ਭਾਰਤ-ਜਾਪਾਨ ਦਾ ਆਰਥਿਕ ਸਹਿਯੋਗ ਸਿਖਰਾਂ ਵੱਲ: ਐੱਸ. ਜੈਸ਼ੰਕਰ

ਵਿਦੇਸ਼ ਮੰਤਰੀ ਡਾ. ਐੱਸ. ਜੈਸ਼ੰਕਰ ਨੇ ਬੀਤੇ ਦਿਨ ਕਿਹਾ ਹੈ ਕਿ ਭਾਰਤ ਅਤੇ ਜਾਪਾਨ ਨੇ ਆਰਥਿਕ ਸਹਿਯੋਗ ਵਿੱਚ ਬਹੁਤ ਹੀ ਵਾਧਾ ਦਰਜ ਕੀਤਾ ਹੈ। ਐੱਫ.ਆਈ.ਸੀ.ਸੀ.ਆਈ. ਵੱਲੋਂ ਜਾਰੀ ਇੰਡੀਆ-ਜਾਪਾਨ ਦੀ ਰਿਪੋਰਟ ਮੌਕੇ ਡਾ ਜੈਸ਼ੰਕਰ ਨੇ ਕਿਹਾ ਕਿ ਜਾਪਾਨ ਤੋਂ ਐੱਫ.ਡੀ.ਆਈ. ਦੀ ਆਮਦ ਵੱਧ ਗਈ ਹੈ ਅਤੇ ਭਾਰਤ ਵਿੱਚ ਜਾਪਾਨੀ ਕੰਪਨੀਆਂ ਦੀ ਗਿਣਤੀ ਵੀ ਵੱਧ ਗਈ ਹੈ। ਮੰਤਰੀ ਨੇ ਕਿਹਾ ਕਿ ਜਾਪਾਨ ਇਕਲੌਤਾ ਦੇਸ਼ ਹੈ ਜਿਸ ਨਾਲ ਭਾਰਤ ਦਾ ਸਾਲਾਨਾ ਸਿਖਰ ਸੰਮੇਲਨ ਅਤੇ 22 ਸੰਵਾਦ ਹੁੰਦੇ ਹਨ। ਉਨ੍ਹਾਂ ਕਿਹਾ ਕਿ ਇਹ ਦਰਸਾਉਂਦਾ ਹੈ ਕਿ ਦੋਵੇਂ ਦੇਸ਼ਾਂ ਵਿੱਚ ਕਿੰਨਾ ਤਾਲਮੇਲ ਹੈ।

ਡਾ ਜੈਸ਼ੰਕਰ ਨੇ ਕਿਹਾ ਕਿ ਭਾਰਤ ਦਾ ਇੰਡੋ-ਪੈਸੀਫਿਕ ਲਈ ਇਕ ਨਜ਼ਰੀਆ ਹੈ ਜਿਵੇਂ ਕਿ ਜਾਪਾਨ ਦਾ ਹੈ। ਉਨ੍ਹਾਂ ਕਿਹਾ ਕਿ ਦੋਵੇਂ ਦੇਸ਼ਾਂ ਨੇ ਕਈ ਤਰੀਕਿਆਂ ਨਾਲ ਹਿੰਦ-ਪ੍ਰਸ਼ਾਂਤ ਦੇ ਖਿੱਤੇ ਨੂੰ ਇੱਕ ਨਵੀਂ ਦਿਸ਼ਾ ਦੇਣ ਦੀ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਪ੍ਰਸ਼ਾਂਤ ਅਤੇ ਹਿੰਦ ਮਹਾਸਾਗਰ ਦੇ ਖੇਤਰਾਂ ਵਿੱਚ ਜੋ ਕੁਝ ਵਾਪਰਦਾ ਹੈ ਉਹ ਸਹਿਜੇ ਹੀ ਹਿੰਦ-ਪ੍ਰਸ਼ਾਂਤ ਦੀ ਮਹੱਤਤਾ ਅਤੇ ਸਾਰਥਕਤਾ ਨੂੰ ਦਰਸਾਉਂਦਾ ਹੈ।