ਭਾਰਤ ਅਤੇ ਚਿਲੀ ਦੇ ਸਾਂਝੀ ਕਮਿਸ਼ਨ ਦੀ ਹੋਈ ਪਹਿਲੀ ਬੈਠਕ

ਬੀਤੇ ਦਿਨ ਭਾਰਤ ਅਤੇ ਚਿਲੀ ਨੇ ਆਪਣੇ ਪਹਿਲੇ ਸਾਂਝੇ ਕਮਿਸ਼ਨ ਦੀ ਬੈਠਕ ਕੀਤੀ ਅਤੇ ਵਪਾਰ ਤੇ ਵਣਜ, ਖੇਤੀਬਾੜੀ, ਸਿਹਤ ਅਤੇ ਸਮਾਜਿਕ ਸੁਰੱਖਿਆ, ਰੱਖਿਆ ਅਤੇ ਪੁਲਾੜ ਸਮੇਤ ਅਨੇਕਾਂ ਖੇਤਰਾਂ ਵਿੱਚ ਆਪਣੇ ਸੰਬੰਧਾਂ ਨੂੰ ਨਵੀਂ ਗਤੀ ਦੇਣ ਤੇ ਸਹਿਮਤੀ ਜਤਾਈ। ਇਸ ਬੈਠਕ ਦੀ ਪ੍ਰਧਾਨਗੀ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਅਤੇ ਉਨ੍ਹਾਂ ਦੇ ਚਿਲੀ ਹਮਰੁਤਬਾ ਐਂਡਰੇਸ ਅਲਾਮੰਦ ਜ਼ਵਾਲਾ ਨੇ ਕੀਤੀ।

ਦੋਵਾਂ ਧਿਰਾਂ ਨੇ ਇਸ ਗੱਲ ਨੂੰ ਮੰਨਿਆ ਕਿ ਸੰਯੁਕਤ ਕਮਿਸ਼ਨ ਦਾ ਭਾਰਤ ਅਤੇ ਚਿਲੀ ਦੇ ਸੰਬੰਧਾਂ ਨੂੰ ਅੱਗੇ ਲਿਜਾਉਣ ਵਿੱਚ ਬਹੁਤ ਹੀ ਅਹਿਮ ਰੋਲ ਹੈ। ਇਹ ਵਿਦੇਸ਼ ਮੰਤਰੀਆਂ ਦੇ ਪੱਧਰ ‘ਤੇ ਦੋਵਾਂ ਦੇਸ਼ਾਂ ਦਰਮਿਆਨ ਪਹਿਲੀ ਸੰਸਥਾਗਤ ਗੱਲਬਾਤ ਹੈ। ਆਪਣੀ ਵਿਦੇਸ਼ ਨੀਤੀ ਵਿਚ ਭਾਰਤ ਨੂੰ ਤਰਜੀਹ ਵਾਲੇ ਦੇਸ਼ ਵਜੋਂ ਮਨੋਨੀਤ ਕਰਨ ਦੇ ਚਿਲੀ ਦੇ ਫੈਸਲੇ ਦਾ ਭਾਰਤ ਨੇ ਸਵਾਗਤ ਕੀਤਾ ਹੈ। ਧਿਆਨਯੋਗ ਹੈ ਕਿ ਚਿਲੀ, ਮੁੰਬਈ ਵਿੱਚ ਆਪਣਾ ਕੌਂਸਲੇਟ ਜਨਰਲ ਵੀ ਖੋਲ੍ਹੇਗਾ।

ਵਿਦੇਸ਼ ਮੰਤਰੀ ਨੇ ਸਵੈ-ਨਿਰਭਰਤਾ ਅਤੇ ਮਨੁੱਖ-ਕੇਂਦ੍ਰਿਤ ਵਿਸ਼ਵੀਕਰਨ ਦੁਆਰਾ ਲਚਕੀਲਾਪਨ ਵਧਾਉਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਆਤਮ-ਨਿਰਭਰ ਭਾਰਤ ਦੇ ਦ੍ਰਿਸ਼ਟੀਕੋਣ ਨੂੰ ਭਾਰਤ ਦੀ ਆਰਥਿਕ ਪੁਨਰ ਸੁਰਜੀਤੀ ਦਾ ਅਧਾਰ ਦੱਸਿਆ। ਇਸ ਮੌਕੇ ਉਨ੍ਹਾਂ ਨੇ ਚਿੱਲੀ ਨੂੰ ਭਾਰਤ ਦੀ ਨਵੀਂ ਆਰਥਿਕ ਸਮਰੱਥਾ ਅਤੇ ਵੱਧ ਰਹੇ ਬਾਜ਼ਾਰ ਦਾ ਲਾਭ ਲੈਣ ਲਈ ਸੱਦਾ ਦਿੱਤਾ।