ਅਜ਼ਰਬਾਈਜਾਨ ਨੇ ਅਰਮੇਨੀਆ ‘ਤੇ ਪਾਈਪ ਲਾਈਨਾਂ ‘ਤੇ ਹਮਲਾ ਕਰਨ ਦੀ ਕੋਸ਼ਿਸ਼ ਕਰਨ ਦਾ ਲਾਇਆ ਦੋਸ਼, ਨਾਗੋਰਨੋ-ਕਾਰਾਬਾਖ ਤਣਾਅ ਵਧਿਆ

ਨਾਗੋਰਨੋ-ਕਾਰਾਬਾਖ ਦੇ ਇਲਾਕੇ ਵਿੱਚ ਇੱਕ ਵਾਰ ਫਿਰ ਤਣਾਅ ਵਧ ਗਿਆ ਹੈ ਕਿਉਂਕਿ ਅਜ਼ਰਬਾਈਜਾਨ ਨੇ ਬੀਤੇ ਦਿਨ ਅਰਮੀਨੀਆ ‘ਤੇ ਉਸ ਦੀ ਗੈਸ ਅਤੇ ਤੇਲ ਪਾਈਪਾਂ ‘ਤੇ ਹਮਲਾ ਕਰਨ ਦੀ ਕੋਸ਼ਿਸ਼ ਕਰਨ ਦਾ ਦੋਸ਼ ਲਾਇਆ ਅਤੇ ਸਖਤ ਪ੍ਰਤੀਕ੍ਰਿਆ ਦੇਣ ਦੀ ਚਿਤਾਵਨੀ ਦਿੱਤੀ। ਦੂਜੇ ਪਾਸੇ ਅਰਮੇਨੀਆ ਨੇ ਅਜ਼ੀਰੀ ਪਾਈਪਲਾਈਨ ਨੂੰ ਨਿਸ਼ਾਨਾ ਬਣਾਉਣ ਤੋਂ ਇਨਕਾਰ ਕੀਤਾ ਹੈ, ਜੋ ਵਿਸ਼ਵ ਦੇ ਬਾਜ਼ਾਰਾਂ ਨੂੰ ਤੇਲ ਅਤੇ ਗੈਸ ਦੀ ਸਪਲਾਈ ਕਰਦੀ ਹੈ।

ਗੌਰਤਲਬ ਹੈ ਕਿ ਮਾਸਕੋ ਵਿੱਚ ਜੰਗਬੰਦੀ ਦੀ ਸਹਿਮਤੀ ਤੋਂ ਬਾਅਦ ਇੱਕ ਵਾਰ ਫਿਰ ਭੜਕੀ ਇਸ ਭਿਆਨਕ ਲੜਾਈ ਨੂੰ ਲੈ ਕੇ ਚਿੰਤਾ ਵਧ ਰਹੀ ਹੈ, ਜਿਸ ਵਿੱਚ 500 ਤੋਂ ਵੱਧ ਲੋਕ ਮਾਰੇ ਗਏ ਹਨ।

ਰੂਸ ਦੇ ਰੱਖਿਆ ਮੰਤਰੀ ਸਰਗੇਈ ਸ਼ੋਈਗੁ ਨੇ ਆਪਣੇ ਅਰਮੀਨੀਆਈ ਅਤੇ ਅਜ਼ਰਬਾਈਜਾਨੀ ਹਮਰੁਤਬਾ ਨੂੰ ਨਾਗੋਰਨੋ-ਕਾਰਾਬਾਖ ਬਾਰੇ ਹਾਲ ਹੀ ਵਿੱਚ ਹੋਏ ਸਮਝੌਤਿਆਂ ਨੂੰ ਪੂਰੀ ਤਰ੍ਹਾਂ ਲਾਗੂ ਕਰਨ ਦੀ ਅਪੀਲ ਕੀਤੀ ਹੈ।