ਭਾਰਤ ਨੇ ਸੰਯੁਕਤ ਰਾਸ਼ਟਰ ਦੀ ਸੁਰੱਖਿਆ ਪ੍ਰੀਸ਼ਦ ਦੇ ਮਹਿਲਾ ਸ਼ਾਂਤੀ ਸੈਨਿਕਾਂ ਦੇ ਮਤੇ ਦਾ ਕੀਤਾ ਸਮਰਥਨ

ਭਾਰਤ ਨੇ ਸੁਰੱਖਿਆ ਪ੍ਰੀਸ਼ਦ ਦੇ ਉਸ ਮਤੇ ਦਾ ਸਮਰਥਨ ਕੀਤਾ ਹੈ ਜਿਸ ਵਿੱਚ ਸ਼ਾਂਤੀ ਕਾਰਜਾਂ ਵਿੱਚ ਮਹਿਲਾ ਸ਼ਾਂਤੀ ਸੈਨਿਕਾਂ ਦੀ ਪ੍ਰਭਾਵਸ਼ਾਲੀ ਅਤੇ ਸਾਰਥਕ ਭਾਗੀਦਾਰੀ ਦੀ ਮੰਗ ਕੀਤੀ ਗਈ ਹੈ। ਇੱਕ ਟਵੀਟ ਵਿੱਚ ਸੰਯੁਕਤ ਰਾਸ਼ਟਰ ਵਿੱਚ ਭਾਰਤ ਦੇ ਸਥਾਈ ਰਾਜਦੂਤ ਨੇ ਕਿਹਾ ਕਿ ਭਾਰਤ ਇੰਡੋਨੇਸ਼ੀਆ ਵੱਲੋਂ ਪੇਸ਼ ਕੀਤੇ ਗਏ ਮਤੇ ਦਾ ਸਮਰਥਨ ਕਰਨ ‘ਤੇ ਮਾਣ ਮਹਿਸੂਸ ਕਰਦਾ ਹੈ।

ਗੌਰਤਲਬ ਹੈ ਕਿ ਸੰਯੁਕਤ ਰਾਸ਼ਟਰ ਦੇ ਸ਼ਾਂਤੀ ਕਾਰਜਾਂ ਵਿੱਚ ਭਾਰਤ ਸਭ ਤੋਂ ਵੱਡਾ ਫੌਜੀ ਯੋਗਦਾਨ ਦੇਣ ਵਾਲਾ ਦੇਸ਼ ਹੈ। ਭਾਰਤੀ ਰਾਜਦੂਤ ਨੇ ਇਹ ਵੀ ਕਿਹਾ ਕਿ ਭਾਰਤ 2021 ਤੋਂ ਸੁਰੱਖਿਆ ਪਰਿਸ਼ਦ ਵਿੱਚ ਸ਼ੁਰੂ ਹੋਣ ਵਾਲੇ ਆਪਣੇ ਕਾਰਜਕਾਲ ਦੌਰਾਨ ਸਾਰੇ ਖੇਤਰਾਂ ਵਿੱਚ ਔਰਤਾਂ ਦੀ ਵੱਧ ਤੋਂ ਵੱਧ ਸ਼ਮੂਲੀਅਤ ਲਈ ਜ਼ੋਰ ਪਾਉਂਦਾ ਰਹੇਗਾ।

ਕਾਬਿਲੇਗੌਰ ਹੈ ਕਿ ਜੂਨ ਮਹੀਨੇ ਵਿੱਚ ਭਾਰਤ ਨੂੰ 1 ਜਨਵਰੀ, 2021 ਤੋਂ ਦੋ ਸਾਲਾਂ ਦੀ ਮਿਆਦ ਲਈ ਸੁਰੱਖਿਆ ਪਰਿਸ਼ਦ ਦਾ ਗੈਰ-ਸਥਾਈ ਮੈਂਬਰ ਚੁਣਿਆ ਗਿਆ ਹੈ। ਸੰਯੁਕਤ ਰਾਸ਼ਟਰ ਸ਼ਾਂਤੀ ਰੱਖਿਆ ਬਲਾਂ ਵਿੱਚ ਵਰਦੀਧਾਰੀ ਕਰਮਚਾਰੀਆਂ ਦਾ ਭਾਰਤ ਪੰਜਵਾਂ ਸਭ ਤੋਂ ਵੱਡਾ ਯੋਗਦਾਨ ਦੇਣ ਵਾਲਾ ਦੇਸ਼ ਹੈ।