ਭਾਰਤ-ਵੀਅਤਨਾਮ ਸੰਬੰਧਾਂ ਵਿੱਚ ਨਵੀਂ ਗਤੀ

ਭਾਰਤ-ਵੀਅਤਨਾਮ ਸੰਬੰਧ 2017 ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਵੀਅਤਨਾਮ ਦੀ ਯਾਤਰਾ ਦੌਰਾਨ ਵਿਆਪਕ ਰਣਨੀਤਕ ਭਾਈਵਾਲੀ ਦੇ ਮੁੱਦੇ ਤੇ ਅੱਗੇ ਵਧੇ ਸਨ। ਇਹ ਸਾਂਝੇਦਾਰੀ ਦੋਵਾਂ ਦੇਸ਼ਾਂ ਵਿਚਾਲੇ ਦੁਵੱਲੇ ਸੰਬੰਧਾਂ ਵਿਚ ਹੀ ਨਹੀਂ ਸਗੋਂ ਹਿੰਦ-ਪ੍ਰਸ਼ਾਂਤ ਖਿੱਤੇ ਦੀ ਸ਼ਾਂਤੀ ਅਤੇ ਸਥਿਰਤਾ ਲਈ ਵੀ ਇਹ ਇਕ ਮਹੱਤਵਪੂਰਨ ਕਾਰਕ ਹੈ। ਦੱਖਣੀ ਚੀਨ ਸਾਗਰ ਅਤੇ ਹੋਰ ਕਿਤੇ ਚੀਨ ਦੇ ਅੜੀਅਲ ਰਵੱਈਏ ਕਾਰਨ ਇਸ ਵਿੱਚ ਹੋਰ ਗਤੀ ਆਈ ਹੈ। ਇਹ ਬਹੁਤ ਹੀ ਸਕਾਰਾਤਮਕ ਗੱਲ ਹੈ ਕਿ ਦੋਵਾਂ ਦੇਸ਼ਾਂ ਦੇ ਨੇਤਾਵਾਂ ਵਿਚਕਾਰ ਵੱਖ-ਵੱਖ ਪੱਧਰਾਂ ‘ਤੇ ਬਾਕਾਇਦਾ ਸੰਸਥਾਗਤ ਢਾਂਚੇ ਅਤੇ ਬਹੁਪੱਖੀ ਬੈਠਕਾਂ ਨਿਯਮਤ ਤੌਰ ਤੇ ਹੋਈਆਂ ਹਨ।

ਗੌਰਤਲਬ ਹੈ ਕਿ ਵਪਾਰ, ਆਰਥਿਕ, ਵਿਗਿਆਨਕ ਅਤੇ ਤਕਨੀਕੀ ਸਹਿਯੋਗ ਬਾਰੇ 17ਵੀਂ ਭਾਰਤ-ਵੀਅਤਨਾਮ ਦੀ ਸਾਂਝੇ ਕਮਿਸ਼ਨ ਦੀ ਬੈਠਕ ਵੀਡੀਓ-ਕਾਨਫਰੰਸ ਰਾਹੀਂ ਕੀਤੀ ਗਈ। ਜੇ.ਸੀ.ਐੱਮ. ਦਾ ਰਣਨੀਤਕ ਮਹੱਤਵ ਹੈ। ਇਸ ਬੈਠਕ ਦੀ ਪ੍ਰਧਾਨਗੀ ਸਾਂਝੇ ਤੌਰ ਤੇ ਭਾਰਤ ਦੇ ਵਿਦੇਸ਼ ਮੰਤਰੀ ਡਾ. ਐੱਸ. ਜੈਸ਼ੰਕਰ ਅਤੇ ਵੀਅਤਨਾਮ ਦੇ ਉਪ-ਪ੍ਰਧਾਨ ਮੰਤਰੀ ਸ਼੍ਰੀ ਫਾਮ ਬਿਨ ਮਿਨਹ ਨੇ ਕੀਤੀ ਸੀ। ਬੈਠਕ ਦੌਰਾਨ ਦੋਵਾਂ ਧਿਰਾਂ ਨੇ ਭਾਰਤ-ਵੀਅਤਨਾਮ ਰਣਨੀਤਕ ਭਾਈਵਾਲੀ ਵਿੱਚ ਹਾਲ ਵਿੱਚ ਹੋਏ ਘਟਨਾਕ੍ਰਮ ਦਾ ਜਾਇਜ਼ਾ ਲਿਆ ਅਤੇ ਆਪਣੇ ਸੰਬੰਧਾਂ ਨੂੰ ਹੋਰ ਅੱਗੇ ਵਧਾਉਣ ਤੇ ਵਿਚਾਰ-ਵਟਾਂਦਰਾ ਕੀਤਾ। ਇਸ ਮੌਕੇ ਦੋਵੇਂ ਦੇਸ਼ਾਂ ਵਿਚਾਲੇ ਸੰਬੰਧਾਂ ਦੇ ਆਰਥਿਕ ਅਤੇ ਰੱਖਿਆ ਖੇਤਰ ਵਿਚ ਨਵੀਂ ਗਤੀ ਲਿਆਉਣ ਅਤੇ ਉੱਭਰ ਰਹੇ ਖੇਤਰਾਂ ਜਿਵੇਂ ਕਿ ਸਿਵਲ ਪ੍ਰਮਾਣੂ ਊਰਜਾ, ਪੁਲਾੜ, ਸਮੁੰਦਰੀ ਵਿਗਿਆਨ ਅਤੇ ਨਵੀਆਂ ਤਕਨਾਲੋਜੀਆਂ ਵਿੱਚ ਨੇੜਲੇ ਸਹਿਯੋਗ ਦੀ ਭਾਲ ਕਰਨ ਲਈ ਸਹਿਮਤੀ ਬਣੀ।

ਦੋਵਾਂ ਧਿਰਾਂ ਨੇ ਆਪਸੀ ਹਿੱਤਾਂ ਦੇ ਖੇਤਰੀ ਅਤੇ ਅੰਤਰਰਾਸ਼ਟਰੀ ਮੁੱਦਿਆਂ ਖ਼ਾਸ ਕਰਕੇ ਕੋਵਿਡ-19 ਮਹਾਮਾਰੀ ਦੇ ਫੈਲਣ ਦੇ ਸੰਦਰਭ ਵਿੱਚ ਆਪਣੇ ਵਿਚਾਰ ਸਾਂਝੇ ਕੀਤੇ। ਭਾਰਤ ਅਤੇ ਵੀਅਤਨਾਮ ਦੋਵਾਂ ਨੇ ਕੋਰੋਨਾ ਵਾਇਰਸ ਦੇ ਫੈਲਾਅ ਨੂੰ ਰੋਕਣ ਲਈ ਅਤੇ ਇਸ ਨਾਲ ਪ੍ਰਭਾਵਸ਼ਾਲੀ ਢੰਗ ਨਾਲ ਨਿਪਟਣ ਲਈ ਅੰਤਰਰਾਸ਼ਟਰੀ ਪ੍ਰਸੰਸਾ ਪ੍ਰਾਪਤ ਕੀਤੀ ਹੈ। ਅਜਿਹੇ ਸਮੇਂ ਵਿਚ ਜਦੋਂ ਭਾਰਤ ਦੀ ਆਰਥਿਕ ਪੁਨਰ-ਸੁਰਜੀਤੀ ਲਈ ਸਵੈ-ਨਿਰਭਰਤਾ ਅਤੇ ਮਨੁੱਖ-ਕੇਂਦਰਿਤ ਵਿਸ਼ਵੀਕਰਨ ਦੁਆਰਾ ਪ੍ਰਧਾਨ ਮੰਤਰੀ ਮੋਦੀ ਦੇ ਆਤਮ-ਨਿਰਭਰ ਭਾਰਤ ਦੇ ਦ੍ਰਿਸ਼ਟੀਕੋਣ ਦੇ ਤਹਿਤ ਭਾਰਤ ਦੀ ਆਰਥਿਕਤਾ ਨੂੰ ਮੁੜ ਲੀਹਾਂ ਤੇ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਦ ਭਾਰਤ ਦੀਆਂ ਆਰਥਿਕ ਸਮਰੱਥਾਵਾਂ ਦਾ ਲਾਭ ਉਠਾਉਣ ਲਈ ਡਾ. ਐੱਸ. ਜੈਸ਼ੰਕਰ ਨੇ ਵੀਅਤਨਾਮ ਨੂੰ ਸੱਦਾ ਦਿੱਤਾ ਹੈ।

ਗੌਰਤਲਬ ਹੈ ਕਿ ਦੋਵੇਂ ਦੇਸ਼ ਕਈ ਖੇਤਰੀ ਅਤੇ ਗਲੋਬਲ ਮੁੱਦਿਆਂ ‘ਤੇ ਸਮਾਨ ਦ੍ਰਿਸ਼ਟੀਕੋਣ ਰੱਖਦੇ ਹਨ, ਅਜਿਹੇ ਵਿੱਚ ਦੋਵੇਂ ਧਿਰਾਂ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਸਮੇਤ ਬਹੁਪੱਖੀ ਮੰਚਾਂ ਤੇ ਨੇੜਿਓਂ ਤਾਲਮੇਲ ਕਰਨ ‘ਤੇ ਸਹਿਮਤ ਹੋਏ, ਜਿਥੇ ਭਾਰਤ ਅਤੇ ਵੀਅਤਨਾਮ ਦੋਵੇਂ 2021 ਵਿੱਚ ਇਕੱਠੇ ਗੈਰ-ਸਥਾਈ ਮੈਂਬਰ ਵਜੋਂ ਆਪਣੀਆਂ ਸੇਵਾਵਾਂ ਦੇਣਗੇ। ਦੋਵਾਂ ਧਿਰਾਂ ਨੇ ਆਸੀਆਨ ਦੇ ਢਾਂਚੇ ਤਹਿਤ ਮਹੱਤਵਪੂਰਨ ਖੇਤਰੀ ਫੋਰਮਾਂ ਤੇ ਸਹਿਯੋਗ ਅਤੇ ਤਾਲਮੇਲ ਵਧਾਉਣ ਲਈ ਸਹਿਮਤੀ ਜਤਾਈ। ਡਾ. ਜੈਸ਼ੰਕਰ ਨੇ ਆਸੀਆਨ ਦੀ ਇਸ ਸਾਲ ਵੀਅਤਨਾਮ ਦੀ ਪ੍ਰਧਾਨਗੀ ਲਈ ਭਾਰਤ ਦੇ ਪੂਰੇ ਸਮਰਥਨ ਦਾ ਪ੍ਰਗਟਾਵਾ ਕੀਤਾ ਅਤੇ ਪ੍ਰਸੰਸਾ ਕਰਦਿਆਂ ਕਿਹਾ ਕਿ ਜਦੋਂ ਦੁਨੀਆ ਕੋਵਿਡ-19 ਮਹਾਮਾਰੀ ਨਾਲ ਜੂਝ ਰਹੀ ਸੀ ਉਦੋਂ ਵੀਅਤਨਾਮ ਨੇ ਆਸੀਆਨ ਨੂੰ ਸਕਾਰਾਤਮਕ ਅਗਵਾਈ ਪ੍ਰਦਾਨ ਕੀਤੀ ਹੈ।

ਇਸ ਤੋਂ ਪਹਿਲਾਂ ਨਵੀਂ ਦਿੱਲੀ ਵਿਚ ਵੀਅਤਨਾਮ ਦੇ ਰਾਜਦੂਤ ਨੇ ਕਈ ਦੇਸ਼ਾਂ ਦੁਆਰਾ ਸਹਿਨਸ਼ੀਲਤਾ ਬਣਾਈ ਰੱਖਣ ਦੀ ਅਪੀਲ ਕਰਨ ਦੇ ਬਾਵਜੂਦ, ਦੱਖਣੀ ਚੀਨ ਸਾਗਰ ਵਿੱਚ ਚੀਨ ਦੁਆਰਾ ਭਾਰੀ ਸੰਖਿਆ ਵਿੱਚ ਜਹਾਜ਼ ਅਤੇ ਲੜਾਕੂ ਜਹਾਜ਼ਾਂ ਨੂੰ ਤੈਨਾਤ ਕਰਕੇ ਆਪਣੀ ਫੌਜੀ ਦਖ਼ਲਅੰਦਾਜ਼ੀ ਨੂੰ ਵਧਾਉਣ ਦੇ ਮਾਹੌਲ ਵਿੱਚ ਦੱਖਣੀ ਚੀਨ ਸਾਗਰ ਵਿੱਚ ਬਣੇ ਤਣਾਅ ਨੂੰ ਲੈ ਕੇ ਭਾਰਤ ਦੇ ਵਿਦੇਸ਼ ਸਕੱਤਰ ਨੂੰ ਜਾਣਕਾਰੀ ਦਿੱਤੀ ਸੀ। ਵੀਅਤਨਾਮ ਦੇ ਰਾਜਦੂਤ ਨੇ ਦੱਖਣੀ ਚੀਨ ਸਾਗਰ ਵਿੱਚ ਮੌਜੂਦਾ ਸਥਿਤੀ ਦਾ ਲੇਖਾ-ਜੋਖਾ ਵੀ ਪੇਸ਼ ਕੀਤਾ ਜਿਸ ਵਿੱਚ ਵੀਅਤਨਾਮੀ ਸਮੁੰਦਰੀ ਖੇਤਰ ਦਾ ਦਾਇਰਾ ਵੀ ਸ਼ਾਮਿਲ ਹੈ ਜਿਥੇ ਭਾਰਤ ਦੀ ਓ.ਐੱਨ.ਜੀ.ਸੀ. ਵਿਦੇਸ਼ ਦੇ ਤੇਲ ਖੋਜ ਦੇ ਪ੍ਰੋਜੈਕਟ ਹਨ।

ਭਾਰਤ ਅੰਤਰਰਾਸ਼ਟਰੀ ਕਾਨੂੰਨ ਦੇ ਸਿਧਾਂਤਾਂ ਦੇ ਅਨੁਸਾਰ ਦੱਖਣੀ ਚੀਨ ਸਾਗਰ ਵਿੱਚ ਸੁਤੰਤਰ ਨੈਵੀਗੇਸ਼ਨ ਅਤੇ ਸਰੋਤਾਂ ਤੱਕ ਪਹੁੰਚ ਦਾ ਸਮਰਥਨ ਕਰਦਾ ਰਿਹਾ ਹੈ, ਜਿਸ ਵਿੱਚ ਸਮੁੰਦਰੀ ਕਾਨੂੰਨ ਬਾਰੇ 1982 ਦੀ ਸੰਯੁਕਤ ਰਾਸ਼ਟਰ ਕਨਵੈਨਸ਼ਨ (ਯੂ.ਐੱਨ.ਸੀ.ਐੱਲ.ਓ.ਐੱਸ.) ਵੀ ਸ਼ਾਮਿਲ ਹੈ। ਭਾਰਤ ਦੀ ਰੱਖਿਆ, ਖ਼ਾਸ ਕਰਕੇ ਵੀਅਤਨਾਮ ਦੇ ਨਾਲ ਨੌ-ਸੈਨਿਕ ਸਹਿਯੋਗ ਅਤੇ ਭਾਰਤ ਤੋਂ ਤੇਜ਼ ਗਤੀ ਵਾਲੀਆਂ ਪੈਟਰੋਲਿੰਗ ਕਿਸ਼ਤੀਆਂ ਨੂੰ ਹਾਸਿਲ ਕਰਨ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਵੀਅਤਨਾਮ ਯਾਤਰਾ ਦੌਰਾਨ ਵਧਾਈ ਗਈ ਵੀਅਤਨਾਮ ਦੀ ਰਿਣ ਸੀਮਾ ਵੀਅਤਨਾਮ ਦੀ ਖੇਤਰੀ ਸੁਰੱਖਿਆ ਅਤੇ ਪ੍ਰਭੂਸੱਤਾ ਦੇ ਪ੍ਰਤੀ ਭਾਰਤ ਦੀ ਚਿੰਤਾ ਅਤੇ ਪ੍ਰਤੀਬੱਧਤਾ ਨੂੰ ਦਰਸਾਉਂਦੀ ਹੈ।

ਭਾਰਤ ਦੇ ਲੋਕ ਵੀਅਤਨਾਮ ਅਤੇ ਵੀਅਤਨਾਮੀ ਲੋਕਾਂ ਨੂੰ ਉਨ੍ਹਾਂ ਦੀ ਦ੍ਰਿੜ੍ਹਤਾ ਅਤੇ ਬਹਾਦਰੀ ਭਰੇ ਸੰਘਰਸ਼ ਲਈ ਬਹੁਤ ਹੀ ਸਨਮਾਨ ਭਰੀਆਂ ਨਜ਼ਰਾਂ ਨਾਲ ਦੇਖਦੇ ਹਨ। ਹੋ ਚੀ ਮਿਨ ਅਤੇ ਜਨਰਲ ਵੋ ਨਵੇਨ ਜਿਆਪ ਵਰਗੇ ਵੀਅਤਨਾਮੀ ਨੇਤਾ ਭਾਰਤ ਵਿੱਚ ਬਹੁਤ ਹੀ ਚਰਚਿਤ ਨਾਂ ਹਨ। ਦੋਵਾਂ ਦੇਸ਼ਾਂ ਅਤੇ ਇਨ੍ਹਾਂ ਦੇ ਨੇਤਾਵਾਂ ਵਿਚਕਾਰ ਪਰਖੇ ਹੋਏ ਅਤੇ ਭਰੋਸੇਯੋਗ ਇਤਿਹਾਸਕ, ਸਭਿਆਚਾਰਕ ਅਤੇ ਸਿਆਸੀ ਸੰਬੰਧਾਂ ਨੇ ਨਾ ਸਿਰਫ਼ ਦੋਵਾਂ ਦੇਸ਼ਾਂ ਅਤੇ ਉਨ੍ਹਾਂ ਦੇ ਲੋਕਾਂ ਦਰਮਿਆਨ ਸੰਬੰਧ ਕਾਇਮ ਰੱਖੇ ਹਨ, ਸਗੋਂ ਇਸ ਨੂੰ ਉੱਚ ਰਣਨੀਤਕ ਪੱਧਰ ਤੱਕ ਵੀ ਪਹੁੰਚਾਇਆ ਹੈ।

ਸਕ੍ਰਿਪਟ: ਡਾ. ਰੂਪਾ ਨਾਰਾਇਣ ਦਾਸ, ਰਣਨੀਤਕ ਵਿਸ਼ਲੇਸ਼ਕ