ਅਮਰੀਕਾ ਦੇ ਸਾਬਕਾ ਕੌਮੀ ਸੁਰੱਖਿਆ ਸਲਾਹਕਾਰ ਨੇ ਚੀਨ ਦੇ ਵਤੀਰੇ ਨੂੰ ਨਾ ਪ੍ਰਵਾਨਯੋਗ ਦੱਸਿਆ

ਅਮਰੀਕਾ ਦੇ ਸਾਬਕਾ ਰਾਸ਼ਟਰੀ ਸੁਰੱਖਿਆ ਸਲਾਹਕਾਰ ਜੌਨ ਬੋਲਟਨ ਨੇ ਕਿਹਾ ਕਿ 21ਵੀਂ ਸਦੀ ‘ਚ ‘ਚ ਭਾਰਤ-ਅਮਰੀਕਾ ਸਬੰਧ ਅਮਰੀਕਾ ਲਈ ਸਭ ਤੋਂ ਵੱਧ ਖਾਸ ਹੋਣਗੇ।ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਅਮਰੀਕਾ ਦੇ ਨਜ਼ਰੀਏ ਤੋਂ ਚੀਨ ਨਾਲ ਸਬੰਧ ਚੁਣੌਤੀਪੂਰਨ ਹੀ ਹੋਣਗੇ।ਰਣਨੀਤਕ ਪੱਧਰ ‘ਤੇ ਅਮਰੀਕਾ-ਭਾਰਤ ਵਿਚਾਲੇ ਦੁਵੱਲੇ ਸਬੰਧ ਵਾਸ਼ਿਗੰਟਨ ਲਈ ਇਸ ਸਦੀ ‘ਚ ਸਭ ਤੋਂ ਖਾਸ ਬਣਨ ਜਾ ਰਹੇ ਹਨ।ਦੂਜੇ ਪਾਸੇ 21ਵੀਂ ਸਦੀ ‘ਚ ਚੀਨ ਅਮਰੀਕਾ ਲਈ ਸੰਭਾਵਤ ਖਤਰੇ ਨਾਲੋਂ ਘੱਟ ਨਹੀਂ ਹੈ।ਸ੍ਰੀ ਬੋਲਟਨ ਨੇ ਕਿਹਾ ਕਿ ਵਿਸ਼ਵ ਦੇ ਉਪਰਲੇ ਪੱਧਰ ‘ਤੇ ਭਾਰਤ ਅਜਿਹਾ ਦੇਸ਼ ਹੋਵੇਗਾ ਜੋ ਕਿ ਹਰ ਖੇਤਰ ’ਚ ਸਭਨਾਂ ਨੂੰ ਵਿਖਾਈ ਪਵੇਗਾ।
ਦੁਨੀਆਂ ਦੀਆਂ ਸਭ ਤੋਂ ਵੱਡੀਆਂ ਦੋ ਲੋਕਤੰਤਰੀ ਤਾਕਤਾਂ ਵਿਚਾਲੇ ‘ਬਹੁਤ ਸਾਰੀਆਂ ਸਾਂਝੀਆਂ ਕਦਰਾਂ- ਕੀਮਤਾਂ ਅਤੇ ਵੱਧ ਰਹੀ ਵਿਰਾਸਤੀ ਸਾਂਝ’ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਅਮਰੀਕਾ ਇੱਕ ਅਜਿਹਾ ਦੇਸ਼ ਬਣ ਗਿਆ ਹੈ, ਜਿੱਥੇ ਦੁਨੀਆ ਭਰ ਦੇ ਲੋਕ ਪ੍ਰਵਾਸ ਕਰ ਚੁੱਕੇ ਹਨ।ਇਸ ਲਈ ਭਾਰਤ ਵੱਲ ਵਧੇਰੇ ਧਿਆਨ ਜਾਣਾ ਲਾਜ਼ਮੀ ਹੀ ਹੈ।
ਬੋਲਟਨ ਨੇ ਮੰਨਿਆਂ ਕਿ ਭਾਰਤ ਅਤੇ ਅਮਰੀਕਾ ਦਰਮਿਆਨ ਅਜਿਹੇ ਬਹੁਤ ਸਾਰੇ ਮਸਲੇ ਹਨ ਜਿੰਨ੍ਹਾਂ ਨੂੰ ਵਿਚਾਰੇ ਜਾਣ ਦੀ ਲੋੜ ਹੈ।ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ‘ਭੁ-ਰਾਜਨੀਤਿਕ ਤੌਰ ‘ਤੇ ਇਹ ਬਹੁਤ ਹੀ ਨਾਜ਼ੁਕ ਮਸਲਾ ਹੈ’।
ਪੂਰਬੀ ਲੱਦਾਖ ‘ਚ ਭਾਰਤ-ਚੀਨ ਵਿਚਾਲੇ ਹੋਏ ਟਕਰਾਅ ਬਾਰੇ ਬੋਲਦਿਆਂ ਬੋਲਟਨ ਨੇ ਕਿਹਾ ਕਿ ਇਸ ਤਰ੍ਹਾਂ ਦਾ ਵਤੀਰਾ ਅਮਰੀਕਾ ਅਤੇ ਚੀਨ ਦੀ ਬਾਹਰੀ ਸੀਮਾ ਦੇ ਘੇਰੇ ‘ਚ ਆਉਂਦੇ ਹਰ ਨਾਗਰਿਕ ਲਈ ਗੰਭੀਰ ਚਿੰਤਾ ਦਾ ਵਿਸ਼ਾ ਹੈ।
ਉਨ੍ਹਾਂ ਅੱਗੇ ਕਿਹਾ ਕਿ ਚੀਨ ਕੋਲ ਦੂਨੀਆ ਦਾ ਸਭ ਤੋਂ ਵੱਡਾ ਹਮਲਾਵਰ ਸਾਈਬਰ ਜੰਗੀ ਪ੍ਰੋਗਰਾਮ ਹੈ।ਪੱਛਮੀ ਪ੍ਰਸ਼ਾਂਤ ਖੇਤਰ ‘ਚ ਅਮਰੀਕੀ ਜਲ ਸੈਨਾ ਨੂੰ ਬਾਹਰ ਕਰਨ ਲਈ ਚੀਨ ਐਂਟੀ-ਐਕਸੈਸ ਹਥਿਆਰਾਂ ਦੀ ਵਰਤੋਂ ਕਰ ਰਿਹਾ ਹੈ।ਬੀਜਿੰਗ ਵੱਲੋਂ ਆਪਣੀਆਂ ਬਾਲਿਸਟਿਕ ਮਿਜ਼ਾਇਲ  ਅਤੇ ਪ੍ਰਮਾਣੂ ਹਥਿਆਰਾਂ ਦੀ ਸਮਰੱਥਾ ‘ਚ ਵਾਧਾ ਕੀਤਾ ਜਾ ਰਿਹਾ ਹੈ।ਉਨ੍ਹਾਂ ਨੇ ਇਹ ਸਭ ਭਾਰਤ ਅਤੇ ਦੂਜੇ ਦੇਸ਼ਾਂ ਨਾਲ ਲੱਗਦੀਆਂ ਚੀਨ ਦੀਆਂ ਸਰਹੱਦਾਂ ‘ਤੇ ਬੀਜਿੰਗ ਵੱਲੋਂ ਅਪਣਾਏ ਗਏ ਰੁਖ਼ ਨੂੰ ਰੇਖਾਂਕਿਤ ਕਰਦਿਆਂ ਕਿਹਾ।
ਬੋਲਟਨ ਨੇ ਕਿਹਾ ਕਿ ਬਾਕੀ ਦੁਨੀਆਂ ਨੇ ਪਿਛਲੇ 30-40 ਸਾਲਾਂ ‘ਚ ਚੀਨ ਬਾਰੇ ਜੋ ਸੋਚਿਆ ਸੀ ਉਹ ਗਲਤ ਨਿਕਲਿਆ।ਉਨ੍ਹਾਂ ਦਾ ਮੰਨਣਾ ਸੀ ਕਿ ਚੀਨ ਨੂੰ ਮਿਲੀ ਆਰਥਿਕ ਆਜ਼ਾਦੀ ਅਤੇ ਵਿਕਾਸ, ਉਸ ਨੂੰ ਅੰਤਰਰਾਸ਼ਟਰੀ ਆਰਥਿਕ ਨੇਮਾਂ ਦੀ ਪਾਲਣਾ ਲਈ ਪ੍ਰੇਰਿਤ ਕਰੇਗਾ, ਪਰ ਇਹ ਤੱਥ ਗਲਤ ਸਾਬਤ ਹੋਏ ਹਨ।ਅਮਰੀਕਾ ਦਾ ਮੰਨਣਾ ਹੈ ਕਿ ਜਿਵੇਂ ਜਿਵੇਂ ਚੀਨ ਵਧੇਰੇ ਖੁਸ਼ਹਾਲ ਹੁੰਦਾ ਜਾਵੇਗਾ, ਦੇਸ਼ ਦੀ ਸਰਕਾਰ ਗ੍ਰਾਮੀਣ ਚੋਣਾਂ ਤੋਂ ਸੂਬਾਈ ਚੌਣਾਂ ਅਤੇ ਕੌਮੀ ਚੌਣਾਂ ਤੱਕ ਵਧੇਗੀ।ਪਰ ਇਹ ਵੀ ਗਲਤ ਸਾਬਤ ਹੋਇਆ।
ਚੀਨ ਵੱਲੋਂ ਆਲਮੀ ਉਮੀਦਾਂ ਨੂੰ ਦਰਕਿਨਾਰ ਕੀਤੇ ਜਾਣ ‘ਤੇ ਬੋਲਟਨ ਨੇ ਕਿਹਾ ਕਿ ਨੀਤੀਗਤ ਢਾਂਚੇ ਦੀ ਸਮੀਖਿਆ ਕੀਤੀ ਜਾਣੀ ਚਾਹੀਦੀ ਹੈ, ਜੋ ਕਿ ਚੀਨ ਸਬੰਧੀ ਇੰਨ੍ਹਾਂ ਧਾਰਨਾਵਾਂ ‘ਤੇ ਅਧਾਰਤ ਸੀ।
ਬੋਲਟਨ ਨੇ ਅੱਗੇ ਕਿਹਾ ਕਿ ਮਾਓ ਤਸੇ-ਤੁੰਗ ਤੋਂ ਬਾਅਧ ਰਾਸ਼ਟਰਪਤੀ ਸ਼ੀ ਜਿਨਪਿੰਗ ਸਭ ਤੋਂ ਸ਼ਕਤੀਸ਼ਾਲੀ ਚੀਨੀ ਆਗੂ ਹੋਏ ਹਨ।ਪਰ ਪ੍ਰਤੀਨਿਧੀ ਸਰਕਾਰ ਦੇ ਪ੍ਰਸਾਰ ਦਾ ਕੋਈ ਸੰਕੇਤ ਨਹੀਂ ਹੈ।ਉਨ੍ਹਾਂ ਕਿਹਾ ਕਿ ਸ਼ੀ ਇੱਕ ਤਾਨਾਸ਼ਾਹ ਆਗੂ ਹੈ, ਜਿਸ ਦੀਆਂ ਯੋਜਨਾਵਾਂ ਬਹੁਤ ਹੀ ਹਮਲਾਵਰ ਰਹੀਆਂ ਹਨ।ਬੋਲਟਨ ਨੂੰ ਵਿਸ਼ਵ ਵਿਆਪੀ ਮਾਮਲਿਆਂ ‘ਚ ਚੀਨ ਦੀ ਜ਼ਿੰਮੇਵਾਰ ਹਿੱਸੇਦਾਰੀ ‘ਤੇ ਸ਼ੱਕ ਹੈ।
ਬੋਲਟਨ ਨੇ ਮਹਿਸੂਸ ਕੀਤਾ ਹੈ ਕਿ ਚੀਨ ਦਾ ਉਭਾਰ ਸ਼ਾਂਤੀਪੂਰਨ ਨਹੀਂ ਹੈ ਅਤੇ ਨਾ ਹੀ ਉਹ ਇੱਕ ਜ਼ਿੰਮੇਵਾਰ ਹਿੱਸੇਦਾਰ ਹੈ।ਦੱਖਣੀ ਚੀਨ ਸਾਗਰ ‘ਚ ਚੀਨ ਦਾ ਪ੍ਰਭਾਵੀ ਰੁਤਬਾ ਕਾਇਮ ਹੋ ਗਿਆ ਹੈ।ਉਨ੍ਹਾਂ ਵੱਲੋਂ ਅਸਲ ‘ਚ ਦੱਖਣੀ ਚੀਨ ਸਾਗਰ ‘ਚ ਆਪਣੇ ਫੌਜੀ ਠਿਕਾਣਿਆਂ ਦਾ ਨਿਰਮਾਣ ਕੀਤਾ ਗਿਆ ਹੈ ਅਤੇ ਹੋਰ ਕਾਰਵਾਈਆਂ ਵੀ ਜਾਰੀ ਹਨ।
ਇਸ ਤੋਂ ਇਲਾਵਾ ਬੋਲਟਨ ਨੇ ਕੋਵਿਡ-19 ਮਹਾਮਾਰੀ ਦੇ ਫੈਲਾਅ ਸਬੰਧੀ ਅਸਲ ਜਾਣਕਾਰੀ ਜਨਤਕ ਨਾ ਕਰਨ ‘ਤੇ ਵੀ ਚੀਨੀ ਸਰਕਾਰ ਦੀ ਨਿੰਦਾ ਕੀਤੀ।ਉਨ੍ਹਾਂ ਅੱਗੇ ਕਿਹਾ ਕਿ ਅੱਜ ਤੱਕ ਕੋਈ ਵੀ ਚੀਨ ਅੰਦਰ ਇਸ ਦੇ ਪ੍ਰਭਾਵ ਦੀ ਅਸਲ ਸਥਿਤੀ ਤੋਂ ਜਾਣੂ ਨਹੀਂ ਹੈ।ਅਮਰੀਕਾ, ਯੂਰਪ,ਲਾਤੀਨੀ ਅਮਰੀਕਾ, ਭਾਰਤ ਅਤੇ ਹੋਰ ਦੇਸ਼ਾਂ ‘ਚ ਇਸ ਮਹਾਮਾਰੀ ਕਾਰਨ ਹਾਸਲ ਹੋਏ ਅੰਕੜਿਆਂ ਦੀ ਤੁਲਨਾ ਕਰਨ ‘ਤੇ ਇੰਝ ਲੱਗਦਾ ਹੈ ਜਿਵੇਂ ਕਿ ਚੀਨ ‘ਚ ਇਸ ਮਹਾਮਾਰੀ ਦਾ ਨਾਮੋ ਨਿਸ਼ਾਨ ਹੀ ਖ਼ਤਮ ਹੋ ਗਿਆ ਹੈ।ਪਰ ਇਹ ਕਿਵੇਂ ਹੋ ਸਕਦਾ ਹੈ। ਸਭਨਾਂ ਦੇ ਮਨਾਂ ‘ਚ ਇਹੋ ਸਵਾਲ ਹੈ।ਕੋਰੋਨਾਵਾਇਰਸ ਕਰਕੇ ਚੀਨ ਦੇ ਆਰਥਿਕ ਪੱਖ ‘ਤੇ ਕੀ ਪ੍ਰਭਾਵ ਪਿਆ ਹੈ ਇਸ ਤੱਥ ਤੋਂ ਵੀ ਪੂਰੀ ਦੁਨੀਆ ਅਣਜਾਨ ਹੈ।
ਬੋਲਟਨ ਨੇ ਕੋਵਿਡ-19 ਮਹਾਮਾਰੀ ਦੇ ਮੂਲ ਕਾਰਨਾ ਦਾ ਪਤਾ ਲਗਾਉਣ ਲਈ ਚੀਨ ਦੇ ਇਰਾਦਿਆਂ ‘ਤੇ ਵੀ ਸਵਾਲਿਆ ਨਿਸ਼ਾਨ ਲਗਾਇਆ।ਉਨ੍ਹਾਂ ਕਿਹਾ ਕਿ ਜੋ ਦੇਸ਼ ਇਸ ਮਹਾਮਾਰੀ ਦੀ ਜੜ੍ਹ ਤੱਕ ਜਾਣਾ ਚਾਹੁੰਦਾ ਹੈ, ਉਸ ਨੂੰ ਵਿਿਗਆਨੀਆਂ ਅਤੇ ਡਾਕਟਰਾਂ ਨੂੰ ਹਰ ਤਰ੍ਹਾਂ ਦੀ ਖੁੱਲ੍ਹ ਦੇਣ ‘ਚ ਕੋਈ ਦਿੱਕਤ ਨਹੀਂ ਹੋਣੀ ਚਾਹੀਦੀ ਹੈ, ਪਰ ਚੀਨ ‘ਚ ਤਾਂ ਅਜਿਹਾ ਨਹੀਂ ਹੋਇਆ।
ਬੋਲਟਨ ਨੇ ਕਿਹਾ ਕਿ ਜ਼ੈਡਟੀਈ ਅਤੇ ਹੁਆਵੇਈ ਨੂੰ ਵਪਾਰਕ ਸੰਚਰ ਕੰਪਨੀਆਂ ਨਹੀਂ ਹਨ ਪਰ ਇਹ ਦੋਵੇਂ ਹੀ ਚੀਨ ਦੀਆਂ ਮਜ਼ਬੂਤ ਬਾਹਾਂ ਹਨ।ਪੂਰੀ ਦੁਨੀਆ ‘ਚ ਆਰਥਿਕ ਖੇਤਰ ‘ਚ ਆਪਣੇ ਦਬਦਬੇ ਨੂੰ ਕਾਇਮ ਕਰਨ ਲਈ ਬੀਜਿੰਗ ਵੱਲੋਂ ਇੰਨ੍ਹਾਂ ਦੀ ਵਰਤੋਂ ਕੀਤੀ ਜਾ ਰਹੀ ਹੈ।ਇਹ ਬੀਆਰਆਈ ਪਹਿਲਕਦਮੀ ਦਾ ਵੀ ਹਿੱਸਾ ਹਨ।ਬੋਲਟਨ ਨੇ ਕਿਹਾ ਕਿ ਇਹ ਇੱਕ ਲੰਬੇ ਸਮੇਂ ਦੀ ਰਣਨੀਤੀ ਹੈ ਜਿਸ ਨੂੰ ਸਮੇਂ ਰਹਿੰਦਿਆਂ ਹੀ ਸਮਝ ਲੈਣਾ ਦੁਨੀਆਂ ਭਰ ਲਈ ਬਹੁਤ ਜ਼ਰੂਰੀ ਹੈ।
ਸਕ੍ਰਿਪਟ: ਸਿਧਾਰਥ ਰਾਏ, ਪੱਤਰਕਾਰ