ਭਾਰਤ ਅਗਲੇ ਮਹੀਨੇ ਰੂਸ ਵਿੱਚ ਹੋਣ ਵਾਲੇ ਬਹੁਪੱਖੀ ਫੌਜੀ ਅਭਿਆਸ ਵਿੱਚ ਨਹੀਂ ਹੋਵੇਗਾ ਸ਼ਾਮਿਲ

ਭਾਰਤ ਨੇ ਘੋਸ਼ਣਾ ਕੀਤੀ ਹੈ ਕਿ ਉਹ ਅਗਲੇ ਮਹੀਨੇ ਰੂਸ ਵਿੱਚ ਹੋਣ ਵਾਲੇ ਬਹੁਪੱਖੀ ਸੈਨਿਕ ਅਭਿਆਸ ਕਾਵਕਾਜ਼ 2020 ਤੋਂ ਪਿੱਛੇ ਹਟ ਰਿਹਾ ਹੈ। ਰੱਖਿਆ ਮੰਤਰਾਲੇ ਨੇ ਕਿਹਾ ਹੈ ਕਿ ਰੂਸ ਅਤੇ ਭਾਰਤ ਨਜ਼ਦੀਕੀ ਅਤੇ ਅਧਿਕਾਰਤ ਰਣਨੀਤਕ ਭਾਈਵਾਲ ਹਨ ਅਤੇ ਰੂਸ ਦੇ ਸੱਦੇ ‘ਤੇ ਭਾਰਤ ਕਈ ਅੰਤਰਰਾਸ਼ਟਰੀ ਸਮਾਗਮਾਂ ਵਿੱਚ ਹਿੱਸਾ ਲੈ ਰਿਹਾ ਹੈ।

ਹਾਲਾਂਕਿ ਮਹਾਮਾਰੀ ਦੇ ਕਾਰਨ ਅਭਿਆਸ ਵਿੱਚ ਆਉਣ ਵਾਲੀਆਂ ਮੁਸ਼ਕਿਲਾਂ, ਜਿਸ ਵਿੱਚ ਲੌਜਿਸਟਿਕ ਦੇ ਪ੍ਰਬੰਧ ਸ਼ਾਮਿਲ ਹਨ, ਦੇ ਮੱਦੇਨਜ਼ਰ ਭਾਰਤ ਨੇ ਇਸ ਸਾਲ ਕਾਵਕਾਜ਼-2020 ਵਿੱਚ ਆਪਣੀ ਫੌਜੀ ਟੁਕੜੀ ਨੂੰ ਨਾ ਭੇਜਣ ਦਾ ਫੈਸਲਾ ਕੀਤਾ ਹੈ। ਮੰਤਰਾਲੇ ਨੇ ਦੱਸਿਆ ਹੈ ਕਿ ਇਸ ਫੈਸਲੇ ਦੀ ਜਾਣਕਾਰੀ ਰੂਸ ਨੂੰ ਦੇ ਦਿੱਤੀ ਗਈ ਹੈ।

ਗੌਰਤਲਬ ਹੈ ਕਿ ਇਸ ਤੋਂ ਪਹਿਲਾਂ ਭਾਰਤ ਨੇ 15 ਤੋਂ 26 ਸਤੰਬਰ ਤੱਕ ਦੱਖਣੀ ਰੂਸ ਦੇ ਅਸਟਰਾਖਾਨ ਇਲਾਕੇ ਵਿੱਚ ਹੋਣ ਵਾਲੇ ਬਹੁਪੱਖੀ ਫੌਜੀ ਅਭਿਆਸ ਵਿੱਚ ਭਾਰਤੀ ਫੌਜ ਤੇ ਤਕਰੀਬਨ 150 ਜਵਾਨ, ਭਾਰਤੀ ਹਵਾਈ ਫੌਜ ਦੇ 45 ਜਵਾਨਾਂ ਸਮੇਤ ਜਲ ਸੈਨਾ ਦੇ ਅਧਿਕਾਰੀਆਂ ਨੂੰ ਭੇਜਣ ਦੀ ਯੋਜਨਾ ਬਣਾਈ ਸੀ।