ਕੋਵਿਡ ਤੋਂ ਠੀਕ ਹੋਣ ਵਾਲੇ ਮਾਮਲਿਆਂ ਦੀ ਦਰ ਸੁਧਰ ਕੇ 79.68 ਫੀਸਦੀ ਹੋਈ

ਭਾਰਤ ਵਿੱਚ ਕੋਵਿਡ-19 ਦੀ ਜਾਂਚ ਲਈ ਬੀਤੇ 24 ਘੰਟਿਆਂ ਦੌਰਾਨ 12 ਲੱਖ 6 ਹਜ਼ਾਰ ਤੋਂ ਟੈਸਟ ਕੀਤੇ ਗਏ ਹਨ ਜੋ ਹੁਣ ਤੱਕ ਇੱਕ ਦਿਨ ਵਿੱਚ ਕੀਤੇ ਗਏ ਟੈਸਟਾਂ ਵਿੱਚ ਸਭ ਤੋਂ ਵੱਧ ਹੈ। ਗੌਰਤਲਬ ਹੈ ਕਿ ਦੇਸ਼ ਭਰ ਵਿੱਚ ਹੁਣ ਤੱਕ 6 ਕਰੋੜ 36 ਲੱਖ ਤੋਂ ਵੱਧ ਕੋਵਿਡ-19 ਦੇ ਟੈਸਟ ਕੀਤੇ ਜਾ ਚੁੱਕੇ ਹਨ। ਬੀਤੇ ਦਿਨ ਸਿਹਤ ਮੰਤਰਾਲੇ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਵੱਡੇ ਪੱਧਰ ਤੇ ਕੀਤੇ ਗਏ ਟੈਸਟਾਂ, ਸੰਕ੍ਰਮਿਤ ਮਾਮਲਿਆਂ ਦੀ ਛੇਤੀ ਪਛਾਣ, ਸਮੇਂ ਸਿਰ ਅਤੇ ਪ੍ਰਭਾਵਸ਼ਾਲੀ ਇਲਾਜ ਕਾਰਨ ਮੌਤ ਦਰ ਵਿੱਚ ਕਮੀ ਆਈ ਹੈ।

ਬੀਤੇ 24 ਘੰਟਿਆਂ ਦੌਰਾਨ ਕੋਵਿਡ-19 ਦੇ 94 ਹਜ਼ਾਰ 612 ਤੋਂ ਵੱਧ ਮਰੀਜ਼ ਠੀਕ ਹੋਏ ਹਨ। ਮੰਤਰਾਲੇ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਕੋਵਿਡ-19 ਤੋਂ ਠੀਕ ਹੋਣ ਦੀ ਦਰ ਸੁਧਰ ਕੇ 79.68 ਫੀਸਦੀ ਹੋ ਗਈ ਹੈ। ਇਸ ਦੇ ਨਾਲ ਹੀ ਠੀਕ ਹੋਣ ਵਾਲੇ ਮਾਮਲਿਆਂ ਦੀ ਕੁੱਲ ਸੰਖਿਆ 43 ਲੱਖ ਤੋਂ ਪਾਰ ਹੋ ਗਈ ਹੈ।

ਗੌਰਤਲਬ ਹੈ ਕਿ ਲਗਾਤਾਰ ਵੱਧ ਰਹੀ ਰਿਕਵਰੀ ਕਾਰਨ ਦੇਸ਼ ਵਿੱਚ ਕੋਵਿਡ-19 ਦੇ ਮਾਮਲਿਆਂ ਦਾ ਭਾਰ ਘਟਿਆ ਹੈ ਅਤੇ ਇਸ ਵੇਲੇ ਕੁੱਲ ਮਾਮਲਿਆਂ ਵਿੱਚੋਂ ਸਿਰਫ 18.72 ਫੀਸਦੀ ਹੀ ਸੰਕ੍ਰਮਿਤ ਮਾਮਲੇ ਹਨ। ਇਸ ਸਮੇਂ ਦੇਸ਼ ਭਰ ਵਿੱਚ ਸੰਕ੍ਰਮਿਤ ਮਾਮਲਿਆਂ ਦੀ ਕੁੱਲ ਸੰਖਿਆ 10 ਲੱਖ 10 ਹਜ਼ਾਰ ਹੈ।