ਦੋਹਾ ਅੰਤਰ-ਅਫ਼ਗਾਨ ਸੰਵਾਦ

ਅਫ਼ਗਾਨਿਸਤਾਨ ਸਰਕਾਰ ਅਤੇ ਤਾਲਿਬਾਨ ਵਿਚਾਲੇ ਪਿਛਲੇ ਲੰਮੇ ਸਮੇਂ ਤੋਂ ਲੰਬਿਤ ਵਾਰਤਾ ਆਖਰਕਾਰ 12 ਸਤੰਬਰ ਨੂੰ ਸ਼ੁਰੂ ਹੋਈ।ਸ਼ਾਂਤੀ ਵਾਰਤਾ ਜੋ ਕਿ ਪਹਿਲਾਂ ਮਾਰਚ ਮਹੀਨੇ ਆਯੋਜਿਤ ਹੋਣੀ ਸੀ, ਪਰ ਕੈਦੀਆਂ ਨੂੰ ਰਿਹਾਅ ਕਰਨ ਦੇ ਮੁੱਦੇ ‘ਤੇ ਸਹਿਮਤੀ ਨਾ ਬਣਨ ਕਰਕੇ ਇਹ ਰੱਦ ਹੋ ਗਈ ਸੀ।ਤਾਲਿਬਾਨ ਵੱਲੋਂ ਅਫ਼ਗਾਨਿਸਤਾਨ ਸਰਕਾਰ ਅੱਗੇ ਰੱਖੀਆਂ ਸ਼ਰਤਾਂ ਦੀ ਪੂਰਤੀ ਨਾ ਹੋਣ ਤੋਂ ਬਾਅਦ ਦੋਵਾਂ ਧਿਰਾਂ ਦਰਮਿਆਨ ਮਤਭੇਦ ਹੋ ਗਏ ਸਨ।ਇਹ ਤਾਲਿਬਾਨ ਅਤੇ ਅਮਰੀਕਾ ਦਰਮਿਆਨ ਹੋਏ ਸਮਝੌਤੇ ਦਾ ਹੀ ਇੱਕ ਹਿੱਸਾ ਹੈ।ਜੋ ਕਿ ਅਮਰੀਕੀ ਸੈਨਿਕਾਂ ਲਈ ਅਫ਼ਗਾਨਿਸਤਾਨ ਤੋਂ ਬਾਹਰ ਜਾਣ ਦੇ ਰਸਤੇ ਨੂੰ ਸਾਫ ਕਰਨ ਲਈ ਗੁਪਤ ਗੱਲਬਾਤ ‘ਚ ਲੱਗੇ ਹੋਏ ਸਨ।ਤਾਲਿਬਾਨ ਨੇ ਸ਼ਰਤ ਰੱਖੀ ਸੀ ਕਿ ਅਫ਼ਗਾਨਿਸਤਾਨ ਹਕੂਮਤ ਦੀ ਕੈਦ ‘ਚ ਬੰਦ ਉਸ ਦੇ 5 ਹਜ਼ਾਰ ਕੈਦੀਆਂ ਨੂੰ ਰਿਹਾਅ ਕੀਤਾ ਜਾਵੇ, ਜਦਕਿ ਅਸ਼ਰਫ ਗਨੀ ਸਰਕਾਰ ਨੇ ਹਿੰਸਕ ਘਟਨਾਵਾਂ ‘ਤੇ ਰੋਕ ਲਗਾਉਣ ਦੀ ਸ਼ਰਤ ਰੱਖੀ ਸੀ।ਅਮਰੀਕੀ ਦਬਾਅ ਤੋਂ ਬਾਅਦ ਕਾਬੁਲ ਨੇ ਜਲਦ ਤੋਂ ਜਲਦ ਸ਼ਾਂਤੀ ਵਾਰਤਾ ਨੂੰ ਸ਼ੂਰੂ ਕਰਨ ਦੀ ਅਪੀਲ ਕੀਤੀ ਸੀ।
ਤਾਲਿਬਾਨੀ ਵਫ਼ਦ ਦੀ ਅਗਵਾਈ ਸ਼ੇਖ ਅਬਦੁੱਲ ਹਕੀਮ ਕਰ ਰਹੇ ਹਨ ਅਤੇ ਤਾਲਿਬਾਨ ਦੇ ਪ੍ਰਮੁੱਖ ਮੈਂਬਰ ਅੱਬਾਸ ਸਤਾਨੀਕਜ਼ਾਈ ਅਤੇ ਅਨਸ ਹੱਕਾਨੀ ਵੀ ਹਨ।ਦੂਜੇ ਪਾਸੇ ਅਫ਼ਗਾਨਿਸਤਾਨ ਦੀ ਸਰਕਾਰ ਵੱਲੋਂ ਮਾਸੂਮ ਸਤਾਨੀਕਜ਼ਾਈ ਵਫ਼ਦ ਦੀ ਅਗਵਾਈ ਕਰ ਰਹੇ ਹਨ।ਇਸ ਤੋਂ ਇਲਾਵਾ ਹਨੀਫ ਅਤਮਾਰ ਅਤੇ ਅਬਦੁੱਲਾ ਅਬਦੁੱਲਾ ਵੀ ਕਮੇਟੀ ‘ਚ ਸ਼ਾਮਲ ਹਨ।
ਫਰਵਰੀ ਮਹੀਨੇ ਅਮਰੀਕਾ-ਤਾਲਿਬਾਨ ਵਿਚਾਲੇ ਹੋਏ ਸਮਝੌਤੇ ਦੇ ਹਿੱਸੇ ਵੱਜੋਂ ਅੰਤਰ ਅਫ਼ਗਾਨ ਸੰਵਾਦ ਦੀ ਸ਼ੁਰੂਆਤ ਤੋਂ ਬਾਅਦ ਦੋਵਾਂ ਧਿਰਾਂ ਵਿਚਾਲੇ ਇਹ ਪਹਿਲੀ ਰਸਮੀ ਬੈਠਕ ਹੈ।

ਤਾਲਿਬਾਨ ਅਤੇ ਅਫ਼ਗਾਨ ਸਰਕਾਰ ਦੇ ਨੁਮਾਇੰਦਿਆਂ ਨੇ ਅੰਤਰ ਅਫ਼ਗਾਨ ਸੰਵਾਦ ਨੂੰ ਸ਼ੂਰੂ ਕਰਨ ਲਈ 2019 ‘ਚ ਮਾਸਕੋ ਵਿਖੇ ਬੈਠਕ ਕੀਤੀ ਸੀ।ਅਫ਼ਗਾਨ ਹਕੂਮਤ ਸ਼ੁਰੂ ਤੋਂ ਹੀ ਤਾਲਿਬਾਨ ਨਾਲ ਸ਼ਾਂਤੀ ਨਾਲ ਗੱਲਬਾਤ ਕਰਨ ਲਈ ਤਿਆਰ ਹੈ ਅਤੇ ਅੰਤਰ ਅਫ਼ਗਾਨ ਸੰਵਾਦ ਦੀ ਹਿਮਾਇਤ ਕਰਦੀ ਹੈ।ਪਰ ਤਾਲਿਬਾਨ ਨੇ ਹਮੇਸ਼ਾਂ ਹੀ ਇਸ ਸ਼ਾਂਤੀ ਵਾਰਤਾ ਨੂੰ ਇਹ ਕਹਿ ਕੇ ਠੁਕਰਾਇਆ ਕਿ ਉਹ ਅਮਰੀਕਾ ਨਾਲ ਹੀ ਸਿੱਧੀ ਗੱਲਬਾਤ ਕਰੇਗਾ।

ਤਾਲਿਬਾਨ ਨੇ ਹਮੇਸ਼ਾਂ ਹੀ ਹਿੰਸਾ ਨੂੰ ਉਤਸ਼ਾਹਤ ਕੀਤਾ ਹੈ।ਅੰਤਰਰਾਸ਼ਟਰੀ ਬੁੱਧੀਜੀਵਾਂ, ਵਾਰਤਾਕਾਰਾਂ ਵੱਲੋਂ ਕੀਤੇ ਗਏ ਯਤਨਾਂ ਅਤੇ ਕੁੱਝ ਦੇਸ਼ਾਂ ਖਾਸ ਕਰਕੇ ਪਾਕਿਸਤਾਨ ਦੀ ਸ਼ਮੂਲੀਅਤ ਨਾਲ ਆਖ਼ਰਕਾਰ ਇਹ ਸ਼ਾਂਤੀ ਵਾਰਤਾ ਸ਼ੁਰੂ ਹੋਈ ਹੈ।

ਅਫ਼ਗਾਨ ਸਰਕਾਰ ਲਈ ਸਭ ਤੋਂ ਮਹੱਤਵਪੂਰਣ ਗੱਲ ਇਹ ਹੈ ਕਿ ਉਸ ਵੱਲੋਂ ਮਹਿਲਾ ਸਸ਼ਕਤੀਕਰਨ ਅਤੇ ਸਿੱਖਿਆ ਸਬੰਧੀ ਅਗਾਂਹਵਧੂ ਕਾਨੂੰਨਾਂ ਦੀ ਰਾਖੀ ਕੀਤੀ ਜਾਵੇ।ਇਸ ਤੋਂ ਇਲਾਵਾ ਅਫ਼ਗਾਨ ਸਰਕਾਰ ਜੰਗਬੰਦੀ ਦੀ ਮੰਗ ਨੂੰ ਵੀ ਜ਼ੋਰਦਾਰ ਢੰਗ ਨਾਲ ਪੇਸ਼ ਕਰ ਰਹੀ ਹੈ।ਦੂਜੇ ਪਾਸੇ ਤਾਲਿਬਾਨ ਦਾ ਮੁੱਖ ਉਦੇਸ਼ ਅਫ਼ਗਾਨਿਸਤਾਨ ‘ਚ ਇਸਲਾਮੀ ਸੰਵਿਧਾਨ ਦੀ ਮੁੜ ਸਥਾਪਨਾ ਕਰਨਾ ਹੈ।

ਦੋਹਾ ‘ਚ ਸ਼ਾਂਤੀ ਸੰਵਦਾ ਤੋਂ ਪਹਿਲਾਂ, ਇੱਕ ਤਾਲਿਬਾਨੀ ਵਫ਼ਦ ਨੇ ਮੁੱਲ੍ਹਾ ਬਰਦਾਰ ਦੀ ਅਗਵਾਈ ‘ਚ ਇਸਲਾਮਾਬਾਦ ਦਾ ਦੌਰਾ ਕੀਤਾ ਅਤੇ ਅਫ਼ਗਾਨਿਸਤਾਨ ਦੇ ਭਵਿੱਖ ਸਬੰਧੀ ਪਾਕਿਸਤਾਨੀ ਆਗੂਆਂ ਨਾਲ ਵਿਚਾਰ ਵਟਾਂਦਰਾ ਕੀਤਾ।ਇਸ ਬੈਠਕ ‘ਚ ਆਈਐਸਆਈ ਮੁੱਖੀ ਨੇ ਵੀ ਸ਼ਿਰਕਤ ਕੀਤੀ।ਇਸ ਤੋਂ ਇਹ ਸਪੱਸ਼ਟ ਹੁੰਦਾ ਹੈ ਕਿ ਪਾਕਿਸਤਾਨ ਤਾਲਿਬਾਨ ਦੇ ਸਮਰੱਥਨ ‘ਚ ਲਗਾਤਾਰ ਖੜ੍ਹਾ ਹੈ, ਜੋ ਕਿ ਭਾਰਤ ਲਈ ਵੱਡੀ ਚਿੰਤਾ ਦਾ ਵਿਸ਼ਾ ਹੈ।ਇੱਥੇ ਇਹ ਦੱਸਣਾ ਜ਼ਰੂਰੀ ਹੈ ਕਿ ਭਾਰਤ ਬਹੁਤ ਸਮੇਂ ਤੋਂ ਪਾਕਿਸਤਾਨ ਵੱਲੋਂ ਸਮਰਥਿਤ ਸਰਹੱਦ ਪਾਰ ਤੋਂ ਅੱਤਵਾਦ ਦਾ ਸ਼ਿਕਾਰ ਰਿਹਾ ਹੈ।ਇਸ ਲਈ ਨਵੀਂ ਦਿੱਲੀ ਸ਼ਾਂਤੀ ਵਾਰਤਾ ਦੇ ਹੱਕ ‘ਚ ਹੈ।ਭਾਰਤ ਅਫ਼ਗਾਨਿਸਤਾਨ ‘ਚ ਕਈ ਵਿਕਾਸ ਪ੍ਰਾਜੈਕਟਾਂ ਦੇ ਨਿਰਮਾਣ ‘ਚ ਸਹਾਇਕ ਹੈ।

ਭਾਰਤੀ ਵਿਦੇਸ਼ ਮੰਤਰੀ ਡਾ.ਐਸ ਜੈਸ਼ੰਕਰ ਨੇ ਅਫ਼ਗਾਨਿਸਤਾਨ ਸਬੰਧੀ ਭਾਰਤ ਦੇ ਪੱਖ ਨੂੰ ਸਪਸ਼ੱਟ ਕੀਤਾ ਹੈ।ਉਨ੍ਹਾਂ ਕਿਹਾ ਕਿ ਨਵੀਂ ਦਿੱਲੀ ਚਾਹੁੰਦੀ ਹੈ ਕਿ ਸ਼ਾਂਤੀ ਪ੍ਰਕ੍ਰਿਆ ਅਫ਼ਗਾਨ ਅਗਵਾਈ ਵਾਲੀ , ਅਫ਼ਗਾਨ ਮਾਲਕੀ ਅਤੇ ਅਫ਼ਗਾਨ ਦੇ ਕੰਟਰੋਲ ਵਾਲੀ ਹੋਣੀ ਚਾਹੀਦੀ ਹੈ।ਇਸ ਤੋਂ ਇਲਾਵਾ ਅਫ਼ਗਾਨ ਦੀ ਪ੍ਰਭੂਸੱਤਾ ਅਤੇ ਖੇਤਰੀ ਅਖੰਡਤਾ ਦਾ ਸਨਮਾਨ ਕਰਨ ਵਾਲੀ ਹੋਣੀ ਚਾਹੀਦੀ ਹੈ ਤਾਂ ਜੋ ਜਮਹੂਰੀ ਇਸਲਾਮਿਕ ਗਣਤੰਤਰ ਦੀ ਸਥਾਪਨਾ ਕੀਤੀ ਜਾ ਸਕੇ।

ਘੱਟ ਗਿਣਤੀ, ਔਰਤਾਂ ਅਤੇ ਸਮਾਜ ਦੇ ਕਮਜ਼ੋਰ ਅਤੇ ਲੋੜਵੰਦ ਵਰਗਾਂ ਦੇ ਹਿੱਤਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾਣਾ ਲਾਜ਼ਮੀ ਹੈ ਅਤੇ ਨਾਲ ਹੀ ਹਿੰਸਾ ਦੇ ਮੁੱਦੇ ‘ਤੇ ਵੀ ਗੰਭੀਰਤਾ ਨਾਲ ਵਿਚਾਰ ਹੋਣੀ ਚਾਹੀਦੀ ਹੈ।ਇਸ ਸੰਵਾਦ ‘ਚ ਬਹੁਤ ਕੁੱਝ ਅਹਿਮ ਫ਼ੈਸਲੇ ਲਏ ਜਾ ਸਕਦੇ ਹਨ।

ਭਾਰਤੀ ਵਿਦੇਸ਼ ਮੰਤਰੀ ਨੇ ਦੋਹਾ ਪ੍ਰਕ੍ਰਿਆ ਦੀ ਸਫਲਤਾ ਲਈ ਪਹਿਲ ਦੇ ਅਧਾਰ ‘ਤੇ ਅਫ਼ਗਾਨਿਸਤਾਨ ਦੀ ਕੌਮੀ ਪ੍ਰਭੂਸੱਤਾ ਅਤੇ ਖੇਤਰੀ ਅੰਖਡਤਾ ਦਾ ਸਨਮਾਨ ਕਰਨ ਦੀ ਲੋੜ ‘ਤੇ ਜ਼ੋਰ ਦਿੱਤਾ ਹੈ।ਸਮੇਂ ਦੀ ਵੀ ਇਹੀ ਮੰਗ ਹੈ।

ਭਾਰਤ ਇਕ ਅਜਿਹੇ ਅਫ਼ਗਾਨਿਸਤਾਨ ਦੀ ਕਾਮਨਾ ਕਰਦਾ ਹੈ ਜੋ ਕਿ ਅਮਨ-ਸ਼ਾਂਤੀ ਅਤੇ ਖੁਸ਼ਹਾਲੀ ਭਰਪੂਰ ਹੋਵੇ।ਇਹ ਖੇਤਰੀ ਸੁਰੱਖਿਆ ਨੂੰ ਯਕੀਨੀ ਬਣਾਵੇਗਾ।ਇਸ ਸ਼ਾਂਤੀ ਵਾਰਤਾ ਦੀ ਸਫਲਤਾ ‘ਚ ਅਫ਼ਗਾਨਿਸਤਾਨ ਦੇ ਨਾਲ ਨਾਲ ਭਾਰਤ ਨੂੰ ਵੀ ਲਾਭ ਹੋਵੇਗਾ।

 

ਸਕ੍ਰਿਪਟ: ਡਾ.ਸਮਰੁਤੀ ਐਸ ਪਟਨਾਇਕ, ਦੱਕਣੀ ਏਸ਼ੀਆ ਲਈ ਰਣਨੀਤਕ ਵਿਸ਼ਲੇਸ਼ਕ