ਪ੍ਰਧਾਨ ਮੰਤਰੀ ਨੇ ਵੱਡੇ ਸੁਪਨਿਆਂ ਲਈ ਸਟਾਰਟ-ਅਪਸ ਨੂੰ ਅੱਗੇ ਆਉਣ ਦੀ ਕੀਤੀ ਅਪੀਲ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਲ ਇੰਡੀਆ ਰੇਡੀਓ ਨੈੱਟਵਰਕ ‘ਤੇ ਆਪਣੇ “ਮਨ ਕੀ ਬਾਤ” ਪ੍ਰੋਗਰਾਮ ਰਾਹੀਂ ਦੇਸ਼ ਨੂੰ ਸੰਬੋਧਿਤ ਕੀਤਾ। ਮਨ ਕੀ ਬਾਤ ਦੇ 68ਵੇਂ ਸੰਸਕਰਣ ਵਿੱਚ ਪ੍ਰਧਾਨ ਮੰਤਰੀ ਨੇ ਕਿਹਾ ਕਿ ਨੌਜਵਾਨਾਂ ਨੇ ਉਤਸ਼ਾਹ ਨਾਲ ‘ਆਤਮ-ਨਿਰਭਰ ਭਾਰਤ’ ਐਪ ਦੇ ਨਿਰਮਾਣ ਦੀ ਚੁਣੌਤੀ ਵਿੱਚ ਹਿੱਸਾ ਲਿਆ ਹੈ। ਉਨ੍ਹਾਂ ਇਸ ਗੱਲ ਦਾ ਵੀ ਜ਼ਿਕਰ ਕੀਤਾ ਕਿ ਇਸ ਕੰਮ ਦੇ ਲਈ ਲਗਭਗ ਦੋ ਤਿਹਾਈ ਦਰਖਾਸਤਾਂ ਛੋਟੇ ਸ਼ਹਿਰਾਂ ਦੇ ਨੌਜਵਾਨਾਂ ਦੁਆਰਾ ਭੇਜੀਆਂ ਗਈਆਂ ਸਨ। ਉਨ੍ਹਾਂ ਕਿਹਾ ਕਿ ਵੱਖ-ਵੱਖ ਸ਼੍ਰੇਣੀਆਂ ਵਿੱਚ ਤਕਰੀਬਨ ਦੋ ਦਰਜਨ ਐਪਸ ਨੂੰ ਪੁਰਸਕਾਰ ਦਿੱਤੇ ਗਏ ਹਨ। ਉਨ੍ਹਾਂ ਨੇ ਆਲ ਇੰਡੀਆ ਰੇਡੀਓ ਦੇ ਸਰੋਤਿਆਂ ਨੂੰ ਖੁਦ ਨੂੰ ਇਨ੍ਹਾਂ ਐਪਸ ਤੋਂ ਜਾਣੂ ਕਰਵਾਉਣ ਅਤੇ ਉਨ੍ਹਾਂ ਨਾਲ ਜੁੜਨ ਦੀ ਅਪੀਲ ਕੀਤੀ।

ਪ੍ਰਧਾਨ ਮੰਤਰੀ ਨੇ ਇਸ ਮੌਕੇ ਕਈ ਐਪਸ, ਜਿਨ੍ਹਾਂ ਵਿੱਚੋਂ ਬੱਚਿਆਂ ਲਈ ਇੱਕ ਇੰਟਰਐਕਟਿਵ ਐਪ ਕੁਟੂਕੀ ਕਿਡਜ਼ ਲਰਨਿੰਗ ਐਪ; ਮਾਈਕਰੋ ਬਲੌਗਿੰਗ ਪਲੇਟਫਾਰਮ ਲਈ ਇੱਕ ਐਪ, ਜਿਸ ਨੂੰ ਕੁ ਕੂ ਕੁ ਕਹਿੰਦੇ ਹਨ; ਚਿੰਗਾਰੀ ਐਪ ਜੋ ਨੌਜਵਾਨਾਂ ਵਿੱਚ ਪ੍ਰਸਿੱਧ ਹੋ ਰਿਹਾ ਹੈ; ਸਰਕਾਰੀ ਯੋਜਨਾਵਾਂ ਬਾਰੇ ਸਹੀ ਜਾਣਕਾਰੀ ਪ੍ਰਾਪਤ ਕਰਨ ਲਈ ‘ਆਸਕ ਸਰਕਾਰ’ ਐਪ ਅਤੇ ਸਟੈਪ ਸੈਟ ਗੋ-ਫਿਟਨੈਸ ਐਪ ਆਦਿ ਦਾ ਜ਼ਿਕਰ ਕੀਤਾ।

ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਅੱਜ ਦਾ ‘ਛੋਟਾ ਸਟਾਰਟ-ਅਪ’ ਕੱਲ੍ਹ ਵੱਡੀ ਕੰਪਨੀ ਵਿਚ ਬਦਲ ਜਾਵੇਗਾ ਅਤੇ ਦੁਨੀਆ ਵਿੱਚ ਭਾਰਤ ਦੀ ਛਾਪ ਛੱਡੇਗਾ। ਉਨ੍ਹਾਂ ਕਿਹਾ ਕਿ ਕਿਸੇ ਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਜਿਹੜੀਆਂ ਵੱਡੀਆਂ ਕੰਪਨੀਆਂ ਅੱਜ ਦੁਨੀਆ ਵਿਚ ਮੌਜੂਦ ਹਨ, ਉਹ ਵੀ ਕਿਸੇ ਸਮੇਂ ਸਟਾਰਟ-ਅਪ ਹੀ ਸਨ।

ਸ਼੍ਰੀ ਮੋਦੀ ਨੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਅਪੀਲ ਕੀਤੀ ਕਿ ਉਹ ਸਾਡੇ ਸੁਤੰਤਰਤਾ ਸੰਗਰਾਮ ਦੇ ਅਨਜਾਣ ਨਾਇਕਾਂ ਦੀਆਂ ਕਹਾਣੀਆਂ ਨੂੰ ਸਾਹਮਣੇ ਲਿਆਉਣ। ਪ੍ਰਧਾਨ ਮੰਤਰੀ ਨੇ ਕਿਹਾ ਕਿ ਜਦੋਂ ਕੋਈ ਆਪਣੀਆਂ ਸਫ਼ਲਤਾਵਾਂ ਬਾਰੇ ਸੋਚਦਾ ਹੈਤਾਂ ਉਸ ਨੂੰ ਹਮੇਸ਼ਾ ਅਧਿਆਪਕ ਦੀ ਯਾਦ ਦਿਵਾਈ ਜਾਂਦੀ ਹੈ। ਉਨ੍ਹਾਂ ਕਿਹਾ ਕਿ ਕੋਵਿਡ-19 ਸੰਕਟ ਨੇ ਅਧਿਆਪਕਾਂ ਲਈ ਚੁਣੌਤੀ ਖੜ੍ਹੀ ਕਰ ਦਿੱਤੀ ਹੈ, ਜਿਨ੍ਹਾਂ ਨੇ ਨਵੇਂ ਸਾਧਨਾਂ ਅਤੇ ਤਕਨਾਲੋਜੀ ਨੂੰ ਅਪਣਾ ਕੇ ਇਸ ਨੂੰ ਇੱਕ ਮੌਕੇ ਵਿੱਚ ਬਦਲ ਦਿੱਤਾ ਹੈ। ਉਨ੍ਹਾਂ ਭਰੋਸਾ ਜਤਾਇਆ ਕਿ ਅਧਿਆਪਕ ਵਿਦਿਆਰਥੀਆਂ ਨੂੰ ਰਾਸ਼ਟਰੀ ਸਿੱਖਿਆ ਨੀਤੀ ਦੇ ਲਾਭ ਪਹੁੰਚਾਉਣ ਵਿੱਚ ਮਹੱਤਵਪੂਰਣ ਭੂਮਿਕਾ ਨਿਭਾਉਣਗੇ।

ਦੇਸ਼ 2022 ਵਿਚ ਆਪਣੀ ਆਜ਼ਾਦੀ ਦਾ 75ਵਾਂ ਸਾਲ ਮਨਾਏਗਾ, ਇਸ ਗੱਲ ਦਾ ਜ਼ਿਕਰ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਦੇ ਵਿਦਿਆਰਥੀਆਂ ਲਈ ਇਹ ਜ਼ਰੂਰੀ ਹੈ ਕਿ ਉਹ ਸਾਡੀ ਆਜ਼ਾਦੀ ਦੀ ਲੜਾਈ ਦੇ ਨਾਇਕਾਂ ਤੋਂ ਜਾਣੂ ਹੋਣ। ਤਾਂ ਹੀ ਵਿਦਿਆਰਥੀ ਸਾਡੇ ਸੁਤੰਤਰਤਾ ਸੰਗਰਾਮ ਦੇ ਇਤਿਹਾਸ ਤੋਂ ਜਾਣੂ ਹੋ ਸਕਦੇ ਹਨ।

ਪ੍ਰਧਾਨ ਮੰਤਰੀ ਨੇ ਸੁਝਾਅ ਦਿੱਤਾ ਕਿ ਵਿਦਿਆਰਥੀਆਂ ਲਈ ਖੋਜ ਦਾ ਵਿਸ਼ਾ ਹੋ ਸਕਦਾ ਹੈ ਕਿ ਜਿਨ੍ਹਾਂ ਜ਼ਿਲ੍ਹਿਆਂ ਵਿੱਚ ਉਹ ਰਹਿੰਦੰ ਹਨ ਕੀ ਉਥੇ ਸੁਤੰਤਰਤਾ ਸੰਗਰਾਮ ਦੇ ਦੌਰਾਨ ਕੋਈ ਸੰਘਰਸ਼ ਹੋਇਆ ਸੀ। ਸੁਤੰਤਰਤਾ ਸੰਗਰਾਮ ਨਾਲ ਜੁੜੇ ਉਨ੍ਹਾਂ ਦੇ ਕਸਬਿਆਂ ਵਿੱਚ ਵਿਦਿਆਰਥੀਆਂ ਦੀ ਯਾਤਰਾ ਦੀ ਯੋਜਨਾ ਬਣਾਈ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਕੁਝ ਸਕੂਲਾਂ ਦੇ ਵਿਦਿਆਰਥੀ ਆਪਣੀ ਆਜ਼ਾਦੀ ਦੇ 75ਵੇਂ ਸਾਲ ਨੂੰ ਮਨਾਉਣ ਲਈ ਸਾਡੀ ਆਜ਼ਾਦੀ ਲਹਿਰ ਦੇ ਨਾਇਕਾਂ ‘ਤੇ ਨਾਟਕ, ਕਹਾਣੀਆਂ ਅਤੇ 75 ਕਵਿਤਾਵਾਂ ਲਿਖਣ ਦਾ ਸੰਕਲਪ ਵੀ ਲੈ ਸਕਦੇ ਹਨ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਯਤਨ ਦੇਸ਼ ਦੇ ਜਿਊਣ-ਮਰਨ ਵਾਲੇ ਲੱਖਾਂ ਭੁੱਲੇ ਹੋਏ ਨਾਇਕਾਂ ਦੀਆਂ ਕਹਾਣੀਆਂ ਸਾਹਮਣੇ ਲਿਆਉਣਗੇ ਜਿਨ੍ਹਾਂ ਨੂੰ ਭੁਲਾ ਦਿੱਤਾ ਗਿਆ ਹੈ। 5 ਸਤੰਬਰ ਨੂੰ ਅਧਿਆਪਕ ਦਿਵਸ ਮਨਾਏ ਜਾਣ ਦੇ ਨਾਲ, ਪ੍ਰਧਾਨ ਮੰਤਰੀ ਮੋਦੀ ਨੇ ਇਸ ਦੇ ਲਈ ਇੱਕ ਮਾਹੌਲ ਬਣਾਉਣ ਦੀ ਦਿਸ਼ਾ ਵਿੱਚ ਕੰਮ ਅਤੇ ਤਿਆਰੀ ਸ਼ੁਰੂ ਕਰਨ ਦੇ ਲਈ ਅਧਿਆਪਕਾਂ ਨੂੰ ਅਪੀਲ ਕੀਤੀ।

ਸ਼੍ਰੀ ਮੋਦੀ ਨੇ ਕਿਹਾ ਕਿ ਸਤੰਬਰ ਦਾ ਮਹੀਨਾ ‘ਪੋਸ਼ਣ ਮਾਹ’ ਵਜੋਂ ਮਨਾਇਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਦੇਸ਼ ਅਤੇ ਪੋਸ਼ਣ ਕਾਫੀ ਨੇੜਿਓਂ ਆਪਸ ਵਿਚ ਜੁੜੇ ਹੋਏ ਹਨ। ਇਸ ਮੌਕੇ ਉਨ੍ਹਾਂ ਇੱਕ ਸੂਤਰ-ਵਾਕ ਨੂੰ ਯਾਦ ਕਰਦਿਆਂ ਕਿਹਾ “ਯਥਾ ਅੰਨਮ ਤਥਾ ਮਨਮ”ਜਿਸ ਦਾ ਅਰਥ ਹੈ ਕਿ ਮਾਨਸਿਕ ਅਤੇ ਬੌਧਿਕ ਵਿਕਾਸ ਸਿੱਧੇ ਤੌਰ ‘ਤੇ ਸਾਡੇ ਭੋਜਨ ਦੀ ਗੁਣਵੱਤਾ ਨਾਲ ਜੁੜਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਪੋਸ਼ਣ ਅਤੇ ਸਹੀ ਖੁਰਾਕ ਬੱਚਿਆਂ ਅਤੇ ਵਿਦਿਆਰਥੀਆਂ ਦੀ ਸਰਬੋਤਮ ਸੰਭਾਵਨਾ ਨੂੰ ਹਾਸਿਲ ਕਰਨ ਅਤੇ ਉਨ੍ਹਾਂ ਦੀ ਸੂਝ-ਬੂਝ ਦਿਖਾਉਣ ਵਿੱਚ ਮਦਦ ਕਰਨ ਵਿਚ ਵੱਡੀ ਭੂਮਿਕਾ ਨਿਭਾਉਂਦੇ ਹਨ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਬੱਚਿਆਂ ਦੇ ਚੰਗੀ ਤਰ੍ਹਾਂ ਪਾਲਣ-ਪੋਸ਼ਣ ਲਈ ਮਾਂ ਨੂੰ ਉਚਿਤ ਖੁਰਾਕ ਲੈਣ ਦੀ ਲੋੜ ਹੁੰਦੀ ਹੈ। ਉਨ੍ਹਾਂ ਅੱਗੇ ਕਿਹਾ ਕਿ ਪੋਸ਼ਣ ਦਾ ਮਤਲਬ ਸਿਰਫ਼ ਭੋਜਨ ਤੋਂ ਹੀ ਨਹੀਂ ਬਲਕਿ ਲੂਣ, ਵਿਟਾਮਿਨ ਆਦਿ ਜ਼ਰੂਰੀ ਪੌਸ਼ਟਿਕ ਤੱਤ ਪ੍ਰਾਪਤ ਕਰਨ ਤੋਂ ਵੀ ਹੈ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਜਿਵੇਂ ਇਕ ਜਮਾਤ ਵਿਚ ਇਕ ਕਲਾਸ ਮੋਨੀਟਰ ਹੁੰਦਾ ਹੈ, ਉਸੇ ਤਰ੍ਹਾਂ ਇਕ ਪੋਸ਼ਣ ਮੋਨੀਟਰ ਵੀ ਹੋਣਾ ਚਾਹੀਦਾ ਹੈ। ਇਸੇ ਤਰ੍ਹਾਂ ਇੱਕ ਰਿਪੋਰਟ ਕਾਰਡ ਵਾਂਗ, ਇੱਕ ਪੋਸ਼ਣ ਕਾਰਡ ਵੀ ਹੋਣਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਪੋਸ਼ਣ ਮਹੀਨੇ ਦੌਰਾਨ, ਮਾਈ ਗੌਵ ਪੋਰਟਲ ‘ਤੇ ਇਕ ਭੋਜਨ ਅਤੇ ਪੋਸ਼ਣ ਕੁਇਜ਼ ਮੁਕਾਬਲੇ ਕਰਵਾਏ ਜਾਣਗੇ। ਉਨ੍ਹਾਂ ਨੇ ਸਰੋਤਿਆਂ ਨੂੰ ਇਸ ਵਿੱਚ ਭਾਗ ਲੈਣ ਲਈ ਕਿਹਾ।

ਇਸ ਗੱਲ ‘ਤੇ ਜ਼ੋਰ ਦਿੰਦਿਆਂ ਕਿ ਭਾਰਤ ਵਿੱਚ ਭੋਜਨ ਅਤੇ ਪੀਣ ਵਾਲੇ ਪਦਾਰਥਾਂ ਵਿੱਚ ਬਹੁਤ ਵੰਨ-ਸੁਵੰਨਤਾ ਹੈ, ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਬਹੁਤ ਮਹੱਤਵਪੂਰਨ ਹੈ ਕਿ ਇਕ ਖ਼ਾਸ ਖੇਤਰ ਦੇ ਮੌਸਮ ਦੇ ਮੁਤਾਬਿਕ ਸਥਾਨਕ ਅਨਾਜ, ਫਲ ਅਤੇ ਸਬਜ਼ੀਆਂ ਨੂੰ ਸ਼ਾਮਿਲ ਕਰਨ ਲਈ ਇਕ ਸੰਤੁਲਿਤ ਅਤੇ ਪੌਸ਼ਟਿਕ ਆਹਾਰ ਵਾਲੀ ਡਾਈਟ ਯੋਜਨਾ ਤਿਆਰ ਕੀਤੀ ਜਾਣੀ ਚਾਹੀਦੀ ਹੈ।

ਸਕ੍ਰਿਪਟ: ਕੌਸ਼ਿਕ ਰਾਏ; ਆਕਾਸ਼ਵਾਣੀ: ਖ਼ਬਰ ਵਿਸ਼ਲੇਸ਼ਕ