ਸ੍ਰੀਲੰਕਾਈ ਸੰਸਦੀ ਚੋਣਾਂ 2020 : ਮਹਿੰਦਾ ਰਾਜਪਕਸ਼ੇ ਲਈ ਲੋਕ ਆਦੇਸ਼

ਸ੍ਰੀਲੰਕਾ ‘ਚ ਬੁੱਧਵਾਰ ਜਾਨਿ ਕਿ 5 ਅਗਸਤ ਨੂੰ ਸੰਸਦੀ ਚੋਣਾਂ 2020 ਦਾ ਸਫਲਤਾਪੂਰਵਕ ਆਯੋਜਨ ਹੋਇਆ ਅਤੇ ਇਸ ਦੇ ਨਤੀਜਿਆਂ ‘ਚ ਪ੍ਰਧਾਨ ਮੰਤਰੀ ਮਹਿੰਦਾ ਰਾਜਪਕਸ਼ੇ ਦੀ ਅਗਵਾਈ ਵਾਲੀ ਸ੍ਰੀਲੰਕਾ ਪੋਡੁਜਨਾ ਪੇਰੁਮਨਾ, ਐਸਐਲਪੀਪੀ ਪਾਰਟੀ ਨੂੰ 59.09% ਮਤਦਾਨ ਹਾਸਲ ਹੋਇਆ।225 ਮੈਂਬਰਾਂ ਵਾਲੀ ਸੰਸਦ ‘ਚ ਐਸਐਲਪੀਪੀ ਨੂੰ 145 ਸੀਟਾਂ ਹਾਸਲ ਹੋਈਆਂ ਹਨ।ਦੇਸ਼ ‘ਚ ਨਵੇਂ ਬਣੇ ਗੱਠਜੋੜ, ਐਸਜੇਬੀ ਨੇ 54 ਸੀਟਾਂ ‘ਤੇ ਕਬਜ਼ਾ ਕੀਤਾ ਹੈ ਅਤੇ ਟੀਐਨਏ ਦੀ ਝੌਲੀ 10 ਸੀਟਾਂ ਪਈਆਂ ਹਨ। ਜਨਥਾ ਵਿਮੁਕਤੀ ਪੇਰੁਨਮਾ ਦੀ ਅਗਵਾਈ ਵਾਲੀ ਜੇਜੇਬੀ ਪਾਰਟੀ ਨੂੰ 3 ਸਿਟਾਂ ਹੀ ਹਾਸਲ ਹੋਈਆਂ, ਜਦਕਿ ਦੇਸ਼ ਦੀ ਸਭ ਤੋਂ ਪੁਰਾਣੀ ਪਾਰਟੀ ਯੂਐਨਪੀ ਨੂੰ 1 ਹੀ ਸੀਟ ‘ਤੇ ਸਬਰ ਕਰਨਾ ਪਿਆ ਹੈ।
ਇੱਥੇ ਧਿਆਨ ਦੇਣ ਵਾਲੀ ਗੱਲ ਹੈ ਕਿ ਸ੍ਰੀਲੰਕਾ ‘ਚ ਅਨੁਪਾਤਿਕ ਪ੍ਰਤੀਨਿਧੀ ਚੋਣ ਪ੍ਰਣਾਲੀ ਅਪਣਾਈ ਗਈ ਹੈ, ਜਿਸ ‘ਚ ਸੰਸਦ ਦੀਆਂ 225 ਸੀਟਾਂ ‘ਚੋਂ 29 ਸੀਟਾਂ ਨੈਸ਼ਨਲ ਸੂਚੀਆਂ ਅਤੇ 198 ਸੀਟਾਂ ਸਰਵਜਨਕ ਬਾਲਗ ਸੂਚੀਆਂ ਰਾਹੀਂ ਚੁਣੀਆਂ ਜਾਂਦੀਆਂ ਹਨ।
ਇਸ ਵਾਰ ਵਿਸ਼ਵ ਵਿਆਪੀ ਕੋਰੋਨਾ ਵਾਇਰਸ ਦੇ ਮੱਦੇਨਜ਼ਰ ਵਿਸ਼ੇਸ਼ ਹਾਲਾਤਾਂ ‘ਚ ਇੰਨ੍ਹਾਂ ਆਮ ਚੋਣਾਂ ਦਾ ਆਯੋਜਨ ਕੀਤਾ ਗਿਆ ਹੈ ਅਤੇ ਇਸ ਨਾਲ ਸ੍ਰੀਲੰਕਾ ਦੱਖਣੀ ਏਸ਼ੀਆ ਦਾ ਪਹਿਲਾ ਮੁਲਕ ਬਣ ਗਿਆ ਹੈ ਜਿਸ ਨੇ ਇਸ ਆਲਮੀ ਸੰਕਟ ਵਿਚਾਲੇ ਆਮ ਚੋਣਾਂ ਦਾ ਆਯੋਜਨ ਕੀਤਾ ਹੈ।
ਕੋਵਿਡ-19 ਦੇ ਸੰਕ੍ਰਮਣ ਦੇ ਡਰ ਦੇ ਬਾਵਜੂਦ 71% ਲੋਕਾਂ ਨੇ ਆਪਣੇ ਵੋਟ ਪਾਉਣ ਦੇ ਅਧਿਕਾਰ ਦੀ ਖੁੱਲ੍ਹ ਕੇ ਵਰਤੋਂ ਕੀਤੀ।ਦੇਸ਼ ਭਰ ‘ਚ ਸਥਾਪਿਤ ਸਾਰੇ ਹੀ 12,985 ਪੋਲੰਿਗ ਸਟੇਸ਼ਨਾਂ ‘ਤੇ ਵਿਸੇਸ਼ ਪ੍ਰਬੰਧ ਕੀਤੇ ਗਏ ਸਨ ਤਾਂ ਜੋ ਕੋਵਿਡ-19 ਦਾ ਮਾਰੂ ਪ੍ਰਭਾਵ ਨਾ ਪੈ ਸਕੇ।ਲਗਭਗ 10 ਹਜ਼ਾਰ ਸਿਹਤ ਮੁਲਾਜ਼ਮ, 69,00 ਪੁਲਿਸ ਮੁਲਾਜ਼ਮ ਅਤੇ 3 ਲੱਖ ਸਰਕਾਰੀ ਅਧਿਕਾਰੀ ਚੋਣ ਡਿਊਟੀ ‘ਚ ਸ਼ਾਮਲ ਸਨ।ਇਹ ਆਮ ਚੋਣਾਂ ਅਮਨ ਸ਼ਾਂਤੀ ਨਾਲ ਹੀ ਮੁਕੰਮਲ ਹੋਈਆਂ ਹਨ।ਕੋਈ ਇੱਕ ਅੱਧੀ ਝੜਪ ਨੂੰ ਛੱਡ ਕੇ ਸ਼ਾਂਤਮਈ ਢੰਗ ਨਾਲ ਨੇਪਰੇ ਚੜ੍ਹੀਆਂ ਹਨ।
ਚੋਣ ਨਤੀਜਿਆਂ ਤੋਂ ਬਾਅਧ ਪ੍ਰਧਾਨ ਮੰਤਰੀ ਮਹਿੰਦਾ ਰਾਜਪਕਸ਼ੇ ਨੇ ਦੇਸ਼ ਦੇ ਲੋਕਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਹੈ।ਉਨ੍ਹਾਂ ਨੇ ਰਾਸ਼ਟਰਪਤੀ ਗੋਤਬਯਿਆ ਰਾਜਪਕਸ਼ੇ, ਆਪਣੀ ਪਾਰਟੀ ਅਤੇ ਦੇਸ਼ ਦੇ ਲੋਕਾਂ ਨੂੰ ਭਰੋਸਾ ਦਿੱਤਾ ਹੈ ਕਿ ਉਹ ਆਪਣੇ ਇਸ ਕਾਰਜਕਾਲ ਦੌਰਾਨ ਉਨ੍ਹਾਂ ਦੀਆਂ ਪੂਰੀਆਂ ਉਮੀਦਾਂ ‘ਤੇ ਖਰੇ ਉਤਰਨਗੇ।
ਐਸਐਲਪੀਪੀ ਦੇ ਚੋਣ ਮਨੋਰਥ ਪੱਤਰ ‘ਚ ਰਾਸ਼ਟਰ ਸੁਰੱਖਿਆ ਨੂੰ ਤਰਜੀਹੀ ਮਸਲਿਆਂ ‘ਚ ਰੱਖਿਆ ਗਿਆ ਸੀ।ਇਸ ਤੋਂ ਇਲਾਵਾ ਦੋਸਤਾਨਾ ਗੈਰ ਗੱਠਜੋੜ ਵਿਦੇਸ਼ ਨੀਤੀ, ਭ੍ਰਿਸ਼ਟਾਚਾਰ ਮੁਕਤ ਪ੍ਰਸ਼ਾਸਨ, ਨਵਾਂ ਸੰਵਿਧਾਨ ਜੋ ਕਿ ਲੋਕਾਂ ਦੀਆਂ ਇੱਛਾਵਾਂ ਦੇ ਅਨੁਕੂਲ ਹੋਵੇ, ਲੋਕ ਕੇਂਦਰਤ ਆਰਥਿਕ ਵਿਕਾਸ ਆਦਿ ਤੱਤ ਸ਼ਾਮਲ ਸਨ।
ਐਸਐਲਪੀਪੀ ਨੂੰ ਈਪੀਡੀਪੀ ਦੀਆਂ ਦੋ ਸੀਟਾਂ, ਐਸਐਲਐਫਪੀ ਦੀ ਇੱਕ ਸੀਟ ਅਤੇ ਟੀਐਮਵੀਪੀ ਦੀ ਇੱਕ ਸੀਟ ਵੀ ਹਾਸਲ ਹੋਈ ਹੈ, ਜਿਸ ਨਾਲ ਕਿ ਐਸਐਲਪੀਪੀ ਨੂੰ 2/3 ਬਹੁਮਤ ਮਿਿਲਆ ਹੈ।ਪ੍ਰਸਤਾਵਿਤ ਸੁਧਾਰ ਅਤੇ ਐਲਾਨੀਆਂ ਨੀਤੀਆਂ ਨੂੰ ਅਮਲ ‘ਚ ਲਿਆਉਣ ਲਈ ਇੱਕ ਹੀ ਸੀਟ ਦੀ ਕਮੀ ਹੈ।ਰਾਸ਼ਟਰਪਤੀ ਰਾਜਪਕਸ਼ੇ ਨੇ ਐਲਾਨ ਕਰਦਿਆਂ ਕਿਹਾ ਹੈ ਕਿ 20 ਅਗਸਤ 2020 ਨੂੰ ਨਵੀਂ ਸੰਸਦ ਦੇ ਮੈਂਬਰ ਹਾਜ਼ਰ ਹੋਣਗੇ।16ਵੀਂ ਸੰਸਦ ਦਾ ਢਾਂਚਾ ਇਸ ਦੀ 20 ਅਗਸਤ ਨੂੰ ਹੀ ਹੋਣ ਵਾਲੀ  ਪਹਿਲੀ ਬੈਠਕ  ‘ਚ ਹੀ ਤੈਅ ਹੋਵੇਗਾ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਸ਼੍ਰੀਲੰਕਾਈ  ਹਮਰੁਤਬਾ ਸ੍ਰੀ ਮਹਿੰਦਾ ਰਾਜਪਕਸ਼ੇ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਨੂੰ ਟਾਪੂ-ਦੇਸ਼ ਵਿੱਚ ਸੰਸਦੀ ਚੋਣਾਂ ਦੇ ਸਫਲ ਸੰਚਾਲਨ ਲਈ ਵਧਾਈ ਦਿੱਤੀ। ਪ੍ਰਧਾਨ ਮੰਤਰੀ ਮੋਦੀ ਨੇ ਕੋਵਿਡ-19 ਮਹਾਂਮਾਰੀ  ਦੇ ਬਾਵਜੂਦ ਚੋਣਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਕਰਵਾਉਣ ਲਈ ਸਰਕਾਰ ਅਤੇ ਸ੍ਰੀਲੰਕਾ ਦੀਆਂ ਚੋਣ ਸੰਸਥਾਵਾਂ ਦੀ ਤਾਰੀਫ ਕੀਤੀ। ਉਨ੍ਹਾਂ ਸ੍ਰੀਲੰਕਾ ਦੇ ਲੋਕਾਂ ਦੀ ਚੋਣਾਂ ਵਿਚ ਉਤਸ਼ਾਹ ਨਾਲ ਹਿੱਸਾ ਲੈਣ ਲਈ ਸ਼ਲਾਘਾ ਕੀਤੀ ਅਤੇ ਕਿਹਾ ਕਿ ਇਸ ਨਾਲ ਦੋਵਾਂ ਦੇਸ਼ਾਂ ਦੇ ਸਾਂਝੇ ਮਜਬੂਤ ਲੋਕਤੰਤਰੀ ਕਦਰਾਂ ਕੀਮਤਾਂ ਨੂੰ ਪ੍ਰਤੀਬਿੰਬਤ ਕੀਤਾ ਗਿਆ।
ਸੁਹਿਰਦ ਅਤੇ ਫਲਦਾਇਕ ਪਿਛਲੀਆਂ ਗੱਲਬਾਤ ਨੂੰ ਯਾਦ ਕਰਦਿਆਂ, ਦੋਵਾਂ ਨੇਤਾਵਾਂ ਨੇ ਭਾਰਤ-ਸ਼੍ਰੀਲੰਕਾ ਦੇ ਪੁਰਾਣੇ  ਸਬੰਧਾਂ ਨੂੰ ਮਜ਼ਬੂਤ ਕਰਨ ਲਈ ਆਪਣੀ ਸਾਂਝੀ ਵਚਨਬੱਧਤਾ ਨੂੰ ਦੁਹਰਾਇਆ। ਉਨ੍ਹਾਂ ਦੁਵੱਲੇ ਸਹਿਯੋਗ ਦੇ ਸਾਰੇ ਖੇਤਰਾਂ ਵਿੱਚ ਛੇਤੀ ਪ੍ਰਗਤੀ ਦੀ ਮਹੱਤਤਾ ਉੱਤੇ ਜ਼ੋਰ ਦਿੱਤਾ।
ਪ੍ਰਧਾਨਮੰਤਰੀ ਮੋਦੀ ਨੇ ਪੀਐਮ ਰਾਜਪਕਸ਼ੇ ਨੂੰ ਭਾਰਤ ਦੇ ਉੱਤਰ ਪ੍ਰਦੇਸ਼ ਵਿੱਚ ਬੋਧੀ ਤੀਰਥ ਯਾਤਰਾ ਵਾਲੇ ਸ਼ਹਿਰ ਕੁਸ਼ੀਨਗਰ ਵਿੱਚ ਇੱਕ ਅੰਤਰਰਾਸ਼ਟਰੀ ਹਵਾਈ ਅੱਡੇ ਦੀ ਸਥਾਪਨਾ ਬਾਰੇ ਜਾਣਕਾਰੀ ਦਿੱਤੀ ਅਤੇ ਕਿਹਾ ਕਿ ਭਾਰਤ ਚਾਹੁੰਦਾ ਹੈ ਕਿ ਇੱਥੇ ਲਈ ਪਹਿਲੀ ਕੌਮਾਂਤਰੀ ਉਡਾਣ ਸ੍ਰੀਲੰਕਾ ਤੋਂ ਸੈਲਾਨੀਆਂ ਨੂੰ ਲੈ ਕੇ ਪਹੁੰਚੇ।

ਦੋਵਾਂ ਹੀ ਆਗੂਆਂ ਨੇ ਨਜ਼ਦੀਕੀ ਸਬੰਧ ਕਾਇਮ ਰੱਖਣ ਅਤੇ ਭਵਿੱਖ ‘ਚ ਦੁਵੱਲੇ ਸਬੰਧਾਂ ਨੂੰ ਮਜ਼ਬੂਤੀ ਪ੍ਰਦਾਨ ਕਰਨ ਦੀ ਸਹਿਮਤੀ ਪ੍ਰਗਟ ਕੀਤੀ।