹ ਹਮੇਸ਼ਾਂ ਹੀ ਦੁਨੀਆ ਅੱਗੇ ਕਹਿੰਦਾ ਕੁੱਝ ਹੋਰ ਹੈ ਅਤੇ ਕਰਦਾ ਕੁੱਝ ਹੋ।ਕਹਿ ਸਕਦੇ ਹਾਂ ਕਿ ਇਸਲਾਮਾਬਾਦ ਉਹ ਹਾਥੀ ਹੈ ਜਿਸ ਦੇ ਖਾਣ ਦੇ ਦੰਦ ਹੋਰ ‘ਤੇ ਵਿਖਾਉਣ ਦੇ ਹੋਰ ਹਨ।
ਸਕ੍ਰਿਪਟ: ਕੌਸ਼ਿਕ ਰਾਏ, ਏਆਈਆਰ , ਨਿਊਜ਼ ਵਿਸ਼ਲੇਸ਼ਕ