ਸੁਰਖੀਆਂ

1) ਪ੍ਰਧਾਨ ਮੰਤਰੀ ਨੇ ਖੇਤੀ ਉਪਜ ਵਪਾਰ ਅਤੇ ਵਣਜ (ਤਰੱਕੀ ਅਤੇ ਸੁਵਿਧਾ) ਬਿੱਲ, ਕਿਸਾਨ (ਸਸ਼ਕਤੀਕਰਨ ਅਤੇ ਸੁਰੱਖਿਆ) ਕੀਮਤ ਗਾਰੰਟੀ ਅਤੇ ਖੇਤੀ ਸੇਵਾਵਾਂ ਬਿੱਲ ਅਤੇ ਜ਼ਰੂਰੀ ਵਸਤਾਂ (ਸੋਧ) ਬਿੱਲ ਨੂੰ ਦੋਵਾਂ ਸਦਨਾਂ ਦੁਆਰਾ ਪਾਸ ਕਰਨ ਦੀ ਸ਼ਲਾਘਾ ਕੀਤੀ। ਸ਼੍ਰੀ ਮੋਦੀ ਨੇ ਕਿਹਾ ਕਿ ਇਹ ਇਕ ਇਤਿਹਾਸਕ ਪਲ ਹੈ। ਕਿਸਾਨ ਹੁਣ ਆਪਣੀ ਫ਼ਸਲ ਨੂੰ ਵੱਧ ਤੋਂ ਵੱਧ ਭਾਅ ‘ਤੇ ਵੇਚਣ ਲਈ ਪੂਰੀ ਤਰ੍ਹਾਂ ਆਜ਼ਾਦ ਹੋਣਗੇ।

2) ਭਾਰਤ ਅਤੇ ਚੀਨ ਦੇ ਸੀਨੀਅਰ ਕਮਾਂਡਰ ਅੱਜ ਭਾਰਤ ਅਤੇ ਚੀਨ ਦੇ ਵਿਦੇਸ਼ ਮੰਤਰੀਆਂ ਦਰਮਿਆਨ ਹੋਏ ਸਮਝੌਤੇ ਨੂੰ ਅੱਗੇ ਵਧਾਉਣ ਲਈ ਕਾਰਜ ਪ੍ਰਣਾਲੀਆਂ ਤੇ ਕੰਮ ਕਰ ਰਹੇ ਹਨ।

3) ਰਾਜ ਸਭਾ ਦੇ 8 ਮੈਂਬਰਾਂ ਨੂੰ ਸਦਨ ਵਿੱਚ ਹੰਗਾਮਾ ਕਰਨ ਦੇ ਦੋਸ਼ ਵਿੱਚ ਮੁਅੱਤਲ ਕਰ ਦਿੱਤਾ ਗਿਆ ਹੈ। ਰਾਜ ਸਭਾ ਦੇ ਚੇਅਰਮੈਨ ਨੇ ਕਿਹਾ ਕਿ 8 ਮੈਂਬਰਾਂ ਦਾ ਵਤੀਰਾ ਬਰਦਾਸ਼ਤ ਤੋਂ ਬਾਹਰ ਸੀ ਅਤੇ ਸਦਨ ਦੇ ਅਕਸ ਨੂੰ ਨੁਕਸਾਨ ਪੁੱਜਾ ਹੈ।

4) ਤਾਜ ਮਹਿਲ ਨੂੰ 6 ਮਹੀਨਿਆਂ ਬਾਅਦ ਦੁਬਾਰਾ ਲੋਕਾਂ ਲਈ ਖੋਲ੍ਹਿਆ ਗਿਆ ਹੈ। ਹਰ ਦਿਨ ਸਿਰਫ 5,000 ਸੈਲਾਨੀਆਂ ਦੀ ਆਗਿਆ ਹੋਵੇਗੀ। ਯਾਤਰੀਆਂ ਨੂੰ ਮਾਸਕ ਪਹਿਨਣਾ ਜ਼ਰੂਰੀ ਹੋਵੇਗਾ ਅਤੇ ਸਮਾਜਿਕ ਦੂਰੀ ਬਣਾਈ ਰੱਖਣ ਦੇ ਨੇਮਾਂ ਦੀ ਪਾਲਣਾ ਕਰਨੀ ਪਵੇਗੀ। ਇਤਿਹਾਸਕ ਆਗਰਾ ਕਿਲ੍ਹਾ ਵੀ ਦੁਬਾਰਾ ਖੁੱਲ੍ਹ ਗਿਆ ਹੈ। ਮੌਜੂਦਾ ਸਮੇਂ ਵਿੱਚ 2,500 ਸੈਲਾਨੀਆਂ ਨੂੰ ਇਮਾਰਤ ਵਿੱਚ ਦਾਖ਼ਲ ਹੋਣ ਦੀ ਆਗਿਆ ਦਿੱਤੀ ਜਾਵੇਗੀ।

5) ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਬਿਹਾਰ ਵਿੱਚ 14000 ਕਰੋੜ ਰੁਪਏ ਦੇ 9 ਹਾਈਵੇ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ। ਇਸ ਦੇ ਨਾਲ ਹੀ ਉਨ੍ਹਾਂ ਨੇ ਇੰਟਰਨੈਟ ਸੇਵਾਵਾਂ ਦੇ ਲਈ ਆਪਟੀਕਲ ਫਾਈਬਰ ਦਾ ਉਦਘਾਟਨ ਵੀ ਕੀਤਾ।

6) ਭਾਰਤ ਵਿੱਚ ਲਗਾਤਾਰ ਤੀਜੇ ਦਿਨ ਕੋਵਿਡ-19 ਦੇ ਸੰਕ੍ਰਮਿਤ ਮਾਮਲਿਆਂ ਨਾਲੋਂ ਠੀਕ ਹੋਣ ਦੇ ਮਾਮਲੇ ਵੱਧ ਦਰਜ ਕੀਤੇ ਗਏ ਹਨ। ਬੀਤੇ 24 ਘੰਟਿਆਂ ਵਿੱਚ 93,356 ਮਾਮਲਿਆਂ ਦੇ ਠੀਕ ਹੋਣ ਦੀ ਖ਼ਬਰ ਹੈ ਤੇ ਰਿਕਵਰੀ 43,96,339 ਹੋ ਗਈ ਹੈ। ਠੀਕ ਹੋਣ ਦੀ ਦਰ 80 ਫੀਸਦੀ ਤੋਂ ਪਾਰ (80.12%) ਹੋ ਗਈ ਹੈ।

7) ਪਿਛਲੇ 24 ਘੰਟਿਆਂ ਵਿੱਚ ਪੂਰੇ ਦੇਸ਼ ਵਿੱਚ ਕੋਵਿਡ-19 ਦੇ 7,31,534 ਟੈਸਟ ਕੀਤੇ ਗਏ ਹਨ।

8) ਯੂਰਪੀਅਨ ਬਿਮਾਰੀ ਰੋਕਥਾਮ ਅਤੇ ਨਿਯੰਤਰਣ ਕੇਂਦਰ ਦੇ ਅਨੁਸਾਰ ਬਹੁਤ ਸਾਰੇ ਯੂਰਪੀ ਦੇਸ਼ਾਂ ਦੁਆਰਾ ਲਗਾਈਆਂ ਗਈਆਂ ਨਵੀਆਂ ਪਾਬੰਦੀਆਂ ਲਾਜ਼ਮੀ ਹਨ; ਕਿਉਂਕਿ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਸਰਦੀਆਂ ਵਿੱਚ ਘਾਤਕ ਸਿੱਧ ਹੋ ਸਕਦੀ ਹੈ। ਕਈ ਦੇਸ਼ਾਂ ਵਿੱਚ ਮੌਤ ਦਰ ਵਿੱਚ ਵਾਧਾ ਦਰਜ ਕੀਤਾ ਗਿਆ ਹੈ।

9) ਪਾਕਿਸਤਾਨ ਵਿੱਚ ਵਿਰੋਧੀ ਪਾਰਟੀਆਂ ਨੇ ਮੌਜੂਦਾ ਸਰਕਾਰ ਦੇ ਖਿਲਾਫ਼ ਗੱਠਜੋੜ ਬਣਾਉਣਾ ਸ਼ੁਰੂ ਕੀਤਾ ਹੈ। ਪਾਕਿਸਤਾਨ ਪੀਪਲਜ਼ ਪਾਰਟੀ, ਪਾਕਿਸਤਾਨ ਮੁਸਲਿਮ ਲੀਗ ਨਵਾਜ਼ ਅਤੇ ਜਮੀਅਤ ਉਲੇਮਾ-ਏ-ਇਸਲਾਮ ਫਜ਼ਲ ਅਤੇ ਕਈ ਹੋਰ ਪਾਰਟੀਆਂ ਦੀ ਸਰਬ ਪਾਰਟੀ ਕਾਨਫ਼ਰੰਸ ਵਿੱਚ 26 ਨੁਕਾਤੀ ਸਾਂਝੇ ਮਤੇ ਨੂੰ ਅਪਣਾਇਆ ਗਿਆ ਹੈ। ਉਹ ਪਾਕਿਸਤਾਨ ਦੀ ਤਹਿਰੀਕ-ਏ-ਇਨਸਾਫ ਪਾਰਟੀ ਦੀ ਸਰਕਾਰ ਖ਼ਿਲਾਫ਼ ਅੰਦੋਲਨ ਦੀ ਸ਼ੁਰੂਆਤ ਕਰਨਗੀਆਂ।

10) ਸੰਯੁਕਤ ਰਾਸ਼ਟਰ ਸੁੱਰਖਿਆ ਪਰਿਸ਼ਦ ਦੇ ਮਤੇ ਦੇ ਵਿਰੁੱਧ ਜਾ ਕੇਇਰਾਨ ਤੇ ਪਾਬੰਦੀਆਂ ਲਾਗੂ ਕਰਨ ਲਈ ਅਮਰੀਕਾ ਨੇ ਅੱਗੇ ਦੀ ਕਾਰਵਾਈ ਸ਼ੁਰੂ ਕੀਤੀ।