ਪ੍ਰਧਾਨ ਮੰਤਰੀ ਮੋਦੀ ਨੇ ਦੇਸ਼ ਦੇ ਸਰਬਪੱਖੀ ਵਿਕਾਸ ਲਈ ਸਵੈ-ਨਿਰਭਰਤਾ ਦੀ ਮਹੱਤਤਾ ‘ਤੇ ਦਿੱਤਾ ਜ਼ੋਰ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਦੇ ਨਾਗਰਿਕਾਂ ਨੂੰ ਹਰ ਖੇਤਰ ਵਿੱਚ ਸਵੈ-ਨਿਰਭਰ ਬਣਨ ਦੀ ਅਪੀਲ ਕੀਤੀ ਹੈ। ਆਲ ਇੰਡੀਆ ਰੇਡੀਓ ‘ਤੇ ਆਪਣੇ ਮਨ ਕੀ ਬਾਤ ਪ੍ਰੋਗਰਾਮ ਵਿੱਚ ਦੇਸ਼ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਦੇਸ਼ ਦੇ ਸਰਬਪੱਖੀ ਵਿਕਾਸ ਲਈ ਆਤਮ-ਨਿਰਭਰ ਭਾਰਤ ਦੀ ਮਹੱਤਤਾ ‘ਤੇ ਜ਼ੋਰ ਦਿੱਤਾ ਹੈ।

ਉਨ੍ਹਾਂ ਕਿਹਾ ਕਿ ਭਾਰਤੀਆਂ, ਖਾਸ ਕਰਕੇ ਅਗਲੀ ਪੀੜ੍ਹੀ ਦੇ ਕੋਲ ਨਵੀਨਤਾ ਦੇ ਲਿਹਾਜ਼ ਨਾਲ ਖੋਜ ਦੀਆਂ ਅਪਾਰ ਸੰਭਾਵਨਾਵਾਂ ਹਨ ਅਤੇ ਸਾਨੂੰ ਬਿਹਤਰ ਭਵਿੱਖ ਦੇ ਲਈ ਇਸ ਸੰਭਾਵਨਾ ਨੂੰ ਪੂਰਾ ਕਰਨਾ ਚਾਹੀਦਾ ਹੈ। ਪ੍ਰਧਾਨ ਮੰਤਰੀ ਨੇ ਹਵਾਲਾ ਦਿੱਤਾ ਕਿ ਕਿਵੇਂ ਇਸ ਮਹੀਨੇ ਦੀ ਸ਼ੁਰੂਆਤ ਵਿੱਚ ਦੇਸ਼ ਦੇ ਨੌਜਵਾਨਾਂ ਨੇ ਆਤਮ-ਨਿਰਭਰ ਭਾਰਤ ਐਪ ਦੇ ਨਿਰਮਾਣ ਨੂੰ ਇੱਕ ਚੁਣੌਤੀ ਵਜੋਂ ਲੈਂਦੇ ਹੋਇਆਂ ਬੜੇ ਹੀ ਉਤਸ਼ਾਹ ਨਾਲ ਹਿੱਸਾ ਲਿਆ ਹੈ।

ਉਨ੍ਹਾਂ ਕਿਹਾ ਕਿ ਇਸ ਸੰਬੰਧੀ ਤਕਰੀਬਨ 7 ਹਜ਼ਾਰ ਐਂਟਰੀਆਂ ਪ੍ਰਾਪਤ ਹੋਈਆਂ ਹਨ, ਜਿਨ੍ਹਾਂ ਵਿੱਚੋਂ ਦੋ ਤਿਹਾਈ ਛੋਟੇ ਸ਼ਹਿਰਾਂ ਦੇ ਨੌਜਵਾਨਾਂ ਦੀਆਂ ਸਨ। ਪ੍ਰਧਾਨ ਮੰਤਰੀ ਨੇ ਦੇਸ਼ ਦੇ ਪ੍ਰਤਿਭਾਸ਼ਾਲੀ ਨੌਜਵਾਨਾਂ ਨੂੰ ਭਾਰਤ ਆਧਾਰਿਤ ਕੰਪਿਊਟਰ ਗੇਮਾਂ ਨੂੰ ਵਿਕਸਤ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਇਹ ਕੰਪਿਊਟਰ ਗੇਮਾਂ ਦੇਸ਼ ਦੇ ਅਮੀਰ ਵਿਰਸੇ ’ਤੇ ਆਧਾਰਿਤ ਹੋ ਸਕਦੀਆਂ ਹਨ।