ਭਾਰਤ ਨੇ ਬੋਧੀ ਸਰਕਿਟ ਦੇ ਵਿਕਾਸ ਵਿੱਚ ਲਿਆਂਦੀ ਤੇਜ਼ੀ

ਭਾਰਤ ਸਰਕਾਰ ਨੇ ਇਸ ਸਾਲ 24 ਜੂਨ ਨੂੰ ਦੇਸ਼ ਉੱਤਰੀ ਸੂਬੇ ਉੱਤਰ ਪ੍ਰਦੇਸ਼ ਦੇ ਕੁਸ਼ੀਨਗਰ ਹਵਾਈ ਅੱਡੇ ਨੂੰ ਅੰਤਰਰਾਸ਼ਟਰੀ ਹਵਾਈ ਅੱਡਾ ਘੋਸ਼ਿਤ ਕਰ ਦਿੱਤਾ ਹੈ। ਗੌਰਤਲਬ ਹੈ ਕਿ ਇਸ ਉਪਰਾਲੇ ਦੇ ਨਾਲ ਭਾਰਤ ਅਤੇ ਇਸ ਦੇ ਗੁਆਂਢੀ ਦੇਸ਼ ਨੇਪਾਲ ਵਿੱਚ ਸਥਿਤ ਭਗਵਾਨ ਗੌਤਮ ਬੁੱਧ ਨਾਲ ਸੰਬੰਧਤ ਧਾਰਮਿਕ ਸਥਾਨਾਂ ਦੀ ਯਾਤਰਾ ਦੇ ਲਈ ਦੱਖਣ ਅਤੇ ਦੱਖਣ-ਪੂਰਬੀ ਏਸ਼ਿਆਈ ਦੇਸ਼ਾਂ ਦੇ ਯਾਤਰੀਆਂ ਨੂੰ ਕਾਫੀ ਸਹੂਲਤ ਮਿਲੇਗੀ ਤੇ ਹੁਣ ਉਹ ਸਿੱਧੇ ਇਸ ਹਵਾਈ ਅੱਡੇ ਤੇ ਪਹੁੰਚ ਸਕਦੇ ਹਨ। ਕਾਬਿਲੇਗੌਰ ਹੈ ਕਿ ਕੁਸ਼ੀਨਗਰ ਸਭ ਤੋਂ ਮਹੱਤਵਪੂਰਣ ਬੋਧੀ ਸਥਾਨਾਂ ਵਿਚੋਂ ਇਕ ਹੈ ਜਿਥੇ ਬੁੱਧ ਨੇ 483 ਈਸਾ ਪੂਰਵ ਵਿਚ ਮਹਾਪਰਿਨਿਰਵਾਣ ਪ੍ਰਾਪਤ ਕੀਤਾ ਸੀ। 3,200 ਮੀਟਰ ਲੰਬਾ ਰਨਵੇ ਛੋਟੇ ਅਤੇ ਵਿਸ਼ਾਲ ਜਹਾਜ਼ਾਂ ਦੀਆਂ ਉਡਾਣਾਂ ਲਈ ਤਿਆਰ ਹੈ। ਇਸ ਦੇ ਨਾਲ ਹੀ ਹੋਰ ਨਵੀਨੀਕਰਣ ਅਤੇ ਸਹੂਲਤਾਂ ਦਾ ਵਿਸਥਾਰ ਕਰਨ ਦਾ ਕਾਰਜ ਮੁਕੰਮਲ ਹੋਣ ਦੇ ਨੇੜੇ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਕੋਵਿਡ-19 ਮਹਾਮਾਰੀ ਦੇ ਫੈਲਣ ਕਾਰਨ ਭਾਰਤ ਅਤੇ ਹੋਰਨਾਂ ਦੇਸ਼ਾਂ ਵੱਲੋਂ ਲਗਾਈਆਂ ਗਈਆਂ ਪਾਬੰਦੀਆਂ ਵਿੱਚ ਢਿੱਲ ਦਿੱਤੇ ਜਾਣ ਮਗਰੋਂ ਇਹ ਹਵਾਈ ਅੱਡਾ ਅੰਤਰਰਾਸ਼ਟਰੀ ਉਡਾਣਾਂ ਲਈ ਖੋਲ੍ਹ ਦਿੱਤਾ ਜਾਵੇਗਾ। ਇਲਾਕੇ ਦੇ ਸਰਬਪੱਖੀ ਵਿਕਾਸ ਕਾਰਨ ਇਹ ਉਮੀਦ ਜਤਾਈ ਜਾ ਰਹੀ ਹੈ ਕਿ ਕੁਸ਼ੀਨਗਰ ਜ਼ਿਆਦਾ ਬੋਧੀ ਆਬਾਦੀ ਵਾਲੇ ਦੇਸ਼ਾਂ ਦੇ ਸੈਲਾਨੀਆਂ ਲਈ ਇੱਕ ਪ੍ਰਮੁੱਖ ਸੈਲਾਨੀ ਕੇਂਦਰ ਵਜੋਂ ਉੱਭਰੇਗਾ।

ਕੁਸ਼ੀਨਗਰ ਹਵਾਈ ਅੱਡੇ ਦਾ ਵਿਸਥਾਰ ਕਰਨ ਤੋਂ ਇਲਾਵਾ ਬਿਹਾਰ ਅਤੇ ਉੱਤਰ ਪ੍ਰਦੇਸ਼ ਵਿਚ ਸ਼ਰਧਾਲੂਆਂ ਦੀ ਯਾਤਰਾ ਦੀ ਸਹੂਲਤ ਲਈ ਬੋਧੀ ਤੀਰਥ ਸਥਾਨਾਂ ਨੂੰ ਜੋੜਨ ਵਾਲੀਆਂ ਸੜਕਾਂ ਦੇ ਨਿਰਮਾਣ ਅਤੇ ਸੁਧਾਰ ਦੇ ਲਈ 10 ਹਜ਼ਾਰ ਕਰੋੜ ਰੁਪਏ ਦੇ ਬੁਨਿਆਦੀ ਢਾਂਚਾ ਪ੍ਰੋਜੈਕਟ ਵੀ ਸ਼ੁਰੂ ਕੀਤੇ ਗਏ ਹਨ। ਇਨ੍ਹਾਂ ਕਾਰਜਾਂ ਦੇ ਵੀ ਇਸ ਸਾਲ ਦੇ ਆਖਰ ਤੱਕ ਪੂਰਾ ਹੋਣ ਦੀ ਉਮੀਦ ਹੈ।

ਇੰਡੀਅਨ ਰੇਲਵੇ ਕੈਟਰਿੰਗ ਐਂਡ ਟੂਰਿਜ਼ਮ ਕਾਰਪੋਰੇਸ਼ਨ, ਆਈ.ਆਰ.ਸੀ.ਟੀ.ਸੀ. ਨੇ ਪਿਛਲੇ ਸਾਲ ਅਕਤੂਬਰ ਵਿੱਚ ਬੋਧੀ ਸਰਕਿਟ ਟ੍ਰੇਨ ਸ਼ੁਰੂ ਕੀਤੀ ਸੀ। ਇਸ ਵਿੱਚ ਸੈਲਾਨੀਆਂ ਨੂੰ ਦਿੱਤੇ ਗਏ ਪੈਕੇਜ ਵਜੋਂ ਗੋਰਖਪੁਰ ਤੋਂ ਡੀਲਕਸ ਏ.ਸੀ. ਬੱਸਾਂ ਵਿਚ ਸੜਕ ਰਾਹੀਂ ਸੈਲਾਨੀਆਂ ਨੂੰ ਨੇਪਾਲ ਵਿਚ ਗੌਤਮ ਬੁੱਧ ਦੇ ਜਨਮ ਸਥਾਨ ਲੁੰਬਿਨੀ ਸਮੇਤ ਹੋਰ ਥਾਵਾਂ ‘ਤੇ ਵੀ ਘੁਮਾਇਆ ਜਾਂਦਾ ਹੈ। ਬਾਕੀ ਦੀ ਪੂਰੀ ਯਾਤਰਾ ਦੌਰਾਨ ਯਾਤਰੀਆਂ.ਨੂੰ ਪੂਰੀ ਤਰ੍ਹਾਂ ਵਾਤਾਅਨੁਕੂਲਿਤ ਰੇਲਗਈਡੀ ਰਾਹੀਂ ਬਿਹਾਰ ਦੇ ਬੋਧਗਯਾ ਵਰਗੇ ਸਥਾਨਾਂ ਦੀ ਸੈਰ ਕਰਵਾਈ ਜਾਂਦੀ ਹੈ ਜਿਥੇ ਬੁੱਧ ਨੇ ਗਿਆਨ ਪ੍ਰਾਪਤ ਕੀਤਾ ਸੀ। ਇਸ ਦੇ ਨਾਲ ਹੀ ਸਾਰਨਾਥ ਜਿੱਥੇ ਬੁੱਧ ਨੇ ਆਪਣਾ ਪਹਿਲਾ ਉਪਦੇਸ਼ ਦਿੱਤਾ ਅਤੇ ਫਿਰ ਨਾਲੰਦਾ ਅਤੇ ਰਾਜਗੀਰ ਜਿੱਥੇ ਉਹ ਰਹੇ ਅਤੇ ਉਪਦੇਸ਼ ਦਿੱਤਾ; ਅਤੇ ਫਿਰ ਕੁਸ਼ੀਨਗਰ, ਜਿਥੇ ਗੌਤਮ ਬੁੱਧ ਨੇ ਮਹਾਪਰਿਨਿਰਵਾਣ ਪ੍ਰਾਪਤ ਕੀਤਾ।

ਇਨ੍ਹਾਂ ਸਾਰੀਆਂ ਥਾਵਾਂ ਸਮੇਤ ਹੋਰਨਾਂ ਸੂਬਿਆਂ ਵਿੱਚ ਵੀ ਬੋਧੀ ਸੈਰ-ਸਪਾਟਾ ਕੇਂਦਰਾਂ ਦੇ ਬੁਨਿਆਦੀ ਢਾਂਚੇ ਦੇ ਵਿਕਾਸ ਲਈ ਕਈ ਉਪਰਾਲੇ ਕੀਤੇ ਗਏ ਹਨ ਜਿਵੇਂ ਕਿ ਮੱਧ ਪ੍ਰਦੇਸ਼ ਦੇ ਇਤਿਹਾਸਕ ਸਾਂਚੀ ਸਤੂਪ ਜੋ ਕਿ ਪ੍ਰਾਚੀਨ ਬੋਧੀ ਸਥਾਨ ਹੈ, ਮੰਨਿਆ ਜਾਂਦਾ ਹੈ ਕਿ ਇੱਥੇ ਬੁੱਧ ਦੀਆਂ ਅਸਥੀਆਂ ਰੱਖੀਆਂ ਹੋਈਆਂ ਹਨ। ਇਸ ਦਾ ਨਿਰਮਾਣ ਤੀਜੀ ਸਦੀ ਈਸਾ ਪੂਰਵ ਵਿਚ ਸਮਰਾਟ ਅਸ਼ੋਕ ਦੁਆਰਾ ਕਰਵਾਇਆ ਗਿਆ ਸੀ। ਜਾਪਾਨ, ਥਾਈਲੈਂਡ, ਕੰਬੋਡੀਆ, ਸ਼੍ਰੀਲੰਕਾ ਅਤੇ ਹੋਰ ਦੱਖਣ-ਪੂਰਬੀ ਏਸ਼ਿਆਈ ਦੇਸ਼ਾਂ ਤੋਂ ਆਏ ਯਾਤਰੀਆਂ ਦੇ ਬੋਧੀ ਤੀਰਥ ਯਾਤਰੀ ਭਾਰੀ ਤਾਦਾਦ ਵਿਚ ਇਨ੍ਹਾਂ ਸਥਾਨਾਂ ਅਤੇ ਨੇਪਾਲ ਵਿਚ ਸਥਿਤ ਲੁੰਬਿਨੀ ਦੀ ਯਾਤਰਾ ਕਰਦੇ ਹਨ। ਅੰਤਰਰਾਸ਼ਟਰੀ ਸੈਲਾਨੀਆਂ ਦੀ ਸਹੂਲਤ ਲਈ ਇਨ੍ਹਾਂ ਪ੍ਰਮੁੱਖ ਬੋਧੀ ਸਥਾਨਾਂ ‘ਤੇ ਵਿਸ਼ਵ ਦੀਆਂ ਵੱਖ-ਵੱਖ ਭਾਸ਼ਾਵਾਂ ਵਿਚ ਜਾਣਕਾਰੀ ਦਿੱਤੀ ਗਈ ਹੈ।

ਭਾਰਤ ਵਿਚ ਬੋਧੀ ਸਥਾਨਾਂ ਦੀ ਯਾਤਰਾ ਲਈ ਚੀਨ ਅਤੇ ਦੱਖਣ-ਪੂਰਬੀ ਏਸ਼ੀਆ ਤੋਂ ਕਾਫੀ ਸੰਖਿਆ ਵਿੱਚ ਬੋਧੀ ਸ਼ਰਧਾਲੂ ਆਉਂਦੇ ਹਨ ਇਸ ਲਈ ਸਾਰਨਾਥ, ਕੁਸ਼ੀਨਗਰ ਅਤੇ ਸ੍ਰਾਵਸਤੀ ਸਮੇਤ ਪੰਜ ਬੋਧੀ ਸਥਾਨਾਂ ਉੱਤੇ ਮੰਦਾਰਿਨ, ਥਾਈ ਅਤੇ ਜਾਪਾਨੀ ਭਾਸ਼ਾ ਵਿੱਚ ਸੰਕੇਤ ਲਗਾਏ ਗਏ ਹਨ। ਇਸੇ ਤਰ੍ਹਾਂ ਸ਼੍ਰੀਲੰਕਾ ਤੋਂ ਭਾਰੀ ਸੰਖਿਆ ਵਿਚ ਸੈਲਾਨੀਆਂ ਦੇ ਮੱਧ ਪ੍ਰਦੇਸ਼ ਦੇ ਸਾਂਚੀ ਵਿਖੇ ਸਥਿਤ ਤੀਰਥ ਸਥਾਨ ਦੀ ਯਾਤਰਾ ਕਰਨ ਦੇ ਮੱਦੇਨਜ਼ਰ ਇਥੇ ਸਿੰਹਲੀ ਭਾਸ਼ਾ ਵਿਚ ਸੰਕੇਤ ਲਗਾਏ ਗਏ ਹਨ।

ਗੌਰਤਲਬ ਹੈ ਕਿ ਬੁੱਧ ਧਰਮ ਭਾਰਤ ਤੋਂ ਸ਼੍ਰੀਲੰਕਾ ਅਤੇ ਬਾਅਦ ਵਿਚ ਕਈ ਹੋਰ ਏਸ਼ਿਆਈ ਦੇਸ਼ਾਂ ਤੱਕ ਪੁੱਜਾ ਅਤੇ ਉਨ੍ਹਾਂ ਦੇਸ਼ਾਂ ਅਤੇ ਭਾਰਤ ਵਿਚਾਲੇ ਸਭਿਆਚਾਰਕ, ਧਾਰਮਿਕ, ਸਮਾਜਿਕ ਅਤੇ ਵਪਾਰਕ ਸੰਬੰਧ ਬਣਾਉਣ ਵਿਚ ਅਹਿਮ ਯੋਗਦਾਨ ਦਿੱਤਾ। ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਨਵੀਂ ਦਿੱਲੀ ਵਿਖੇ ਆਯੋਜਿਤ ਪਿਛਲੇ ਕੌਮਾਂਤਰੀ ਬੋਧੀ ਸੰਮੇਲਨ ਵਿਚ ਸਹੀ ਕਿਹਾ ਸੀ ਕਿ ਭਾਰਤ ਤੋਂ ਦੁਨੀਆ ਵਿਚ ਬੁੱਧ ਧਰਮ ਦਾ ਫੈਲਣਾ ਵਿਸ਼ਵੀਕਰਨ ਦੇ ਮੁਢਲੇ ਰੂਪ ਦਾ ਆਧਾਰ ਰਿਹਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 15 ਅਗਸਤ 2020 ਨੂੰ ਆਪਣੇ ਸੁਤੰਤਰਤਾ ਦਿਵਸ ਦੇ ਭਾਸ਼ਣ ਵਿਚ ਆਤਮਿਕ ਅਤੇ ਹੋਰ ਸੰਪਰਕ ਬਣਾਉਣ ਵਿਚ ਬੁੱਧ ਧਰਮ ਦੀ ਅਹਿਮ ਭੂਮਿਕਾ ਦਾ ਵੀ ਜ਼ਿਕਰ ਕੀਤਾ ਜਦੋਂ ਉਨ੍ਹਾਂ ਕਿਹਾ ਕਿ ਆਸੀਆਨ ਦੇਸ਼ ਜੇ ਸਾਡੇ ਸਮੁੰਦਰੀ ਸਰਹੱਦ ਨਾਲ ਲੱਗਦੇ ਗੁਆਂਢੀ ਹਨ, ਉਨ੍ਹਾਂ ਦੀ ਵਿਸ਼ੇਸ਼ ਮਹੱਤਤਾ ਹੈ। ਉਨ੍ਹਾਂ ਕਿਹਾ ਕਿ ਭਾਰਤ ਦੇ ਇਨ੍ਹਾਂ ਦੇਸ਼ਾਂ ਨਾਲ ਹਜ਼ਾਰਾਂ ਸਾਲ ਪੁਰਾਣੇ ਧਾਰਮਿਕ ਅਤੇ ਸਭਿਆਚਾਰਕ ਸੰਬੰਧ ਹਨ ਅਤੇ ਬੁੱਧ ਧਰਮ ਦੀਆਂ ਪਰੰਪਰਾਵਾਂ ਸਾਨੂੰ ਉਨ੍ਹਾਂ ਨਾਲ ਜੋੜਦੀਆਂ ਹਨ।

ਭਾਵੇਂ ਕਿ ਭਾਰਤ ਬੁੱਧ ਧਰਮ ਦਾ ਘਰ ਹੈ ਪਰ ਫਿਰ ਵੀ ਵਿਚਾਰਨ ਦੀ ਗੱਲ ਹੈ ਕਿ ਇਥੇ ਦੁਨੀਆ ਦੇ ਬੋਧੀ ਸੈਲਾਨੀਆਂ ਦਾ ਸਿਰਫ਼ ਕੁਝ ਕੁ ਹਿੱਸਾ ਹੀ ਯਾਤਰਾ ਦੇ ਲਈ ਪੁੱਜਦਾ ਹੈ। ਵਿਸ਼ਵ ਪੱਧਰੀ ਬੋਧੀ ਸਰਕਿਟ ਹੋਣ ਤੋਂ ਇਲਾਵਾ ਭਾਰਤ ਵਿਦੇਸ਼ਾਂ ਤੋਂ ਵਧੇਰੇ ਸ਼ਰਧਾਲੂਆਂ ਅਤੇ ਯਾਤਰੀਆਂ ਨੂੰ ਆਕਰਸ਼ਿਤ ਕਰਨ ਲਈ ਵੱਡੀਆਂ ਯੋਜਨਾਵਾਂ ਨੂੰ ਨੇਪਰੇ ਚਾੜ੍ਹਨ ਲਈ ਤਿਆਰ ਹੈ।

ਸਕ੍ਰਿਪਟ: ਰਤਨ ਸਾਲਦੀ, ਸੀਨੀਅਰ ਪੱਤਰਕਾਰ