ਦੇਸ਼ ਵਿੱਚ ਕੋਵਿਡ-19 ਦੇ ਸਰਗਰਮ ਮਾਮਲੇ ਡੇਢ ਮਹੀਨੇ ਵਿੱਚ ਪਹਿਲੀ ਵਾਰ 8 ਲੱਖ ਤੋਂ ਹੇਠਾਂ ਆਏ

ਸਿਹਤ ਮੰਤਰਾਲੇ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਭਾਰਤ ਸਰਗਰਮ ਕੋਵਿਡ-19 ਦੇ ਮਾਮਲੇ ਡੇਢ ਮਹੀਨੇ ਵਿਚ ਪਹਿਲੀ ਵਾਰ 8 ਲੱਖ ਤੋਂ ਹੇਠਾਂ ਆਏ ਹਨ। ਇੱਕ ਟਵੀਟ ਵਿੱਚ ਮੰਤਰਾਲੇ ਨੇ ਕਿਹਾ ਕਿ ਇਹ ਮਹੱਤਵਪੂਰਣ ਪ੍ਰਾਪਤੀ ਕੇਂਦਰ ਸਰਕਾਰ ਦੀ ਅਗਵਾਈ ਵਿੱਚ ਬਣਾਈਆਂ ਗਈਆਂ ਰਣਨੀਤੀਆਂ ਦਾ ਹੀ ਸਿੱਟਾ ਹੈ, ਜਿਸ ਨਾਲ ਭਾਰੀ ਸੰਖਿਆ ਵਿੱਚ ਮਰੀਜ਼ ਠੀਕ ਹੋ ਰਹੇ ਹਨ ਅਤੇ ਮੌਤਾਂ ਦੀ ਸੰਖਿਆ ਵੀ ਲਗਾਤਾਰ ਘੱਟ ਰਹੀ ਹੈ।

ਇਸ ਦੌਰਾਨ ਵਿਗਿਆਨ ਅਤੇ ਤਕਨਾਲੋਜੀ ਮੰਤਰੀ ਡਾ. ਹਰਸ਼ ਵਰਧਨ ਨੇ ਬੀਤੇ ਦਿਨ ਵਿਗਿਆਨ ਅਤੇ ਤਕਨਾਲੋਜੀ ਵਿਭਾਗ ਦੇ ਵਿਗਿਆਨਕ ਅਤੇ ਉਦਯੋਗਿਕ ਖੋਜ ਪ੍ਰੀਸ਼ਦ ਦੀਆਂ ਖੁਦਮੁਖਤਿਆਰੀ ਸੰਸਥਾਵਾਂ ਦੇ ਮੁਖੀਆਂ ਅਤੇ ਡਾਇਰੈਕਟਰਾਂ ਨਾਲ ਕੋਵਿਡ-19 ਤੇ ਕਾਬੂ ਪਾਉਣ ਬਾਰੇ ਇੱਕ ਬੈਠਕ ਕੀਤੀ। ਡਾ. ਵਰਧਨ ਨੇ ਸਾਰੇ ਵਿਗਿਆਨੀਆਂ ਦੁਆਰਾ ਕੀਤੇ ਗਏ ਅਣਥੱਕ ਕਾਰਜਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਯਤਨਾਂ ਨਾਲ ਹੀ ਅੱਜ ਵਿਸ਼ਵ ਵਿੱਚ 9 ਟੀਕੇ ਤਿਆਰ ਹੋਣ ਵਿੱਚ ਆਪਣੇ ਆਖਰੀ ਪੜਾਅ ‘ਤੇ ਹਨ।

ਉਨ੍ਹਾਂ ਕਿਹਾ ਕਿ ਭਾਰਤ ਵਿਚ ਤਿੰਨ ਕੰਪਨੀਆਂ ਟੀਕੇ ਦਾ ਵਿਕਾਸ ਕਰ ਰਹੀਆਂ ਹਨ ਜਿਨ੍ਹਾਂ ਵਿਚੋਂ ਇਕ ਕਲੀਨੀਕਲ ਟ੍ਰਾਇਲ ਦੇ ਤੀਜੇ ਪੜਾਅ ਤੇ ਅਤੇ ਦੋ ਹੋਰ ਟੀਕੇ ਪੜਾਅ 2 ਦੇ ਟ੍ਰਾਇਲ ਤੱਕ ਪੁੱਜੇ ਹਨ। ਉਨ੍ਹਾਂ ਉਮੀਦ ਜਤਾਈ ਕਿ ਛੇਤੀ ਹੀ ਭਾਰਤ ਵਿੱਚ ਕੋਰੋਨਾ ਟੀਕੇ ਦਾ ਉਤਪਾਦਨ ਸ਼ੁਰੂ ਕੀਤਾ ਜਾਵੇਗਾ।