ਭਾਰਤ ਨੇ ਸ਼ੇਰਾਂ ਦੀ ਜਨਗਣਨਾ ਦੌਰਾਨ ਵੱਡੇ ਪੱਧਰ ‘ਤੇ ਕੈਮਰਾ ਟਰੈਪ ਜੰਗਲੀ ਜੀਵ ਸਰਵੇਖਣ ਦੀ ਤਕਨੀਕ ਵਰਤ ਕੇ ਗਿੰਨੀਜ਼ ਵਰਲਡ ਰਿਕਾਰਡ ਕੀਤਾ ਕਾਇਮ

ਭਾਰਤ ਵਿੱਚ ਸ਼ੇਰਾਂ ਦੀ ਗਿਣਤੀ ਦੌਰਾਨ ਦੁਨੀਆ ਦਾ ਸਭ ਤੋਂ ਵੱਡਾ ਕੈਮਰਾ ਟਰੈਪ ਵਾਈਲਡ ਲਾਈਫ ਸਰਵੇਖਣ ਕੀਤੇ ਜਾਣ ਦੇ ਸਿੱਟੇ ਵਜੋਂ ਭਾਰਤ ਨੇ ਗਿੰਨੀਜ਼ ਵਰਲਡ ਰਿਕਾਰਡ ਵਿੱਚ ਆਪਣਾ ਨਾਂ ਦਰਜ ਕਰਾ ਲਿਆ ਹੈ। ਇਸ ਪ੍ਰਾਪਤੀ ਨੂੰ ਇਕ ਮਹਾਨ ਪਲ ਦੱਸਦਿਆਂ ਵਾਤਾਵਰਣ ਮੰਤਰੀ ਪ੍ਰਕਾਸ਼ ਜਾਵੜੇਕਰ ਨੇ ਇੱਕ ਟਵੀਟ ਵਿੱਚ ਕਿਹਾ ਕਿ ਇਹ ਆਤਮ ਨਿਰਭਰ ਭਾਰਤ ਦੀ ਇੱਕ ਚਮਕਦਾਰ ਮਿਸਾਲ ਹੈ, ਜਿਸ ਨੂੰ ‘ਸੰਕਲਪ ਸੇ ਸਿੱਧੀ’ ਰਾਹੀਂ ਪ੍ਰਾਪਤ ਕੀਤਾ ਗਿਆ ਹੈ।

ਵਾਤਾਵਰਣ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿਚ ਭਾਰਤ ਨੇ ਟੀਚੇ ਤੋਂ ਚਾਰ ਸਾਲ ਪਹਿਲਾਂ ਸ਼ੇਰਾਂ ਦੀ ਸੰਖਿਆ ਦੁੱਗਣੀ ਕਰਨ ਦੇ ਆਪਣੇ ਸੰਕਲਪ ਨੂੰ ਪੂਰਾ ਕੀਤਾ ਹੈ।

ਇਸ ਤਾਜ਼ਾ ਮਰਦਮਸ਼ੁਮਾਰੀ ਦੇ ਅਨੁਸਾਰ ਭਾਰਤ ਵਿੱਚ 2967 ਦੇ ਲਗਭਗ ਸ਼ੇਰ ਹਨ। ਇਸ ਨਾਲ ਹੀ ਭਾਰਤ, ਦੁਨੀਆ ਭਰ ਵਿੱਚ ਪਾਏ ਜਾਣ ਵਾਲੇ ਸ਼ੇਰਾਂ ਦੀ ਆਬਾਦੀ ਵਿੱਚੋਂ ਲਗਭਗ 75 ਫੀਸਦੀ ਦਾ ਘਰ ਹੈ ਅਤੇ ਉਸ ਨੇ ਸਾਲ 2022 ਦੇ ਟੀਚੇ ਵਾਲੇ ਸਾਲ ਤੋਂ ਪਹਿਲਾਂ, ਸੇਂਟ ਪੀਟਰਸਬਰਗ ਵਿਖੇ ਸਾਲ 2010 ਵਿੱਚ ਸ਼ੇਰਾਂ ਦੀ ਗਿਣਤੀ ਦੁੱਗਣੀ ਕਰਨ ਦੇ ਆਪਣੇ ਸੰਕਲਪ ਨੂੰ ਪੂਰਾ ਕਰ ਲਿਆ ਹੈ।