ਗੂਗਲ ਦੁਆਰਾ ਵੱਡੇ ਪੱਧਰ ‘ਤੇ ਨਿਵੇਸ਼ ਨਾਲ ਭਾਰਤ ਦੀ ਡਿਜੀਟਲ ਆਰਥਿਕਤਾ ਵਿੱਚ ਆਏਗਾ ਭਾਰੀ ਉਛਾਲ

ਅਮਰੀਕਾ ਦੀ ਤਕਨਾਲੋਜੀ ਕੰਪਨੀ ਗੂਗਲ ਨੇ ਅਗਲੇ ਪੰਜ ਤੋਂ ਸੱਤ ਸਾਲਾਂ ਦੌਰਾਨ ਭਾਰਤ ਵਿੱਚ 10 ਬਿਲੀਅਨ ਅਮਰੀਕੀ ਡਾਲਰ (75000 ਕਰੋੜ ਰੁਪਏ) ਦਾ ਨਿਵੇਸ਼ ਕਰਨ ਦਾ ਫੈਸਲਾ ਕੀਤਾ ਹੈ। ਇਹ ਭਾਰਤ ਦੀ ਡਿਜੀਟਲ ਅਰਥ-ਵਿਵਸਥਾ ਦੇ ਲਈ ਸੱਚਮੁੱਚ ਹੀ ਬਹੁਤ ਵਧੀਆ ਉਪਰਾਲਾ ਹੈ। ਇਸ ਦਾ ਮਕਸਦ ਭਾਰਤ ਦੀ ਆਰਥਿਕਤਾ ਦੇ ਡਿਜੀਟਲਾਈਜੇਸ਼ਨ ਲਈ ਮਹੱਤਵਪੂਰਨ ਚਾਰ ਖੇਤਰਾਂ ‘ਤੇ ਧਿਆਨ ਕੇਂਦ੍ਰਿਤ ਕਰਕੇ ਭਾਰਤ ਦੇ ਉਤਪਾਦਾਂ ਅਤੇ ਸੇਵਾਵਾਂ ਨੂੰ ਗਤੀ ਦੇਣਾ ਹੈ। ਇਸ ਦੇ ਅੰਤਰਗਤ ਹਰੇਕ ਭਾਰਤੀ ਲਈ ਆਪਣੀ ਭਾਸ਼ਾ ਵਿੱਚ ਸਰਲ ਤਰੀਕੇ ਨਾਲ ਪਹੁੰਚ ਅਤੇ ਜਾਣਕਾਰੀ ਦੀ ਸਹੂਲਤ, ਉਤਪਾਦਾਂ ਅਤੇ ਸੇਵਾਵਾਂ ਜੋ ਭਾਰਤ ਦੀਆਂ ਵਿਲੱਖਣ ਲੋੜਾਂ ਦੇ ਅਨੁਕੂਲ ਹੋਣ ਦਾ ਨਿਰਮਾਣ, ਕਾਰੋਬਾਰਾਂ ਖਾਸ ਤੌਰ ‘ਤੇ ਛੋਟੇ ਅਤੇ ਦਰਮਿਆਨੇ ਉਦਯੋਗਾਂ (ਐੱਸ.ਐੱਮ.ਈ.) ਨੂੰ ਡਿਜੀਟਲ ਤਕਨਾਲੋਜੀ ਦੀ ਸਹੂਲਤ ਨਾਲ ਅੱਗੇ ਵਧਾਉਣਾ ਅਤੇ ਖੇਤੀਬਾੜੀ, ਸਿੱਖਿਆ ਅਤੇ ਸਿਹਤ ਵਰਗੇ ਖੇਤਰਾਂ ਵਿੱਚ ਆਰਟੀਫੀਸ਼ੀਅਲ ਇੰਟੈਲੀਜੈਂਸ ਤਕਨੀਕ ਦੀ ਵਰਤੋਂ ਨਾਲ ਸਮਾਜਿਕ ਭਲਾਈ ਦੇ ਕਾਰਜਾਂ ਵਿੱਚ ਤੇਜ਼ੀ ਲਿਆਉਣਾ ਹੈ।

ਗੂਗਲ ਫਾਰ ਇੰਡੀਆ ਦੇ ਸਾਲਾਨਾ ਵਰਚੁਅਲ ਸੰਮੇਲਨ ਵਿੱਚ ਗੂਗਲ ਦੇ ਸੀ.ਈ.ਓ. ਸੁੰਦਰ ਪਿਚਾਈ ਨੇ ਕਿਹਾ ਕਿ ਫੰਡਾਂ ਨੂੰ ਇਕੁਇਟੀ ਨਿਵੇਸ਼, ਭਾਗੀਦਾਰੀ, ਕਾਰਜਾਂ ਤੇ ਬੁਨਿਆਦੀ ਢਾਂਚਾ ਅਤੇ ਈਕੋ-ਸਿਸਟਮ ਵਿੱਚ ਨਿਵੇਸ਼ ਦੁਆਰਾ ਕਨੈਕਟੀਵਿਟੀ ਵਧਾਉਣ ਅਤੇ ਡਿਜੀਟਲ ਤਕਨਾਲੋਜੀ ਅਪਣਾਉਣ ਦੀਆਂ ਗੂਗਲ ਦੀਆਂ ਕੋਸ਼ਿਸ਼ਾਂ ਵਿੱਚ ਤੇਜ਼ੀ ਲਿਆਉਣ ਲਈ ਕੀਤਾ ਜਾਵੇਗਾ। ਭਾਰਤ ਵਿੱਚ ਇੰਟਰਨੈੱਟ ਦੀ ਵਰਤੋਂ ਕਰਨ ਵਾਲੇ ਕਾਰਜਸ਼ੀਲ 500 ਮਿਲੀਅਨ ਉਪਭੋਗਤਾਵਾਂ ਦੇ ਨਾਲ, ਕੰਪਨੀ ਨੂੰ ਹੋਰ 500 ਮਿਲੀਅਨ ਉਪਭੋਗਤਾਵਾਂ ਦੇ ਜੁੜਨ ਦੀ ਉਮੀਦ ਹੈ। ਗੂਗਲ ਦੇ ਪ੍ਰੋਗਰਾਮ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਪਿਚਾਈ ਨਾਲ ਉਨ੍ਹਾਂ ਦੀ ਬਹੁਤ ਹੀ ਪ੍ਰਭਾਵਸ਼ਾਲੀ ਗੱਲਬਾਤ ਹੋਈ ਹੈ। ਇੱਕ ਟਵੀਟ ਵਿੱਚ ਉਨ੍ਹਾਂ ਨੇ ਵਿਚਾਰੇ ਗਏ ਵਿਸ਼ਿਆਂ ਦੀ ਇੱਕ ਵਿਸ਼ਾਲ ਸੂਚੀ ਦਾ ਜ਼ਿਕਰ ਕੀਤਾ। ਜਿਨ੍ਹਾਂ ਨਾਲ ਭਾਰਤ ਦੇ ਕਿਸਾਨਾਂ, ਨੌਜਵਾਨਾਂ ਅਤੇ ਕਾਰੋਬਾਰੀਆਂ ਦੀ ਜ਼ਿੰਦਗੀ ਨੂੰ ਤਕਨਾਲੋਜੀ ਦੀ ਤਾਕਤ ਨਾਲ ਬਹੁਤ ਹੀ ਲਾਭ ਮਿਲਣ ਦੀ ਉਮੀਦ ਹੈ। ਪ੍ਰਧਾਨ ਮੰਤਰੀ ਨੇ ਪਿਚਾਈ ਨਾਲ ਆਪਣੀ ਵਰਚੁਅਲ ਗੱਲਬਾਤ ਦੌਰਾਨ ਡਾਟਾ ਸੁਰੱਖਿਆ ਨਾਲ ਜੁੜੇ ਮੁੱਦਿਆਂ ਬਾਰੇ ਵੀ ਵਿਚਾਰ-ਵਟਾਂਦਰਾ ਕੀਤਾ। ਸ਼੍ਰੀ ਮੋਦੀ ਨੇ ਤਕਨੀਕੀ ਕੰਪਨੀਆਂ ਨੂੰ ਅਪੀਲ ਕੀਤੀ ਕਿ ਉਹ ਵਿਸ਼ਵਾਸ ਘਾਟੇ ਨੂੰ ਪੂਰਾ ਕਰਨ ਲਈ ਉਪਰਾਲੇ ਕਰਨ। ਇਸ ਮੌਕੇ ਸੂਚਨਾ ਤਕਨਾਲੋਜੀ ਮੰਤਰੀ ਰਵੀ ਸ਼ੰਕਰ ਪ੍ਰਸਾਦ ਨੇ ਖੇਤੀਬਾੜੀ, ਮੌਸਮ, ਸਿਹਤ ਸੰਭਾਲ ਅਤੇ ਆਧੁਨਿਕ ਸਿੱਖਿਆ ਵਿੱਚ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਵਰਤੋਂ ਕੀਤੇ ਜਾਣ ਰਾਹੀਂ ਗੂਗਲ ਲਈ ਅਪਾਰ ਮੌਕਿਆਂ ਨੂੰ ਸਹੀ ਢੰਗ ਨਾਲ ਦਰਸਾਇਆ।

ਗੌਰਤਲਬ ਹੈ ਕਿ ਕਲਾਸਰੂਮਾਂ ਨੂੰ ਡਿਜੀਟਲਾਈਜ਼ ਕਰਨ ਅਤੇ 2020 ਦੇ ਅੰਤ ਤਕ ਦੇਸ਼ ਭਰ ਦੇ 22,000 ਸਕੂਲਾਂ ਦੇ ਤਕਰੀਬਨ ਇੱਕ ਮਿਲੀਅਨ ਅਧਿਆਪਕਾਂ ਨੂੰ ਸਕਿਲ ਐਜੂਕੇਸ਼ਨ ਅਤੇ ਸਿਖਲਾਈ ਦੇਣ ਲਈ ਕੇਂਦਰੀ ਸੈਕੰਡਰੀ ਸਿੱਖਿਆ ਬੋਰਡ (ਸੀ.ਬੀ.ਐੱਸ.ਈ.) ਨਾਲ ਭਾਈਵਾਲੀ ਕਰਨ ਦਾ ਪ੍ਰਸਤਾਵ ਵੀ ਦਿੱਤਾ ਹੈ। ਇਹ ਉਪਰਾਲਾ ਆਨਲਾਈਨ ਪੜ੍ਹਾਈ ਦੇ ਵੱਲ ਇਕ ਮਹੱਤਵਪੂਰਣ ਕਦਮ ਹੈ। ਕੰਪਨੀ ਜੀ-ਸੂਟ ਫਾਰ ਐਜੂਕੇਸ਼ਨ, ਗੂਗਲ ਕਲਾਸਰੂਮ ਅਤੇ ਯੂ ਟਿਊਬ ਸਮੇਤ ਅਜਿਹੇ ਡਿਜੀਟਾਈਜ਼ੇਸ਼ਨ ਦੀ ਪ੍ਰਵਾਨਗੀ ਲਈ ਆਪਣੇ ਸਾਫਟਵੇਅਰ ਦਾ ਵਿਸਥਾਰ ਕਰੇਗੀ। ਗੂਗਲ ਗਲੋਬਲ ਡਿਸਟੈਂਸ ਲਰਨਿੰਗ ਫੰਡ ਰਾਹੀਂ ਕੈਵਲਿਆ ਐਜੂਕੇਸ਼ਨ ਫਾਊਂਡੇਸ਼ਨ ਨੂੰ ਇਕ ਮਿਲੀਅਨ ਡਾਲਰ ਦੀ ਗਰਾਂਟ ਵੀ ਦੇਣਾ ਚਾਹੁੰਦਾ ਹੈ ਤਾਂ ਜੋ ਅਧਿਆਪਕਾਂ ਦੁਆਰਾ ਵਿਦਿਆਰਥੀਆਂ ਨੂੰ ਵਰਚੁਅਲ ਸਿੱਖਿਆ ਪ੍ਰਦਾਨ ਕਰਨ ਵਿੱਚ ਸਹਾਇਤਾ ਕੀਤੀ ਜਾ ਸਕੇ। ਇਸ ਤੋਂ ਇਲਾਵਾ ਇਹ ਆਪਣੇ ਆਪ ਨੂੰ ਭਾਰਤੀ ਸੇਵਾ ਪ੍ਰਸਾਰਣ ਦੇ ਅਦਾਰੇ ਪ੍ਰਸਾਰ ਭਾਰਤੀ ਨਾਲ ਜੋੜਨ ਦੀ ਤਿਆਰੀ ਵੀ ਕਰ ਰਿਹਾ ਹੈ ਜਿਸ ਦੇ ਕੋਲ ਐਡੀਟੇਨਮੈਂਟ ਲੜੀ ਰੇਡੀਓ ਅਤੇ ਟੈਲੀਵਿਜ਼ਨ ਚੈਨਲਾਂ ਦਾ ਇਕ ਵੱਡਾ ਨੈੱਟਵਰਕ ਹੈ।

ਕਾਰੋਬਾਰੀ ਵਿਸ਼ਲੇਸ਼ਕਾਂ ਨੇ ਗੂਗਲ ਦੁਆਰਾ ਏਸ਼ੀਆ ਦੇ ਇਕ ਮਹੱਤਵਪੂਰਨ ਅਤੇ ਵੱਡੇ ਬਾਜ਼ਾਰ ਪ੍ਰਤੀ ਖਾਸ ਤੌਰ ‘ਤੇ ਉਤਪਾਦਾਂ ਦੀ ਗੁਣਵੱਤਾ ਵਧਾਉਣ ਅਤੇ ਉਤਪਾਦ ਮਾਰਕੀਟਿੰਗ ਵਿੱਚ ਭਾਰਤ ਵਿੱਚ ਨਿਵੇਸ਼ ਕਰਨ ਦੇ ਫੈਸਲੇ ਦਾ ਸਵਾਗਤ ਕੀਤਾ ਹੈ। ਇਸ ਗੱਲ ਨੂੰ ਧਿਆਨ ਵਿਚ ਰੱਖਦਿਆਂ ਕਿ ਭਾਰਤ ਬਿਨਾਂ ਕਿਸੇ ਸ਼ੱਕ ਦੇ ਇੰਜੀਨੀਅਰਿੰਗ ਪ੍ਰਤਿਭਾ ਦਾ ਸਭ ਤੋਂ ਵੱਡਾ ਸਰੋਤ ਬਣਿਆ ਹੋਇਆ ਹੈ। ਇਹ ਤੇਜ਼ੀ ਨਾਲ ਵਿਕਸਤ ਹੋਣ ਵਾਲੀ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਲਈ ਵੀ ਸਹੀ ਹੈ, ਜਿੱਥੇ ਉੱਚ ਪੱਧਰੀ ਪ੍ਰਤਿਭਾ ਦਾ ਪਤਾ ਲਗਾਉਣ ਲਈ ਭਾਰਤ ਇੱਕ ਬਹੁਤ ਹੀ ਉਪਯੋਗੀ ਥਾਂ ਹੈ।

ਕਾਬਿਲੇਗੌਰ ਹੈ ਕਿ ਕੁਝ ਮਹੀਨੇ ਪਹਿਲਾਂ ਹੀ ਫੇਸਬੁਕ ਨੇ ਮੁਕੇਸ਼ ਅੰਬਾਨੀ ਦੀ ਕੰਪਨੀ ਜੀਓ ਵਿੱਚ ਲਗਭਗ 6 ਬਿਲੀਅਨ ਅਮਰੀਕੀ ਡਾਲਰ (43.574 ਕਰੋੜ ਰੁਪਏ) ਦਾ ਨਿਵੇਸ਼ ਕੀਤਾ ਹੈ ਤਾਂ ਜੋ ਭਾਰਤ ਵਿੱਚ ਫੇਸਬੁੱਕ ਦਾ ਹੋਰ ਵਿਸਥਾਰ ਕੀਤਾ ਜਾ ਸਕੇ। ਐਮਾਜੋਨ ਨੇ ਵੀ ਇਸ ਸਾਲ ਇਕ ਬਿਲੀਅਨ ਡਾਲਰ ਦੇ ਨਿਵੇਸ਼ ਦੀ ਘੋਸ਼ਣਾ ਕੀਤੀ ਹੈ ਜੋ ਪਹਿਲਾਂ ਐਲਾਨੇ ਗਏ ਪੰਜ ਬਿਲੀਅਨ ਡਾਲਰ ਦੇ ਨਿਵੇਸ਼ਾਂ ਤੋਂ ਵੱਖਰਾ ਹੈ। ਗੂਗਲ ਨੇ ਭਾਰਤ ਵਿਚ ਲਗਭਗ ਅੱਠ ਉਤਪਾਦਾਂ ਦੀ ਸ਼ੁਰੂਆਤ ਕੀਤੀ ਜੋ ਬਾਅਦ ਵਿਚ ਵਿਸ਼ਵ ਪੱਧਰ ‘ਤੇ ਸਾਹਮਣੇ ਆਏ। ਪਿਚਾਈ ਨੇ ਇਸ ਗੱਲ ਵੱਲ ਵੀ ਧਿਆਨ ਦਿੱਤਾ ਕਿ ਦੂਰਸੰਚਾਰ ਆਪਰੇਟਰਾਂ ਵਿੱਚ ਬੁਨਿਆਦੀ ਢਾਂਚੇ ਨੂੰ ਵਧਾਉਣ ਅਤੇ ਵੱਡੇ ਪੈਮਾਨੇ ‘ਤੇ ਨਿਵੇਸ਼ ਕਰਨ ਨਾਲ ਲਾਗਤ ਨੂੰ ਘਟਾਇਆ ਜਾ ਸਕਦਾ ਹੈ। ਇਸ ਸਾਰੀ ਚਰਚਾ ਤੋਂ ਬਾਅਦ ਅਸੀਂ ਕਹਿ ਸਕਦੇ ਹਾਂ ਕਿ ਕੋਵਿਡ-19 ਮਹਾਮਾਰੀ ਕਾਰਨ ਅਰਥ-ਵਿਵਸਥਾ ਵਿੱਚ ਆਈ ਸੁਸਤੀ ਦੇ ਵਿਚਕਾਰ ਗੂਗਲ ਦੁਆਰਾ ਵੱਡੇ ਪੱਧਰ ‘ਤੇ ਨਿਵੇਸ਼ ਦਾ ਐਲਾਨ ਭਾਰਤ ਦੀ ਡਿਜੀਟਲ ਆਰਥਿਕਤਾ ਦੀਆਂ ਮੁਸ਼ਕਿਲਾਂ ਨੂੰ ਘੱਟ ਕਰਕੇ ਇਸ ਨੂੰ ਮੁੜ ਗਤੀ ਦੇਣ ਵਿੱਚ ਸਹਾਈ ਹੋ ਸਕਦਾ ਹੈ।

ਸਕ੍ਰਿਪਟ: ਜੀ. ਸ਼੍ਰੀਨਿਵਾਸਨ, ਸੀਨੀਅਰ ਆਰਥਿਕ ਪੱਤਰਕਾਰ