ਅਮਰੀਕਾ ਦੇ ਉਪ ਵਿਦੇਸ਼ ਮੰਤਰੀ ਦਾ ਭਾਰਤ ਦੌਰਾ

ਅਮਰੀਕਾ ਦੇ ਉਪ ਵਿਦੇਸ਼ ਮੰਤਰੀ ਸਟੀਫਨ ਬੀਗਨ ਨੇ 12 ਅਕਤੂਬਰ ਨੂੰ ਤਿੰਨ ਦਿਨਾਂ ਭਾਰਤ ਦੌਰੇ ਦੀ ਸ਼ੁਰੂਆਤ ਕੀਤੀ ਸੀ। ਸਰਕਾਰੀ ਬਿਆਨ ਅਨੁਸਾਰ ਇਹ ਮੁਲਾਕਾਤ ਅਮਰੀਕਾ-ਭਾਰਤ ਵਿਆਪਕ ਗਲੋਬਲ ਰਣਨੀਤਕ ਭਾਈਵਾਲੀ ਨੂੰ ਅੱਗੇ ਵਧਾਉਣ ਤੇ ਕੇਂਦ੍ਰਿਤ ਅਤੇ ਕਿਵੇਂ ਅਮਰੀਕਾ ਅਤੇ ਭਾਰਤ ਇੰਡੋ-ਪ੍ਰਸ਼ਾਂਤ ਖਿੱਤੇ ਅਤੇ ਵਿਸ਼ਵ ਭਰ ਵਿਚ ਸ਼ਾਂਤੀ, ਖੁਸ਼ਹਾਲੀ ਅਤੇ ਸੁਰੱਖਿਆ ਨੂੰ ਅੱਗੇ ਵਧਾਉਣ ਲਈ ਮਿਲ ਕੇ ਕੰਮ ਕਰ ਸਕਦੇ ਹਨ। ਸ਼੍ਰੀ ਬੀਗਨ ਨੇ ਸੀਨੀਅਰ ਸਰਕਾਰੀ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ ਅਤੇ ਭਾਰਤ-ਅਮਰੀਕਾ ਮੰਚ ਨੂੰ ਸੰਬੋਧਿਤ ਕੀਤਾ। ਇਹ ਮੁਲਾਕਾਤ 3 ਨਵੰਬਰ ਨੂੰ ਅਮਰੀਕੀ ਰਾਸ਼ਟਰਪਤੀ ਦੀ ਚੋਣ ਤੋਂ ਪਹਿਲਾਂ, ਨਵੀਂ ਦਿੱਲੀ ਵਿੱਚ ਦੋਵਾਂ ਦੇਸ਼ਾਂ ਦੇ ਵਿਦੇਸ਼ ਅਤੇ ਰੱਖਿਆ ਮੰਤਰੀਆਂ ਦਰਮਿਆਨ 2+2 ਦੇ ਮੰਤਰੀ ਪੱਧਰ ਦੀ ਗੱਲਬਾਤ ਤੋਂ ਪਹਿਲਾਂ ਬਹੁਤ ਹੀ ਅਹਿਮ ਹੈ। ਗੌਰਤਲਬ ਹੈ ਕਿ 2 ਪਲਸ 2 ਪੱਧਰ ਦੀ ਇਹ ਤੀਜੀ ਗੱਲਬਾਤ ਹੋਵੇਗੀ। 2+2 ਫਾਰਮੈਟ ਰਾਸ਼ਟਰਪਤੀ ਡੌਨਲਡ ਟਰੰਪ ਦੇ ਜਨਵਰੀ 2017 ਵਿੱਚ ਅਹੁਦਾ ਸੰਭਾਲਣ ਤੋਂ ਬਾਅਦ ਸਥਾਪਿਤ ਕੀਤਾ ਗਿਆ ਸੀ। 2+2 ਗੱਲਬਾਤ ਦੇ ਏਜੰਡੇ ‘ਚ ਬੇਸਿਕ ਐਕਸਚੇਂਜ ਐਂਡ ਕੋਆਪ੍ਰੇਸ਼ਨ ਐਗਰੀਮੈਂਟ (ਬੀ.ਈ.ਸੀ.ਏ.) ‘ਤੇ ਵੀ ਦਸਤਖਤ ਕੀਤੇ ਜਾਣੇ ਹਨ ਜੋ ਅਮਰੀਕਾ ਦੁਆਰਾ ਭਾਰਤ ਨੂੰ ਸੈਟੇਲਾਈਟ ਸਾਂਝਾ ਕਰਨ ਦੇਵੇਗਾ ਜਿਸ ਨਾਲ ਭਾਰਤੀ ਸੈਨਾ ਆਪਣੀ ਨੈਵੀਗੇਸ਼ਨ ਸਮਰੱਥਾ ਨੂੰ ਹੋਰ ਬਿਹਤਰ ਬਣਾ ਸਕੇਗੀ। ਇਹ ਇਸ ਤਰ੍ਹਾਂ ਦਾ ਚੌਥਾ ਅਹਿਮ ਸਮਝੌਤਾ ਹੈ ਜੋ ਭਾਰਤ ਅਤੇ ਅਮਰੀਕਾ ਵਿਚਾਲੇ ਹੋਵੇਗਾ। ਇਸ ਤੋਂ ਪਹਿਲਾਂ ਸਾਲ 2002, 2016 ਅਤੇ 2018 ਵਿੱਚ ਸੁਰੱਖਿਆ ਮਾਮਲਿਆਂ ਨਾਲ ਸੰਬੰਧਤ ਮਹੱਤਵਪੂਰਨ ਸਮਝੌਤੇ ਹੋਏ ਹਨ। ਇਸ ਤਰ੍ਹਾਂ ਦੋਵੇਂ ਦੇਸ਼ ਸੁਰੱਖਿਆ ਅਤੇ ਤਕਨਾਲੋਜੀ ਦੇ ਸਹਿਯੋਗ ਵਰਗੇ ਮੁੱਦਿਆਂ ਨੂੰ ਲੈ ਕੇ ਕਾਫੀ ਅੱਗੇ ਵਧੇ ਹਨ। ਜਿਸ ਨਾਲ ਦੋਵਾਂ ਦੇਸ਼ਾਂ ਦੇ ਆਪਸੀ ਸੰਬੰਧਾਂ ਨੂੰ ਮਜ਼ਬੂਤੀ ਮਿਲੀ ਹੈ। ਏਜੰਡੇ ਵਿਚ ਏਸ਼ੀਆ ਦੇ ਕਈ ਇਲਾਕਿਆਂ ਵਿੱਚ ਚੀਨ ਦੁਆਰਾ ਕੀਤੀ ਜਾ ਰਹੀ ਘੁਸਪੈਠ ਅਤੇ ਦੁਨੀਆ ਵਿੱਚ ਫੈਲੀ ਮਹਾਮਾਰੀ ਵਰਗੇ ਮੁੱਦੇ ਤੇ ਵੀ ਚਰਚਾ ਕੀਤੇ ਜਾਣ ਦੀ ਉਮੀਦ ਹੈ।

ਸ਼੍ਰੀ ਬੀਗਨ ਦੀ ਇਹ ਮੁਲਾਕਾਤ ਇਸ ਲਈ ਵੀ ਮਹੱਤਵਪੂਰਨ ਹੈ ਕਿਉਂਕਿ ਇਹ ਕੁਆਡ ਫਾਰਮੈਟ ਦੇ ਤਹਿਤ ਟੋਕੀਓ ਵਿੱਚ ਆਸਟ੍ਰੇਲੀਆ, ਭਾਰਤ, ਜਾਪਾਨ ਅਤੇ ਅਮਰੀਕਾ ਦੇ ਚਾਰ ਵਿਦੇਸ਼ ਮੰਤਰੀਆਂ ਦੀ ਬੈਠਕ ਤੋਂ ਇੱਕ ਹਫਤੇ ਬਾਅਦ ਹੋ ਰਹੀ ਹੈ। ਅਮਰੀਕਾ ਨੇ ਇਸ ਖੇਤਰ ਵਿਚ ਚੀਨ ਦੀ ਵਧ ਰਹੀ ਦਖਲਅੰਦਾਜ਼ੀ ਦਾ ਕਰਾਰਾ ਜਵਾਬ ਦੇਣ ਲਈ ਫੋਰਮ ਨੂੰ ਰਸਮੀ ਬਣਾਉਣ ਦੀ ਇੱਛਾ ਜ਼ਾਹਿਰ ਕੀਤੀ ਹੈ। ਹਿੰਦ-ਪ੍ਰਸ਼ਾਂਤ ਵਿਚ ਖੁੱਲ੍ਹੇ ਨੈਵੀਗੇਸ਼ਨਲ ਮਾਰਗਾਂ ਦੀ ਸੁਰੱਖਿਆ ਤੋਂ ਇਲਾਵਾ, ਇਹ ਮੁਲਾਕਾਤ ਕੋਵਿਡ-19 ਤੋਂ ਬਾਅਦ ਦੀ ਸਥਿਤੀ ਵਿਚ ਅਮਰੀਕੀ ਉਦਯੋਗਾਂ ਲਈ ਵਿਕਲਪਕ ਅਤੇ ਲਗਾਤਾਰ ਸਪਲਾਈ ਚੇਨ ਬਣਾਉਣ ਦੇ ਲਈ ਵੀ ਮਹੱਤਵਪੂਰਨ ਹੈ।

ਚੀਨ ਨਾਲ ਅਮਰੀਕਾ ਦੇ ਸੰਬੰਧ ਦੁਵੱਲੇ ਵਪਾਰ ਦੇ ਮੁੱਦਿਆਂ, ਹਿੰਦ-ਪ੍ਰਸ਼ਾਂਤ ਵਿੱਚ ਚੀਨ ਦਾ ਹਮਲਾਵਰ ਰੁਖ਼ ਅਤੇ ਵਾਇਰਸ ਦੇ ਸ਼ੁਰੂਆਤੀ ਦਿਨਾਂ ਵਿੱਚ ਚੀਨ ਦੇ ਲੋਕਾਂ ਦੀ ਸਿਹਤ ਨੂੰ ਲੈ ਕੇ ਉਸ ਤੇ ਲੱਗੇ ਦੋਸ਼ਾਂ ਕਾਰਨ ਬਹੁਤ ਜ਼ਿਆਦਾ ਤਣਾਅਪੂਰਨ ਹਨ। ਦੋਵਾਂ ਦੇਸ਼ਾਂ ਵਿਚਾਲੇ ਵਪਾਰ ਯੁੱਧ ਨੇ ਅਮਰੀਕਾ ਨੂੰ ਚੀਨੀ ਸਪਲਾਈ ਚੇਨ ‘ਤੇ ਨਿਰਭਰਤਾ ਘੱਟ ਕਰਨ ਅਤੇ ਇਸ ਦਾ ਬਦਲ ਲੱਭਣ ਲਈ ਪ੍ਰੇਰਿਤ ਕੀਤਾ। ਇਹ ਭਾਰਤ ਦੀ ਆਤਮ-ਨਿਰਭਰ ਹੋਣ ਦੀ ਨੀਤੀ ਨਾਲ ਮੇਲ ਖਾਂਦਾ ਹੈ। ਬੀਗਨ ਦੀ ਫੇਰੀ ਦੌਰਾਨ ਅਤੇ ਬਾਅਦ ਵਿੱਚ 2+2 ਸੰਵਾਦ ਵਿੱਚ ਭਾਰਤ ਅਤੇ ਚੀਨ ਦਰਮਿਆਨ ਪੈਦਾ ਹੋਏ ਤਾਜ਼ਾ ਘਟਨਾਕ੍ਰਮ ਉਤੇ ਵੀ ਵਿਚਾਰ-ਵਟਾਂਦਰਾ ਕੀਤਾ ਜਾਵੇਗਾ। ਅਮਰੀਕਾ ਦੇ ਵਿਦੇਸ਼ ਮੰਤਰੀ ਪੋਂਪੀਓ ਅਤੇ ਰੱਖਿਆ ਮੰਤਰੀ ਐਸਪਰ ਦੋਵੇਂ ਭਾਰਤ ਅਤੇ ਚੀਨ ਵਿਚਾਲੇ ਸਰਹੱਦੀ ਟਕਰਾਅ ਦੇ ਸੰਬੰਧ ਵਿਚ ਆਪਣੇ ਭਾਰਤੀ ਹਮਰੁਤਬਾ ਨਾਲ ਨਿਰੰਤਰ ਸੰਪਰਕ ਵਿਚ ਰਹੇ ਹਨ। ਸਥਿਰ ਆਰਥਿਕ ਵਿਕਾਸ ਵੀ ਦੋਵਾਂ ਦੇਸ਼ਾਂ ਵਿਚਾਲੇ ਗੱਲਬਾਤ ਦਾ ਇਕ ਅਹਿਮ ਬਿੰਦੂ ਹੈ। ਦੋਵੇਂ ਦੇਸ਼ ਦੁ-ਪੱਖੀ, ਖੇਤਰੀ ਅਤੇ ਪ੍ਰਮੁੱਖ ਵਿਸ਼ਵ-ਪੱਧਰੀ ਮੁੱਦਿਆਂ ਨੂੰ ਹੱਲ ਕਰਨ ਲਈ ਇਕੱਠੇ ਹੋ ਕੇ ਕੰਮ ਕਰ ਰਹੇ ਹਨ ਅਤੇ ਹਿੰਦ-ਪ੍ਰਸ਼ਾਂਤ ਖੇਤਰ ਦੀ ਸੁਰੱਖਿਆ ਅਤੇ ਸ਼ਾਂਤੀ ਲਈ ਵੀ ਦੋਵਾਂ ਦੇਸ਼ਾਂ ਨੇ ਆਪੋ ਵਿੱਚ ਤਾਲਮੇਲ ਨੂੰ ਹੋਰ ਵਧਾਇਆ ਹੈ।

ਕਾਬਿਲੇਗੌਰ ਹੈ ਕਿ ਵਿਸ਼ਵ ਭਰ ਵਿੱਚ ਫੈਲੀ ਮਹਾਮਾਰੀ ਬਾਰੇ ਵੀ ਬੈਠਕ ਵਿੱਚ ਚਰਚਾ ਕੀਤੀ ਗਈ ਹੈ। ਇਸ ਸੰਬੰਧੀ ਮਾਰਚ ਮਹੀਨੇ ਤੋਂ ਹੀ ਭਾਰਤ ਦੇ ਵਿਦੇਸ਼ ਸਕੱਤਰ ਸ਼ਿੰਗਲਾ ਅਤੇ ਅਮਰੀਕਾ ਦੇ ਉਪ ਵਿਦੇਸ਼ ਮੰਤਰੀ ਸਟੀਫਨ ਬਿਗਨ ਨੇ ਦੂਜੇ ਕਵਾਡ ਦੇਸ਼ਾਂ ਨਾਲ ਹਫਤਾਵਾਰੀ ਮੁਲਾਕਾਤਾਂ ਦੀ ਸ਼ੁਰੂਆਤ ਕੀਤੀ ਅਤੇ ਬਾਅਦ ਵਿੱਚ ਇਸ ਮਹਾਮਾਰੀ ਨਾਲ ਲੜਨ ਦੀਆਂ ਕੋਸ਼ਿਸ਼ਾਂ ਵਿੱਚ ਵਿਚਾਰ ਵਟਾਂਦਰੇ ਅਤੇ ਤਾਲਮੇਲ ਲਈ ਹਿੰਦ-ਪ੍ਰਸ਼ਾਂਤ ਦੇ ਹੋਰ ਦੇਸ਼ਾਂ ਦੇ ਹਮਰੁਤਬਾ ਵੀ ਸ਼ਾਮਿਲ ਹੋਏ। ਭਾਰਤ ਤੋਂ ਬਾਅਦ ਬੀਗਨ ਬੰਗਲਾਦੇਸ਼ ਵੀ ਜਾਣਗੇ ਤੇ ਉਥਾ ਵੀ ਕੋਵਿਡ-19 ‘ਤੇ ਸਹਿਯੋਗ ਉਨ੍ਹਾਂ ਦੇ ਏਜੰਡੇ ‘ਤੇ ਹੈ। ਇਹ ਮਹੱਤਵਪੂਰਨ ਹੈ ਕਿ ਅਮਰੀਕਾ ਸਤੰਬਰ ਵਿਚ ਮਾਲਦੀਵ ਨਾਲ ਰੱਖਿਆ ਸਹਿਯੋਗ ਸਮਝੌਤਾ ਕਰਨ ਤੋਂ ਬਾਅਦ ਭਾਰਤ ਦੇ ਨੇੜਲੇ ਗੁਆਂਢੀ ਬੰਗਲਾਦੇਸ਼ ‘ਤੇ ਧਿਆਨ ਕੇਂਦ੍ਰਿਤ ਕਰ ਰਿਹਾ ਹੈ। ਇਹ ਅਮਰੀਕਾ ਅਤੇ ਛੋਟੇ ਦੱਖਣੀ ਏਸ਼ਿਆਈ ਦੇਸ਼ਾਂ ਦੇ ਵਿਚਕਾਰ ਸਿੱਧੇ ਆਦਾਨ-ਪ੍ਰਦਾਨ ਦਾ ਅਹਿਮ ਪੜਾਅ ਹੈ। ਭਾਰਤ ਨੇ ਵੀ ਆਪਣੇ ਗੁਆਂਢੀ ਦੇਸ਼ਾਂ ਵਿੱਚ ਸਥਿਰਤਾ, ਵਿਕਾਸ ਅਤੇ ਸ਼ਾਂਤੀ ‘ਤੇ ਧਿਆਨ ਕੇਂਦ੍ਰਿਤ ਕੀਤਾ ਹੈ।

ਸਕ੍ਰਿਪਟ: ਡਾ. ਸਤੁਤੀ ਬੈਨਰਜੀ, ਅਮਰੀਕੀ ਮਾਮਲਿਆਂ ਬਾਰੇ ਰਣਨੀਤਕ ਵਿਸ਼ਲੇਸ਼ਕ