ਕੋਵਿਡ-19 ਤੋਂ ਠੀਕ ਹੋਣ ਵਾਲਿਆਂ ਦੀ ਦਰ ਸੁਧਰ ਕੇ 76.24 ਫੀਸਦੀ ਹੋਈ

ਦੇਸ਼ ਵਿੱਚ ਕੋਵਿਡ-19 ਦੇ ਮਰੀਜ਼ਾਂ ਦੀ ਰਿਕਵਰੀ ਦਰ ਬੀਤੇ ਦਿਨ 76.24 ਫੀਸਦੀ ਤੱਕ ਪਹੁੰਚ ਗਈ ਹੈ। ਠੀਕ ਹੋਏ ਮਰੀਜ਼ਾਂ ਦੀ ਕੁੱਲ ਸੰਖਿਆ ਸਰਗਰਮ ਮਾਮਲਿਆਂ ਦੀ ਸੰਖਿਆ ਨਾਲੋਂ ਤਕਰੀਬਨ ਸਾਢੇ ਤਿੰਨ ਗੁਣਾ ਹੋ ਗਈ ਹੈ। ਪਿਛਲੇ ਇਕ ਮਹੀਨੇ ਦੌਰਾਨ ਦੇਸ਼ ਵਿੱਚ ਠੀਕ ਹੋਣ ਦੀ ਦਰ ਵਿੱਚ 100 ਫੀਸਦੀ ਤੋਂ ਵੱਧ ਦਾ ਵਾਧਾ ਦਰਜ ਕੀਤਾ ਗਿਆ ਹੈ।

ਨਿਰੰਤਰ, ਪ੍ਰਭਾਵਸ਼ਾਲੀ ਅਤੇ ਸਮੇਂ ਸਿਰ ਚੁੱਕੇ ਗਏ ਉਚਿਤ ਕਦਮਾਂ ਨਾਲ ਭਾਰਤ ਵਿੱਚ 25 ਲੱਖ ਤੋਂ ਵੱਧ ਮਰੀਜ਼ ਠੀਕ ਹੋ ਚੁੱਕੇ ਹਨ। ਬੀਤੇ 24 ਘੰਟਿਆਂ ਵਿੱਚ 56 ਹਜ਼ਾਰ ਤੋਂ ਵੱਧ ਮਰੀਜ਼ ਸਫ਼ਲਤਾ ਪੂਰਵਕ ਕੋਵਿਡ-19 ਤੋਂ ਠੀਕ ਹੋ ਚੁੱਕੇ ਹਨ। ਦੇਸ਼ ਵਿਚ ਕੋਰੋਨਾ ਦੇ ਕੁੱਲ ਸਰਗਰਮ ਮਾਮਲਿਆਂ ਵਿੱਚੋਂ ਸਿਰਫ਼ 0.29 ਫੀਸਦੀ ਵੈਂਟੀਲੇਟਰਾਂ ‘ਤੇ ਹਨ ਅਤੇ ਕੁੱਲ ਮਰੀਜ਼ਾਂ ਵਿੱਚੋਂ 2 ਫੀਸਦੀ ਆਈ.ਸੀ.ਯੂ. ਵਿੱਚ ਜ਼ੇਰੇ ਇਲਾਜ ਹਨ।