ਅਫ਼ਗਾਨ ਸ਼ਾਂਤੀ ਪ੍ਰਕ੍ਰਿਆ ਦੇ ਸਬੰਧ ‘ਚ ਸੰਮੇਲਨ

ਅਫ਼ਗਾਨਿਸਤਾਨ ਦੀ ਰਾਜਧਾਨੀ ਕਾਬੁਲ ਵੱਲੋਂ ਅਫ਼ਗਾਨ ਸ਼ਾਂਤੀ ਪ੍ਰਕ੍ਰਿਆ ਨਾਲ ਸਬੰਧਤ ਇੱਕ ਹਫ਼ਤੇ ਤੱਕ ਚੱਲਣ ਵਾਲੇ ਵਰਚੁਅਲ਼ ਸੰਮੇਲਨ ਦੀ ਮੇਜ਼ਬਾਨੀ ਕੀਤੀ ਗਈ ਹੈ।ਇਸ ਦਾ ਆਯੋਜਨ ਰਾਸ਼ਟਰਪਤੀ ਭਵਨ ਵੱਲੋਂ ਕੀਤਾ ਗਿਆ ਹੈ।ਇਸ ਸੰਮੇਲਨ ਦਾ ਮਕਸਦ ਦੇਸ਼ ‘ਚ ਸ਼ਾਂਤੀ ਪ੍ਰਕ੍ਰਿਆ ‘ਤੇ ਇੱਕ ਮਤ ਸਥਾਪਤ ਕਰਨਾ ਹੈ।ਇਸ ਸੰਮੇਲਨ ‘ਚ ਵੀਡੀਓ ਕਾਨਫਰੰਸ ਰਾਹੀਂ 19 ਦੇਸ਼ਾਂ ਅਤੇ ਅੰਤਰਰਾਸ਼ਟਰੀ ਸੰਗਠਨਾਂ ਦੇ ਨੁਮਾਇੰਦੇ ਸ਼ਿਰਕਤ ਕਰ ਰਹੇ ਹਨ। ਇਸ ਕਾਨਫਰੰਸ ‘ਚ ਸ਼ਾਮਲ ਹੋਣ ਵਾਲੇ ਦੇਸ਼ਾਂ ਅਤੇ ਸੰਗਠਨਾਂ ‘ਚ ਈਰਾਨ,ਭਾਰਤ, ਪਾਕਿਸਤਾਨ,ਅਣਰਬਾਈਜਾਨ, ਮਿਸਰ, ਚੀਨ, ਕਜ਼ਾਕਿਸਤਾਨ, ਕਿਰਗਿਸਤਾਨ, ਕਤਰ, ਸਾਊਦੀ ਅਰਬ, ਰੂਸ, ਤਜ਼ਾਕਿਸਤਾਨ, ਉਜ਼ਬੇਕਿਸਤਾਨ, ਤੁਰਕੀ , ਸੰਯੁਕਤ ਅਰਬ ਅਮੀਰਾਤ, ਸੰਯੁਕਤ ਰਾਜ, ਇਸਲਾਮਿਕ ਸਹਿਕਾਰਤਾ ਸੰਗਠਨ ਅਤੇ ਸੰਯੁਕਤ ਰਾਸ਼ਟਰ ਹਨ।
ਇੰਨ੍ਹਾਂ ਬੈਠਕਾਂ ਦੀ ਮੇਜ਼ਬਾਨੀ ਕਾਰਜਕਾਰੀ ਵਿਦੇਸ਼ ਮੰਤਰੀ ਮੁਹੰਮਦ ਹਨੀਫ ਅਤਮਰ ਕਰ ਰਹੇ ਹਨ।ਅਫ਼ਗਾਨ ਵਿਦੇਸ਼ ਮੰਤਰਾਲੇ ਨੇ ਕਿਹਾ ਹੈ ਕਿ ਇਸ ਹਫ਼ਤੇ ਭਰ ਚੱਲਣ ਵਾਲੇ ਸੰਮੇਲਨ ‘ਚ ਵੱਖ-ਵੱਖ ਦੇਸ਼ਾਂ ਅਤੇ ਕੌਮਾਂਤਰੀ ਸੰਗਠਨਾਂ ਦੇ ਨੁਮਾਇੰਦੇ ਹਿੰਸਾ ‘ਤੇ ਕਾਬੂ ਪਾਉਣ, ਤਾਲਿਬਾਨੀ ਕੈਦੀਆਂ ਦੀ ਰਿਹਾਈ, ਜੰਗਬੰਦੀ ਅਤੇ ਅੰਤਰ-ਅਫ਼ਗਾਨ ਵਾਰਤਾ ਦੀ ਸ਼ੁਰੂਆਤ ਸਬੰਧੀ ਵਿਚਾਰ ਚਰਚਾ ਕਰਨਗੇ।
ਅਫ਼ਗਾਨ ਸਰਕਾਰ ਦਾ ਕਹਿਣਾ ਹੈ ਕਿ ਉਹ ਦੇਸ਼ ‘ਚ ਸ਼ਾਂਤੀ, ਸਥਿਰਤਾ ਨੂੰ ਯਕੀਨੀ ਬਣਾਉਣ ਅਤੇ ਚੱਲ ਰਹੇ ਯੁੱਧ ਨੂੰ ਖ਼ਤਮ ਕਰਨ ਲਈ ਅੰਤਰ-ਅਫ਼ਗਾਨ ਵਾਰਤਾ ਜਲਦ ਹੀ ਸ਼ੁਰੂ ਕਰਨ ਲਈ ਵਚਨਬੱਧ ਹੈ।ਪਰ ਸ਼ਾਂਤੀ ਪ੍ਰਕ੍ਰਿਆ ਅੱਗੇ ਅਜੇ ਵੀ ਕਈ ਖੜੋਤਾਂ ਹਨ।ਅੰਤਰ-ਅਫ਼ਗਾਨ ਗੱਲਬਾਤ ਦੇ ਨਾ ਸ਼ੁਰੂ ਹੋਣ ਪਿੱਛੇ ਸਭ ਤੋਂ ਖਾਸ ਕਾਰਨ ਅਫ਼ਗਾਨ ਸਰਕਾਰ ਵੱਲੋਂ 597 ਕੈਦੀਆਂ ਦੀ ਰਿਹਾਈ ‘ਤੇ ਮੋਹਰ ਨਾ ਲਗਾਉਣਾ ਹੈ। ਜ਼ਿਕਰਯੋਗ ਹੈ ਕਿ ਇਸ ਸਾਲ ਫਰਵਰੀ ਮਹੀਨੇ ਹੋਏ ਅਮਰੀਕਾ ਅਤੇ ਤਾਲਿਬਾਨ ਸਮਝੌਤੇ ਦੇ ਹਿੱਸੇ ਵੱਜੋਂ 5 ਹਜ਼ਾਰ ਕੈਦੀਆਂ ‘ਚੋਂ 597 ਨੂੰ ਰਿਹਾਅ ਕੀਤਾ ਜਾਣਾ ਸੀ ।
ਅਫ਼ਗਾਨ ਸਰਕਾਰ ਮੁਤਾਬਕ ਹੁਣ ਤੱਕ 4,015 ਤਾਲਿਬਾਨੀ ਕੈਦੀਆਂ ਨੂੰ ਰਿਹਾਅ ਕੀਤਾ ਗਿਆ ਹੈ ਅਤੇ ਇਹ ਪ੍ਰਕ੍ਰਿਆ ਅਗਾਂਹ ਵੀ ਜਾਰੀ ਹੈ। ਇੰਨ੍ਹਾਂ 597 ਕੈਦੀਆਂ ਦੇ ਸਿਰ ਗੰਭੀਰ ਨੈਤਿਕ ਮਾਮਲੇ ਦਰਜ ਹਨ।ਜਦੋਂ ਅਫ਼ਗਾਨ ਸਰਕਾਰ ਦੀ ਵਾਰਤਾ ਟੀਮ ਤਾਲਿਬਾਨ ਅੱਗੇ ਆਪਣੀਆਂ ਸ਼ਰਤਾਂ ਨਰਮ ਕਰਨ ਬਾਰੇ ਸੋਚ ਰਹੀ ਹੈ ਉੱਥੇ ਹੀ ਦੂਜੇ ਪਾਸੇ ਤਾਲਿਬਾਨ ਵੱਲੋਂ ਆਪਣੀਆਂ ਹਿੰਸਕ ਗਤੀਵਿਧੀਆਂ ਰਾਹੀਂ ਕਹਿਰ ਜਾਰੀ ਹੈ।ਬੰਬ ਧਮਾਕੇ, ਅਫ਼ਗਾਨ ਨਾਗਰਿਕਾਂ ਅਤੇ ਸੁਰੱਖਿਆ ਬਲਾਂ ਨੂੰ ਨਿਸ਼ਾਨਾ ਬਣਾ ਕੇ ਕਈ ਹਮਲੇ ਕੀਤੇ ਜਾ ਰਹੇ ਹਨ।ਕੁੱਲ ਮਿਲਾ ਕੇ ਦੇਸ਼ ‘ਚ ਖੂਨ ਖਰਾਬਾ ਲਗਾਤਾਰ ਜਾਰੀ ਹੈ।
ਭਾਵੇਂ ਕਿ ਅਮਰੀਕਾ ਅਤੇ ਤਾਲਿਬਾਨ ਵਿਚਾਲੇ ਫਰਵਰੀ ਮਹੀਨੇ ਸਮਝੌਤਾ ਹੋ ਚੁੱਕਿਆ ਹੈ ਪਰ ਕੈਦੀਆਂ ਨੂੰ ਰਿਹਾਅ ਕਰਨ ਦੇ ਮੁੱਦੇ ‘ਤੇ ਤਾਲਿਬਾਨ ਅਤੇ ਅਫ਼ਗਾਨ ਸਰਕਾਰ ਵਿਚਾਲੇ ਮਤਭੇਦ ਹੋਣ ਕਰਕੇ ਦੇਸ਼ ‘ਚ ਸ਼ਾਂਤੀ ਪਹਿਲਾਂ ਵਾਂਗਰ ਹੀ ਭੰਗ ਹੈ।
ਅਫ਼ਗਾਨਿਸਤਾਨ ਦੀ ਮੌਜੂਦਾ ਸਿਆਸੀ ਸਥਿਤੀ ਦੇ ਸਬੰਧ ‘ਚ ਇੱਕ ਗੱਲ ਕਹੀ ਜਾ ਸਕਦੀ ਹੈ ਕਿ ਜਿਸ ਧਿਰ ਨੂੰ ਲਾਭ ਪਹੁੰਚ ਰਿਹਾ ਹੈ ਉਹ ਹੈ ਤਾਲਿਬਾਨ।ਅੱਜ ਉਹ ਅਫ਼ਗਾਨ ਦੀ ਰਾਜਨੀਤੀ ‘ਚ ਅਹਿਮ ਭੂਮਿਕਾ ਅਦਾ ਕਰ ਰਹੇ ਹਨ ਅਤੇ ਅੰਤਰਰਾਸ਼ਟਰੀ ਪੱਧਰ ‘ਤੇ ਇਸ ਸਮੂਹ ਨਾਲ ਜੁੜਣ ਦੀ ਉਤਸੁਕਤਾ ਵੀ ਪ੍ਰਦਰਸ਼ਿਤ ਹੋ ਰਹੀ ਹੈ।ਇਸ ਤੋਂ ਇਲਾਵਾ ਇਹ ਅਮਰੀਕਾ ਨਾਲ ਇੱਕ ਸਮਝੌਤਾ ਕਰਨ ‘ਚ ਵੀ ਸਫਲ ਰਿਹਾ ਹੈ।ਸੰਯੁਕਤ ਰਾਸ਼ਟਰ ਦੀਆਂ ਰਿਪੋਰਟਾਂ ‘ਚ ਕਿਹਾ ਗਿਆ ਹੈ ਕਿ ਤਾਲਿਬਾਨ ਲੜਾਕੂਆਂ ਨੇ ਗੈਰ ਤਾਲਿਬਾਨੀ ਸਮੂਹਾਂ ਨਾਲ ਰਣਨੀਤਕ ਗੱਠਜੋੜ ਸਥਾਪਤ ਕੀਤੇ ਹਨ, ਜੋ ਕਿ ਤਾਲਿਬਾਨ ਨੂੰ ਦੇਸ਼ ‘ਚ ਸ਼ਾਂਤੀ ਭੰਗ ਕਰਨ ਦੀ ਇਜਾਜ਼ਤ ਦਿੰਦੇ ਹਨ।
ਹੱਕਾਨੀ ਨੈੱਟਵਰਕ ਨੇ ਖੋਰਾਸਨ ਦੇ ਇਸਲਾਮਿਕ ਰਾਜ ਨਾਲ ਭਾਈਵਾਲੀ ਸਥਾਪਤ ਕਰਨ ਦੀ ਪ੍ਰਕ੍ਰਿਆ ਸ਼ੁਰੂ ਕਰ ਦਿੱਤੀ ਹੈ।ਉਸ ਵੱਲੋਂ ਹਮਲੇ ਕਰਨ ਲਈ ਤਕਨੀਕੀ ਮਦਦ ਮੁਹੱਈਆ ਕਰਵਾਈ ਜਾ ਰਹੀ ਹੈ।ਦੱਸਣਯੋਗ ਹੈ ਕਿ ਮਾਰਚ ਮਹੀਨੇ ਕਾਬੁਲ ‘ਚ ਇੱਕ ਗੁਰਦੁਆਰੇ ‘ਤੇ ਹੋਏ ਹਮਲੇ ‘ਚ ਇੰਨ੍ਹਾਂ ਦੀ ਆਪਸੀ ਸਾਂਠ ਗਾਂਠ ਨਾਲ ਹੀ ਹਮਲੇ ਨੂੰ ਅੰਜਾਮ ਦਿੱਤਾ ਗਿਆ ਸੀ।
ਭਾਰਤ ਅਫ਼ਗਾਨਿਸਤਾਨ ‘ਚ ਹੋ ਰਹੀਆਂ ਘਟਨਾਵਾਂ ਅਤੇ ਵਿਕਾਸ ‘ਤੇ ਬਾਜ਼ ਅੱਖ ਰੱਖ ਰਿਹਾ ਹੈ।ਨਵੀਂ ਦਿੱਲੀ ਪੂਰੀ ਤਰ੍ਹਾਂ ਨਾਲ ਚੌਕਸ ਹੋ ਕੇ ਸਾਰੀ ਸਥਿਤੀ ਨੂੰ ਭਾਂਪ ਰਹੀ ਹੈ।ਨਵੀਂ ਦਿੱਲੀ ਨੇ ਪਹਿਲਾਂ ਹੋਏ ਸਮਝੌਤੇ ਦਾ ਸਵਾਗਤ ਕੀਤਾ ਹੈ।ਭਾਰਤ ਗਨੀ ਸਰਕਾਰ ਦੀ ਹਿਮਾਇਤ ‘ਚ ਹੈ ਅਤੇ ਚਾਹੁੰਦਾ ਹੈ ਕਿ ਤਾਲਿਬਾਨ ਅਫ਼ਗਾਨਿਸਤਾਨ ‘ਚ ਜਮਹੂਰੀ ਰਾਜਨੀਤਿਕ ਢਾਂਚੇ ਨੂੰ ਮਾਨਤਾ ਦੇਵੇ।
ਇਸ ਸਮੇਂ ਦੁਨੀਆ ਭਰ ‘ਚ ਕੋਰੋਨਾਵਾਇਰਸ ਮਹਾਮਾਰੀ ਦਾ ਕਹਿਰ ਜਾਰੀ ਹੈ।ਅਜਿਹੀ ਸਥਿਤੀ ‘ਚ ਭਾਰਤ ਵੱਲੋਂ ਅਫ਼ਗਾਨਿਸਤਾਨ ਨੂੰ ਲਗਾਤਾਰ ਮੈਡੀਕਲ ਸਹੂਲਤ ਅਤੇ ਭੋਜਨ ਦੀ ਸਪਲਾਈ ਕੀਤੀ ਜਾ ਰਹੀ ਹੈ।
ਸਕ੍ਰਿਪਟ: ਡਾ.ਸਮਿਤਾ, ਅਫ਼ਗਾਨ-ਪਾਕਿ ਮਾਮਲਿਆਂ ਲਈ ਰਣਨੀਤਕ ਵਿਸ਼ਲੇਸ਼ਕ