ਭਾਰਤ-ਭੂਟਾਨ ਸਬੰਧ ਨਵੇਂ ਸਿਖਰਾਂ ‘ਤੇ; ਪਣ ਬਿਜਲੀ ਪ੍ਰਾਜੈਕਟ ‘ਤੇ ਭਾਰਤ-ਭੂਟਾਨ ਵਿਚਾਲੇ ਸਮਝੌਤਾ

ਭਾਰਤ ਅਤੇ ਭੂਟਾਨ ਦਰਮਿਆਨ ਇਸ ਹਫ਼ਤੇ 600 ਮੈਗਾਵਾਟ ਖੋਲੋਂਗਛੂ ਪਣ ਬਿਜਲੀ ਪ੍ਰਾਜੈਕਟ ਲਈ ਇੱਕ ਰਿਆਇਤੀ ਸਮਝੌਤਾ ਸਹੀਬੱਧ ਹੋਇਆ ਹੈ।ਇਸ ਸਮਝੌਤੇ ਨੇ ਦੋਵਾਂ ਦੇਸ਼ਾਂ ਵਿਚਾਲੇ ਸਦੀਆਂ ਤੋਂ ਚੱਲੇ ਆ ਰਹੇ ਵਿਲੱਖਣ ਸਬੰਧਾਂ ਨੂੰ ਨਵੀਆਂ ਰਾਹਾਂ ਵੱਲ ਤੋਰਿਆ ਹੈ।ਇਹ ਭਾਰਤ ਅਤੇ ਭੂਟਾਨ ਵਿਚਾਲੇ ਪਹਿਲਾ ਸੰਣੁਕਤ ਹਾਈਡ੍ਰੋ ਪ੍ਰਾਜੈਕਟ ਹੋਵੇਗਾ, ਜੋ ਕਿ ਪੂਰਬੀ ਭੂਟਾਨ ‘ਚ ਖੋਲੋਂਗਛੂ ਨਦੀ ਦੇ ਹੇਠਲੇ ਪਾਸੇ ਸਥਿਤ ਹੈ।ਇਸ ਨੂੰ ਖੋਲੋਂਗਛੂ ਹਾਈਡਰੋ ਊਰਜਾ ਲਿਮਟਿਡ ਵੱਲੋਂ ਲਾਗੂ ਕੀਤਾ ਜਾਵੇਗਾ।ਇਸ ਪ੍ਰਾਜੈਕਟ ਦੇ 2025 ਦੇ ਮੱਧ ਤੱਕ ਮੁਕੰਮਲ ਹੋਣ ਦੀ ਸੰਭਾਵਨਾ ਹੈ।
ਖੋਲੋਂਗਛੂ ਹਾਈਡ੍ਰੋ ਊਰਜਾ ਲਿਮਟਿਡ, ਭੂਟਾਨ ਦੀ ਡਰੂਕ ਗ੍ਰੀਨ ਕਾਰਪੋਰੇਸ਼ਨ, ਡੀਜੀਪੀਸੀ ਅਤੇ ਭਾਰਤ ਦੇ ਸਤਲੁਜ ਜਲ ਵਿਦਯੂਤ ਨਿਗਮ ਲਿਮਟਿਡ, ਐਸਜੇਵੀਐਨਐਲ ਵਿਚਕਾਰ ਇੱਕ ਸੰਯੁਕਤ ਉੱਦਮ ਹੈ।
ਵਿਦੇਸ਼ ਮੰਤਰੀ ਡਾ.ਐਸ ਜੈਸ਼ੰਕਰ ਨੇ ਵੀਡੀਓ ਕਾਨਫਰੰਸ ਰਾਹੀਂ ਭੂਟਾਨ ਦੇ ਆਪਣੇ ਹਮਅਹੁਦਾ ਦੀ ਮੌਜੂਦਗੀ ‘ਚ ਖੋਲੋਂਗਛੂ ਪਣ ਬਿਜਲੀ ਪ੍ਰਾਜੈਕਟ ਦਾ ਉਦਘਾਟਨ ਕੀਤਾ।ਇਸ ਮੌਕੇ ਉਨ੍ਹਾਂ ਨੇ ਭਾਰਤ ਅਤੇ ਭੂਟਾਨ ਦੇ ਸਬੰਧਾਂ ਦੀ ਪ੍ਰਸੰਸਾ ਕੀਤੀ ਅਤੇ ਕਿਹਾ ਕਿ ਇਹ ਵਿਲੱਖਣ ਰਿਸ਼ਤਾ ਹੈ।ਉਨ੍ਹਾਂ ਕਿਹਾ ਕਿ ਦੋਵਾਂ ਦੇਸ਼ਾਂ ਵਿਚਾਲੇ ਭੂਗੋਲਿਕ, ਸਭਿਆਚਾਰਕ ਅਤੇ ਅਧਿਆਤਮਕ ਸਾਂਝ ਮੌਜੂਦ ਹੈ ਅਤੇ ਸਾਡਾ ਵਿਸ਼ਵਵਿਆਪੀ ਨਜ਼ਰੀਆ ਵੀ ਸਾਂਝਾ ਹੈ।
ਭੂਟਾਨ ਲਗਭਗ 38,300 ਵਰਗ ਕਿਲੋਮੀਟਰ ਖੇਤਰ ਵਾਲਾ ਇੱਕ ਛੋਟਾ ਜਿਹਾ ਹਿਮਾਲਿਆਈ ਦੇਸ਼ ਹੈ।ਭੂਟਾਨ ਉੱਤਰ ‘ਚ ਚੀਨ  ਅਤੇ ਦੱਖਣ, ਪੂਰਬ, ਪੱਛਮ ‘ਚ ਭਾਰਤ ਨਾਲ ਆਪਣੀ ਸਰਹੱਦ ਸਾਂਝੀ ਕਰਦਾ ਹੈ।ਭੂਠਾਨ ਦੀ ਅਮੀਰ ਸਭਿਆਚਾਰਕ ਵਿਰਾਸਤ ਹੈ ਅਤੇ ਇੱਥੇ ਕਈ ਕਿਸਮ ਦੇ ਜੀਵ ਜੰਤੂ ਪਾਏ ਜਾਂਦੇ ਹਨ।ਦੇਸ਼ ਦੀ ਕੁੱਲ ਆਬਾਦੀ ਤਕਰੀਬਨ 8 ਲੱਖ ਹੈ ਅਤੇ ਲਗਭਗ 60 ਹਜ਼ਾਰ ਭਾਰਤੀ ਬਤੌਰ ਵਪਾਰੀ ਅਤੇ ਕਈ ਪ੍ਰਾਜੈਕਟਾਂ ਖਾਸ ਕਰਕੇ ਪਣ ਬਿਜਲੀ ਪ੍ਰਾਜੈਕਟਾਂ ‘ਚ ਕੰਮ ਕਰਨ ਲਈ ਇੱਥੇ ਹੀ ਵਸੇ ਹੋਏ ਹਨ।ਭੂਟਾਨ ਅੰਦਾਜ਼ਨ 30,000 ਮੈਗਾਵਾਟ ਪਣ ਬਿਜਲੀ ਪੈਦਾ ਕਰਨ ਦੇ ਸਮਰੱਥ ਹੈ ਅਤੇ ਇਹ ਹੀ ਇਸ ਦੀ ਆਮਦਨ ਦਾ ਮੁੱਖ ਸਰੋਤ ਹੈ।ਪਣ ਬਿਜਲੀ ਦੇਸ਼ ਦੇ ਮਾਲੀਆ ‘ਚ 27 % ਦਾ ਯੋਗਦਾਨ ਪਾਉਂਦੀ ਹੈ ਅਤੇ ਜੀਡੀਪੀ ‘ਚ ਇਸ ਦਾ ਹਿੱਸਾ 14% ਹੈ।
ਪਿਛਲੇ ਸਾਲ ਅਗਸਤ ਮਹੀਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਦੂਜੀ ਵਾਰ ਰਾਜਧਾਨੀ ਥਿੰਪੂ ਦਾ ਦੌਰਾ ਕੀਤਾ ਗਿਆ ਸੀ ਅਤੇ ਇਸ ਮੌਕੇ 720 ਮੈਗਾਵਾਟ ਮਾਂਗਡੇਛੂ ਪ੍ਰਾਜੈਕਟ ਦੇ ਉਦਘਾਟਨ ਕੀਤਾ ਗਿਆ ਸੀ। ਇਸ ਪ੍ਰਾਜੈਕਟ ਦੇ ਹੋਂਦ ‘ਚ ਆਉਣ ਨਾਲ ਭੂਟਾਨ ਦੀ ਪਣ ਬਿਜਲੀ ਪੈਦਾ ਕਰਨ ਦੀ ਸਮਰੱਥਾ 2,100 ਮੈਗਾਵਾਟ ਹੋ ਗਈ ਸੀ।
ਦੱਸਣਯੋਗ ਹੈ ਕਿ ਪੀਐਮ ਮੋਦੀ ਨੇ ਆਪਣਾ ਅਹੁਦਾ ਸੰਭਾਲਣ ਤੋਂ ਬਾਅਦ ਆਪਣੀ ਪਹਿਲੀ ਵਿਦੇਸ਼ ਯਾਤਰਾ ਤਹਿਤ ਜੂਨ 2014 ‘ਚ ਪਹਿਲੀ ਵਾਰ ਭੂਟਾਨ ਦਾ ਦੌਰਾ ਕੀਤਾ ਸੀ।ਉਨ੍ਹਾਂ ਦੀ ਇਸ ਫੇਰੀ ਨੇ ਭਾਰਤ-ਭੂਟਾਨ  ਸਬੰਧਾਂ ਦੀ ਮਹੱਤਤਾ ਨੂੰ ਪ੍ਰਗਟ ਕੀਤਾ ਸੀ।
ਭੂਟਾਨ ‘ਚ ਭਾਰਤ ਦੀ ਮਦਦ ਨਾਲ ਤਿੰਨ ਹੋਰ ਵੱਡੇ ਪਣ ਬਿਜਲੀ ਪ੍ਰਾਜੈਕਟ ਸਥਾਪਤ ਕੀਤੇ ਗਏ ਹਨ।ਇੰਨ੍ਹਾਂ ‘ਚ 336 ਮੈਗਾਵਾਟ ਚੁਖਾ, 60 ਮੈਗਾਵਾਟ ਖੁਰੀਚੂ ਅਤੇ 1020 ਮੈਗਾਵਾਟ ਤਾਲ ਪ੍ਰਾਜੈਕਟ ਸ਼ਾਮਲ ਹਨ।ਇਹ ਤਿੰਨੇ ਪ੍ਰਾਜੈਕਟ ਸਫਲਤਾਪੂਰਵਕ ਚੱਲ ਰਹੇ ਹਨ ਅਤੇ ਦੇਸ਼ ਦੀ ਵਿਦੇਸ਼ੀ ਆਮਦਨ ‘ਚ ਯੋਗਦਾਨ ਪਾ ਰਹੇ ਹਨ।ਇੰਨ੍ਹਾਂ ਪ੍ਰਾਜੈਕਟਾਂ ‘ਚ ਪੈਦਾ ਹੋਣ ਵਾਲੀ ਬਿਜਲੀ ਦਾ 75% ਤੋਂ ਵੀ ਵੱਧ ਹਿੱਸਾ ਭੂਟਾਨ ਦੀਆਂ ਘਰੇਲੂ ਜ਼ਰੂਰਤਾਂ ਨੂੰ ਪੂਰਾ ਕਰਨ ਤੋਂ ਬਾਅਦ ਭਾਰਤ ਨੂੰ ਹੀ ਵੇਚਿਆ ਜਾਂਦਾ ਹੈ।ਅਗਸਤ 2019 ‘ਚ ਪੀਐਮ ਮੋਦੀ ਦੀ ਭੂਟਾਨ ਫੇਰੀ ਦੌਰਾਨ ਦੋਵਾਂ ਧਿਰਾਂ ਵਿਚਾਲੇ ਇੱਕ ਖਰੀਦ ਸਮਝੌਤਾ ਵੀ ਸਹੀਬੱਧ ਕੀਤਾ ਗਿਆ ਸੀ।
ਭੂਟਾਨ ਸਾਰਕ ਅਤੇ ਬੀਮਸਟੇਕ ਵਰਗੇ ਖੇਤਰੀ ਸਮੂਹਾਂ ਦਾ ਮਹੱਤਵਪੂਰਣ ਮੈਂਬਰ ਹੈ।ਇੱਥੇ ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਭੂਟਾਨ ਨੇ ਬੀਆਰਆਈ ਦੇ ਸਾਲ 2017 ਅਤੇ 2019  ‘ਚ ਹੋਣ ਵਾਲੇ ਸੰਮੇਲੋਨਾਂ ‘ਚ ਸ਼ਿਰਕਤ ਨਹੀਂ ਕੀਤੀ ਸੀ।ਉਸ ਸਮੇਂ ਭਾਰਤ ਨੇ ਵੀ ਚੀਨ ਦੀ ਇਸ ਪਹਿਲ ਨੂੰ ਨਕਾਰਿਆ ਸੀ।ਹੋਰ ਦੱਖਣੀ ਏਸ਼ੀਆਈ ਦੇਸ਼ਾਂ ਨੇਪਾਲ, ਬੰਗਲਾਦੇਸ਼, ਸ੍ਰੀਲੰਕਾ, ਮਾਲਦੀਵ ਅਤੇ ਪਾਕਿਸਤਾਨ ਨੇ ਚੀਨ ਦੀ ਇਸ ਪਹਿਲ ‘ਚ ਹਿੱਸਾ ਪਾਇਆ, ਜਿਸ ਕਰਕੇ ਇਸ ਖੇਤਰ ‘ਚ ਚੀਨ ਨੇ ਆਰਥਿਕ ਦਬਦਬੇ ਨੂੰ ਕਾਇਮ ਕੀਤਾ।
ਭਾਰਤ ਭੂਟਾਨ ਦਾ ਸਭ ਤੋਂ ਵੱਡਾ ਵਪਾਰਕ ਸਾਂਝੀਵਾਲ ਹੈ।ਸਾਲ 2018 ‘ਚ ਦੋਵਾਂ ਦੇਸ਼ਾਂ ਦਰਮਿਆਨ ਦੁਵੱਲਾ ਵਪਾਰ 9227 ਕਰੋੜ ਰੁ. ਰਿਹਾ ਸੀ।ਭਾਰਤ ਭੂਟਾਨ ਨੂੰ ਆਟੋਮੋਬਾਈਲ, ਬਿਜਲਈ ਅਤੇ ਮਸ਼ਨੀਰੀ ਉਪਕਰਣ, ਪੈਟਰੋਲ, ਡੀਜ਼ਲ, ਰਸਾਇਣ ਅਤੇ ਸਪੇਅਰ ਪਾਰਟ ਬਰਾਮਦ ਕਰਵਾਉਂਦਾ ਹੈ।ਜਦਕਿ ਭੂਟਾਨ ਤੋਂ ਵਿਸ਼ੇਸ਼ ਤੌਰ ‘ਤੇ ਬਿਜਲੀ ਦੀ ਦਰਾਮਦ ਕਰਦਾ ਹੈ।ਇਸ ਤੋਂ ਇਲਾਵਾ ਭਾਰਤ ਸਿਲੀਕਾਨ, ਸੀਮਿੰਟ ਕਲੀਕੰਰ, ਟਿੰਬਰ, ਲੱਕੜੀ ਅਤੇ ਖੇਤੀਬਾੜੀ ਉਤਪਾਦਾਂ ਦੀ ਵੀ ਦਰਾਮਦ ਕਰਦਾ ਹੈ।
ਭੂਟਾਨ ਦੇ ਕਈ ਵਿਿਦਆਰਥੀ ਭਾਰਤੀ ਯੂਨੀ. ‘ਚ ਪੇਸ਼ੇਵਰ ਕੋਰਸਾਂ ਤਹਿਤ ਅਧਿਐਨ ਕਰਦੇ ਹਨ।ਕਈ ਨੂੰ ਤਾਂ ਵਜ਼ੀਫੇ ਵੀ ਮਿਲ ਰਹੇ ਹਨ।ਦੋਵਾਂ ਦੇਸ਼ਾਂ ਵਿਚਾਲੇ ਸਭਿਆਚਾਰਕ ਵਟਾਂਦਰੇ ਵੀ ਸਮੇਂ ਸਮੇਂ ‘ਤੇ ਹੁੰਦੇ ਰਹਿੰਦੇ ਹਨ।ਹਰ ਸਾਲ ਵੱਡੀ ਗਿਣਤੀ ‘ਚ ਭੂਟਾਨੀ ਸ਼ਰਧਾਲੂ ਭਾਰਤ ‘ਚ ਬੁੱਧ ਧਾਰਮਿਕ ਸਥਾਨਾਂ ਦੇ ਦਰਸ਼ਨਾਂ ਨੂੰ ਆਉਂਦੇ ਹਨ।
ਪਿਛਲੇ ਕੁੱਝ ਸਮੇਂ ਤੋਂ ਚੀਨ ਵੱਖ-ਵੱਖ ਪ੍ਰਾਜੈਕਟਾਂ ਦੀ ਪੇਸ਼ਕਸ਼ ਕਰਕੇ ਭੂਟਾਨ ਅੰਦਰ ਵੜਣ ਦੀ ਕੋਸ਼ਿਸ਼ ਕਰ ਰਿਹਾ ਹੈ। ਇੰਨ੍ਹਾਂ ਪ੍ਰਾਜੈਕਟਾਂ ‘ਚ ਪਣ ਬਿਜਲੀ ਉਤਪਾਦਨ ਵੀ ਸ਼ਾਮਲ ਹੈ।ਭੂਟਾਨ ‘ਚ ਚੀਨੀ ਵਸਤਾਂ ਦੀ ਬਰਾਮਦ ਪਿਛਲੇ ਕੁੱਝ ਸਮੇਂ ਤੋਂ ਬਹੁਤ ਵੱਧ ਗਈ ਹੈ।
ਸਾਲ 2017 ‘ਚ ਡੋਕਲਾਮ ਟਕਰਾਅ ‘ਚ ਭਾਰਤ, ਭੂਟਾਨ ਅਤੇ ਚੀਨ ਆਹਮੋ-ਸਾਹਮਣੇ ਸਨ।ਹਾਲਾਂਕਿ ਇਸ ਪਿੱਛੇ ਸਾਰੀ ਤਿਕੜਮ ਚੀਨ ਦੀ ਮੰਨੀ ਜਾ ਰਹੀ ਸੀ ਪਰ ਉਸ ਤੋਂ ਬਾਅਧ ਭੂਟਾਨ ਚੀਨ ਵੱਲੋਂ ਕੀਤੀ ਕਿਸੇ ਵੀ ਤਰ੍ਹਾਂ ਦੀ ਪੇਸ਼ਕਸ਼ ਪ੍ਰਤੀ ਸੁਚੇਤ ਹੋ ਗਿਆ ਹੈ।
ਸਕ੍ਰਿਪਟ: ਰਤਨ ਸਾਲਦੀ, ਸਿਆਸੀ ਟਿੱਪਣੀਕਾਰ