ਪ੍ਰਧਾਨ ਮੰਤਰੀ ਨੇ ਗਰੀਬ ਕਲਿਆਣ ਅੰਨ ਯੋਜਨਾ ਦੇ ਵਾਧੇ ਦਾ ਕੀਤਾ ਐਲਾਨ

ਅਨਲੌਕ-2 ਦੀ ਸ਼ੁਰੂਆਤ ਤੋਂ ਇਕਦਮ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੀਤੇ ਦਿਨ ਰਾਸ਼ਟਰ ਨੂੰ ਸੰਬੋਧਨ ਕੀਤਾ।ਉਨ੍ਹਾਂ ਕਿਹਾ ਕਿ ਦੇਸ਼ ‘ਚ ਮੌਨਸੂਨ ਨੇ ਦਸਤਕ ਦੇ ਦਿੱਤੀ ਹੈ ਅਤੇ ਮੀਂਹ ਦੇ ਦਿਨਾਂ ‘ਚ ਕਈ ਬਿਮਾਰੀਆਂ ਵੀ ਪੈਦਾ ਹੋ ਜਾਂਦੀਆਂ ਹਨ , ਇਸ ਲਈ ਸਾਨੂੰ ਆਪਣਾ ਵਿਸ਼ੇਸ਼ ਧਿਆਨ ਰੱਖਣ ਦੀ ਲੋੜ ਹੈ।
ਪੀਐਮ ਮੋਦੀ ਨੇ ਕਿਹਾ ਕਿ ਦੇਸ਼ ‘ਚ ਕੋਵਿਡ-19 ਨਾਲ ਠੀਕ ਹੋਣ ਵਾਲੇ ਲੋਕਾਂ ਦੀ ਦਰ ਨੂੰ ਵੇਖ ਕੇ ਪਤਾ ਚੱਲਦਾ ਹੈ ਕਿ ਦੂਜੇ ਦੇਸ਼ਾਂ ਦੇ ਮੁਕਾਬਲਤਨ ਭਾਰਤ ਦੀ ਸਥਿਤੀ ਬਿਹਤਰ ਹੈ।ਸਮੇਂ ਸਿਰ ਲੌਕਡਾਊਨ ਲਗਾਉਣ ਅਤੇ ਹੋਰ ਦੂਜੇ ਉਪਾਵਾਂ ਸਬੰਧੀ ਲਏ ਗਏ ਫ਼ੈਸਲਿਆਂ ਨੇ ਲੱਖਾਂ ਹੀ ਜਾਨਾਂ ਸੁਰੱਖਿਅਤ ਕੀਤੀਆਂ ਹਨ।ਮਹਾਂਮਾਰੀ ਦੇ ਸ਼ੁਰੂਆਤੀ ਦਿਨਾਂ ਅਸੀਂ ਇਸ ਪ੍ਰਤੀ ਬਹੁਤ ਸੁਚੇਤ ਸੀ ਅਤੇ ਮਾਸਕ ਪਹਿਣਨਾ, ਸੋਸ਼ਲ ਦੂਰੀ ਤੇ 20 ਸੈਕਿੰਡ ਤੱਕ ਹੱਥ ਧੌਣਾ ਵਰਗੇ ਉਪਾਵਾਂ ਵੱਲ ਖਾਸ ਧਿਆਨ ਦੇ ਰਹੇ ਸੀ। ਪਰ ਮੌਜੂਦਾ ਸਮੇਂ ਅਸੀਂ ਕੁੱਝ ਲਾਪਰਵਾਹ ਹੋ ਰਹੇ ਹਾਂ ਅਤੇ ਅਜਿਹੇ ‘ਚ ਵਧੇਰੇ ਸਾਵਧਾਨ ਰਹਿਣ ਦੀ ਲੋੜ ਹੈ ਕਿਉਂਕਿ ਸਾਡੀ ਅਣਗਹਿਲੀ ਕਈਆਂ ‘ਤੇ ਭਾਰੀ ਪੈ ਸਕਦੀ ਹੈ।
ਉਨ੍ਹਾਂ ਅੱਗੇ ਕਿਹਾ ਕਿ ਸਾਨੂੰ ਕੰਟੇਨਮੈਂਟ ਜ਼ੋਨਾਂ ‘ਤੇ ਵਧੇਰੇ ਧਿਆਨ ਦੇਣ ਦੀ ਜ਼ਰੂਰਤ ਹੈ।ਜੋ ਲੋਕ ਨੇਮਾਂ ਦੀ ਪਾਲਣਾ ਨਹੀਂ ਕਰ ਰਹੇ ਹਨ ਉਨ੍ਹਾਂ ਨੂੰ ਆਪਣੀ ਇਸ ਲਾਪਰਵਾਹੀ ਨੂੰ ਰੋਕਣਾ ਚਾਹੀਦਾ ਹੈ ਅਤੇ ਨਾਲ ਹੀ ਵਧੇਰੇ ਸਾਵਧਾਨੀ ਵਰਤਣੀ ਚਾਹੀਦੀ ਹੈ।ਤੁਸੀਂ ਸਾਰਿਆਂ ਨੇ ਖ਼ਬਰਾਂ ‘ਚ ਵੇਖਿਆ-ਸੁਣਿਆ ਹੋਵੇਗਾ ਕਿ ਇੱਕ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਜਨਤਕ ਥਾਂ ‘ਤੇ ਮਾਸਕ ਨਾ ਪਹਿਣਨ ਦੇ ਜ਼ੁਰਮ ‘ਚ 13 ਹਜ਼ਾਰ ਰੁ. ਦਾ ਜ਼ੁਰਮਾਨਾ ਹੋਇਆ ਹੈ।ਭਾਰਤ ‘ਚ ਵੀ ਸਥਾਨਕ ਪ੍ਰਸ਼ਾਸਨ ਇਸੇ ਉਤਸ਼ਾਹ ਨਾਲ ਕਾਰਜਸ਼ੀਲ ਹੈ।ਇਹ 130 ਕਰੋੜ ਭਾਰਤੀਆਂ ਦੀਆਂ ਜਾਨਾਂ ਸੁਰੱਖਿਆ ਕਰਨ ਦੀ ਮੁਹਿੰਮ ਹੈ।
ਪੀਐਮ ਮੋਦੀ ਨੇ ਕਿਹਾ ਕਿ ਪਿੰਡ ਪੱਧਰ ‘ਤੇ ‘ਪ੍ਰਧਾਨ’ ਹੋਵੇ ਜਾਂ ਫਿਰ ਦੇਸ਼ ਦਾ ਪ੍ਰਧਾਨ ਮੰਤਰੀ ਕੋਈ ਵੀ ਨੇਮਾਂ ਤੋਂ ਉਪਰ ਨਹੀਂ ਹੈ।
ਪੀਐਮ ਮੋਦੀ ਨੇ ਕੋਰੋਨਾ ਸੰਕਟ ਦੌਰਾਨ ਸਰਕਾਰ ਵੱਲੋਂ ਕੀਤੀ ਗਈ ਮਦਦ ਦਾ ਬਿਉਰਾ ਦਿੰਦਿਆਂ ਕਿਹਾ ਕਿ ਪਿਛਲੇ 3 ਮਹੀਨਿਆਂ ‘ਚ 20 ਕਰੋੜ ਗਰੀਬ ਪਰਿਵਾਰਾਂ ਦੇ ਜਨਧਨ ਖ਼ਾਤਿਆਂ ‘ਚ 31 ਹਜ਼ਾਰ ਕਰੋੜ ਰੁ. ਅਤੇ 9 ਕਰੋੜ ਤੋਂ ਵੱਧ ਕਿਸਾਨਾਂ ਦੇ ਬੈਂਕ ਖ਼ਤਾਿਆਂ ‘ਚ 18 ਹਜ਼ਾਰ ਕਰੋੜ ਰੁ. ਜ਼ਮ੍ਹਾਂ ਕਰਵਾਏ ਗਏ ਹਨ।ਇਸ ਤੋਂ ਇਲਾਵਾ ਪਿੰਡਾਂ ‘ਚ ਮਜ਼ਦੁਰਾਂ ਨੂੰ ਰੁਜ਼ਗਾਰ ਪ੍ਰਦਾਨ ਕਰਨ ਲਈ ਪ੍ਰਧਾਨ ਮੰਤਰੀ ਗਰੀਬ ਕਲਿਆਣ ਰੁਜ਼ਗਾਰ ਮਹਿੰਮ ‘ਤੇ ਸਰਕਾਰ ਵੱਲੋਂ 50 ਹਜ਼ਾਰ ਕਰੋੜ ਰੁ. ਖਰਚ ਕੀਤੇ ਜਾ ਰਹੇ ਹਨ।
ਇਸ ਵਿਸ਼ਵਵਿਆਪੀ ਸਿਹਤ ਸੰਕਟਕਾਲ ਦੌਰਾਨ ਕੋਈ ਵੀ ਜੀਵ ਭੁੱਖਾ ਨਾ ਰਹੇ ਇਸ ਲਈ ਸਰਕਾਰਾਂ ਵੱਲੋਂ ਆਪੋ ਆਪਣੇ ਪੱਧਰ ‘ਤੇ ਅਣੱਤਕ ਯਤਨ ਕੀਤੇ ਜਾ ਰਹੇ ਹਨ।ਕੋਰੋਨਾ ਮਹਾਂਮਾਰੀ ਕਾਰਨ ਪੈਦਾ ਹੋਈਆਂ ਕਈ ਮੁਸ਼ਕਲਾਂ ‘ਚੋਂ ਇੱਕ ਭੁੱਖਮਰੀ ਵੀ ਹੈ, ਜਿਸ ਦੇ ਹੱਲ ਲਈ ਭਾਰਤ ਸਰਕਾਰ ਵੱਲੋਂ ਗਰੀਬ ਪਰਿਵਾਰਾਂ ਨੂੰ ਮੁਫ਼ਤ ਅਨਾਜ ਮੁਹੱਈਆ ਕਰਨ ਲਈ ‘ਪ੍ਰਧਾਨ ਮੰਤਰੀ ਗਰੀਬ ਕਲਿਆਣ ਅੰਨ ਯੋਜਨਾ’ ਨੂੰ ਸ਼ੁਰੂ ਕੀਤਾ ਗਿਆ। ਬੀਤੇ ਦਿਨ ਪੀਐਮ ਮੋਦੀ ਨਹੇ ਇਸ ਯੋਜਨਾ ਦਾ ਵਿਸਥਾਰ ਕਰਦਿਆਂ ਮਹੀਨੇ ਤੱਕ ਇਸ ਨੂੰ ਜਾਰੀ ਰੱਖਣ ਦਾ ਐਲਾਨ ਕੀਤਾ ਹੈ।ਇਸ ਯੋਹਿਤ 80 ਕਰੋੜ ਲੋਕਾਂ ਨੂੰ ਲਾਭ ਹਾਸਲ ਹੋਵੇਗਾ।1.75 ਲੱਖ ਕਰੋੜ ਰੁ. ਦੀ ਲਾਗਤ ਵਾਲੀ ਇਸ ਮੁਹਿੰਮ ਨਾਲ ਗਰੀਬਾਂ ਨੂੰ ਰਾਹਤ ਮਿਲੇਗੀ।
ਭਾਰਤ ‘ਚ 80 ਕਰੋੜ ਤੋਂ ਵੀ ਵੱਧ ਲੋਕਾਂ ਨੂੰ ਪਿਛਲੇ ਤਿੰਨ ਮਹਿਨੀਆਂ ‘ਚ ਮੁਫ਼ਤ ਰਾਸ਼ਨ ਦਿੱਤਾ ਗਿਆ ਹੈ।ਪਰਿਵਾਰ ਦੇ ਹਰ ਮੈਂਬਰ ਨੂੰ 5 ਕਿਲੋਗ੍ਰਾਮ ਚਾਵਲ ਅਤੇ ਅਨਾਜ ਮੁਫ਼ਤ ਮੁਹੱਈਆ ਕਰਵਾਏ ਗਏ ਹਨ।ਇਸ ਤੋਂ ਇਲਾਵਾ ਪ੍ਰਤੀ ਪਰਿਵਾਰ 1 ਕਿਲੋ ਦਾਲ ਪ੍ਰਤੀ ਮਹੀਨਾ ਮੁਫ਼ਤ ਦਿੱਤੀ ਜਾ ਰਹੀ ਹੈ।ਇਕ ਤਰ੍ਹਾਂ ਨਾਲ ਇਹ ਅੰਕੜਾ ਅਮਰੀਕਾ ਦੀ ਆਬਾਦੀ ਦਾ 2.5ਗੁਣਾ ਅਤੇ ਯੂਨਾਈਟਿਡ ਕਿੰਗਡਮ ਦੀ ਆਬਾਦੀ ਨਾਲੋਂ 12 ਗੁਣਾ ਵਧੇਰੇ ਹੈ।
ਪੀਐਮ ਮੋਦੀ ਨੇ ਆਪਣੇ ਸੰਬੋਧਨ ‘ਚ ਤਿਉਹਾਰਾਂ ਦੀ ਆਮਦ ਦੀ ਵੀ ਗੱਲ ਕੀਤੀ।ਉਨ੍ਹਾਂ ਕਿਹਾ ਕਿ ਤਿਉਹਾਰਾਂ ‘ਚ ਕਈ ਤਰਾਂ ਦੀਆਂ ਲੋੜਾਂ ‘ਚ ਵਾਧਾ ਹੁੰਦਾ ਹੈ ਅਤੇ ਇਸੇ ਕਰਕੇ ਹੀ ਨਵੰਬਰ ਮਹੀਨੇ ਤੱਕ ਪ੍ਰਧਾਨ ਮੰਤਰੀ ਕਲਿਆਣ ਅੰਨ ਯੋਜਨਾ ਦਾ ਵਿਸਥਾਰ ਕੀਤਾ ਜਾਂਦਾ ਹੈ।
ਪੀਐਮ ਮੋਦੀ ਨੇ ‘ਇਕ ਦੇਸ਼ ਇਕ ਰਾਸ਼ਨ ਕਾਰਡ’ ਦੀ ਯੋਜਨਾ ਦੀ ਵਿਵਸਥਾ ਲਾਗੂ ਕਰਨ ਲਈ ਰਾਜਾਂ ਨੂੰ ਅਪੀਲ ਕੀਤੀ ਹੈ ਕਿ ਇਸ ਸਬੰਧੀ ਅੰਲ ਨੂੰ ਤੇਜ਼ੀ ਨਾਲ ਮੁਕੰਮਲ ਕੀਤਾ ਜਾਵੇ ਤਾਂ ਜੋ ਦੂਜੇ ਸੂਬਿਆਂ ‘ਚ ਕੰਮ ਕਰਨ ਵਾਲੇ ਕਾਮਿਆਂ ਨੂੰ ਮੁਫ਼ਤ ਅਨਾਜ ਸਕੀਮ ਦਾ ਲਾਭ ਮਿਲ ਸਕੇ।
ਪੀਐਮ ਮੋਦੀ ਨੇ ਕਿਹਾ ਕਿ ਅੱਜ ਜੇਕਰ ਸਰਕਾਰ ਗਰੀਬ ਅਤੇ ਲੋੜਵੰਦ ਲੋਕਾਂ ਨੂੰ ਮੁਫ਼ਤ ਰਾਸ਼ਨ ਦੇਣ ਦੇ ਕਾਬਲ ਹੈ ਤਾਂ ਇਸ ਦੇ ਸਿਹਰਾ ਦੋ ਵਰਗਾਂ ਨੂੰ ਜਾਂਦਾ ਹੈ।ਪਹਿਲੇ ਉਹ ਕਿਸਾਨ ਹਨ ਜੋ ਕਿ ਅਣਥੱਕ ਮਿਹਨਤ ਨਾਲ ਇਸ ਅਨਾਜ ਨੂੰ ਪੈਦਾ ਕਰਦੇ ਹਨ ਅਤੇ ਦੂਜੇ ਉਹ ਲੋਕ ਹਨ ਜੋ ਕਿ ਇਮਾਨਦਾਰੀ ਨਾਲ ਕਰ ਅਦਾ ਕਰਦੇ ਹਨ।ਉਨ੍ਹਾਂ ਨੇ ਇੰਨ੍ਹਾਂ ਦੋਵਾਂ ਵਰਗਾਂ ਦਾ ਧੰਨਵਾਦ ਕੀਤਾ।
ਉਨ੍ਹਾਂ ਅੱਗੇ ਕਿਹਾ ਕਿ ਆਉਣ ਵਾਲੇ ਦਿਨਾਂ ‘ਚ ਦੇਸ਼ ਦੇ ਗਰੀਬ, ਲੋੜਵੰਦ, ਦੱਬੇ-ਕੁਚਲੇ ਤਬਕੇ ਦੀ ਤਰੱਕੀ ਲਈ ਯਤਨ ਹੋਰ ਤੇਜ਼ ਕੀਤ ਜਾਣਗੇ।ਇਸ ਸੰਕਟ ਦੇ ਦੌਰ ‘ਚ ਭਾਰਤ ਸਾਵਧਾਨੀਆਂ ਨੂੰ ਧਿਆਨ ‘ਚ ਰੱਖਦਿਆਂ ਆਪਣੀਆਂ ਆਰਥਿਕ ਗਤੀਵਿਧੀਆਂ ਨੂੰ ਹੋਰ ਵਧਾਵੇਗਾ।
ਸਾਨੂੰ ਸਾਰਿਆਂ ਨੂੰ  ਆਤਮ ਨਿਰਭਰ ਭਾਰਤ ਦੇ ਨਿਰਮਾਣ ਲਈ ਨਿਰੰਤਰ ਕਾਰਜਸ਼ੀਲ ਰਹਿਣ ਦੀ ਜ਼ਰੂਰਤ ਹੈ।
ਸਕ੍ਰਿਪਟ: ਕੌਸ਼ਿਕ ਰਾਏ, ਏਆਈਆਰ, ਨਿਊਜ਼ ਵਿਸ਼ਲੇਸ਼ਕ