ਭਾਰਤ ਨੇ ਪਾਕਿ ਵੱਲੋਂ ਜਾਰੀ ਡੋਜ਼ੀਅਰ ਰਣਨੀਤੀ ‘ਤੇ ਪ੍ਰਗਟਾਇਆ ਰੋਸ

ਪਿਛਲੇ ਹਫ਼ਤੇ ਪਾਕਿਸਤਾਨ ਨੇ ਭਾਰਤ ਖ਼ਿਲਾਫ ਅਰਥਹੀਣ, ਬੇਬੁਨਿਆਦ ਦੋਸ਼ਾਂ ਦੀ ਗੱਲ ਕੀਤੀ ਹੈ।ਪਾਕਿਸਤਾਨ ਦੇ ਇੰਨ੍ਹਾਂ ਝੂਠਾਂ ਨੂੰ ਕਿਸੇ ਨੇ ਵੀ ਅਹਿਮੀਅਤ ਨਹੀਂ ਦਿੱਤੀ ਹੈ।ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਅਤੇ ਡੀਜੀ ਇੰਟਰ ਸਰਵਿਿਸਜ਼ ਪਬਲਿਕ ਲੋਕ ਸੰਪਰਕ ਅਧਿਕਾਰੀ ਜਨਰਲ ਬਾਬਰ ਇਫ਼ਤਿਖਾਰ ਨੇ ਇੱਕ ਸਾਂਝੀ ਪ੍ਰੈਸ ਕਾਨਫਰੰਸ ‘ਚ ਅਖੌਤੀ ‘ਡੋਜ਼ੀਅਰ’ ਜਾਰੀ ਕੀਤਾ ਹੈ, ਜਿਸ ‘ਚ ਵੱਖ-ਵੱਖ ਦੋਸ਼ਾਂ ਬਾਰੇ ਗੱਲ ਕੀਤੀ ਗਈ ਹੈ।ਇਸ ਡੋਜ਼ੀਅਰ ‘ਚ ਕਿਹਾ ਗਿਆ ਹੈ ਕਿ ਪਾਕਿਸਤਾਨ ਨੂੰ ਕੁੱਝ ਅਜਿਹੇ ਸਬੂਤ ਮਿਲੇ ਹਨ, ਜਿਸ ਦੇ ਅਧਾਰ ‘ਤੇ ਪਤਾ ਚੱਲਦਾ ਹੈ ਕਿ ਭਾਰਤ ਕਈ ਅਜਿਹੀਆਂ ਗਤੀਵਿਧੀਆਂ ‘ਚ ਸ਼ਾਮਲ ਹੈ, ਜੋ ਕਿ ਅਫ਼ਗਾਨ ਦੀ ਸਰਜ਼ਮੀਨ ਦੀ ਵਰਤੋਂ ਕਰਕੇ ਅੱਤਵਾਦੀਆਂ ਨੂੰ ਪਾਕਿਸਤਾਨ ਭੇਜ ਰਿਹਾ ਹੈ।ਇਸ ‘ਚ ਇਹ ਵੀ ਬੇਵਜਾਹ ਕਿਹਾ ਗਿਆ ਹੈ ਕਿ ਭਾਰਤ ਆਪਣੇ ਆਪ ਆਪ ਨੂੰ ਜਾਣਬੁੱਝ ਕਿ ਅੱਤਵਾਦ ਦਾ ਸ਼ਿਕਾਰ ਕਹਿੰਦਾ ਹੈ।ਇੱਥੇ ਸਪੱਸ਼ਟ ਤੌਰ ‘ਤੇ ਪਾਕਿਸਤਾਨ ‘ਤੇ ਇਹ ਕਹਾਵਤ ਢੁੱਕਦੀ ਹੈ ਕਿ ‘ਉਲਟਾ ਚੋਰ ਕੋਤਵਾਲ ਨੂੰ ਡਾਂਟੇ’।ਪਿਛਲੇ ਚਾਰ ਦਹਾਕਿਆਂ ਤੋਂ ਵਿਸ਼ਵ ਪਾਕਿਸਤਾਨ ਪ੍ਰਤੀ ਅਜਿਹੀਆਂ ਚਿੰਤਾਵਾਂ ਨੂੰ ਝੇਲ ਰਿਹਾ ਹੈ।ਜਿਸ ਦੇ ਸਿੱਟੇ ਵੱਜੋਂ ਅਮਰੀਕਾ ਨੇ ਕਈ ਸਾਲਾਂ ਤੋਂ ਪਾਕਿਸਤਾਨ ਲਈ ਵਿੱਤੀ ਮਦਦ ਬੰਦ ਕਰ ਦਿੱਤੀ ਸੀ ਅਤੇ ਵਿੱਤੀ ਕਾਰਜ ਟਾਸਕ ਫੋਰਸ ਨੇ ਇਸਲਾਮਾਬਾਦ ਨੂੰ ਪਿਛਲੇ ਦੋ ਸਾਲਾਂ ਤੋਂ ਆਪਣੀ ਗ੍ਰੇਅ ਸੂਚੀ ‘ਚ ਨਾਮਜ਼ਦ ਕੀਤਾ ਹੋਇਆ ਹੈ ਅਤੇ ਅਜੇ ਵੀ ਜਾਰੀ ਹੈ।ਐਫਏਟੀਐਫ ਨੇ ਆਪਣੀ ਹਾਲ ‘ਚ ਹੋਈ ਪਲੇਰਨੀ ਬੈਠਕ ‘ਚ ਪਾਕਿਸਤਾਨ ਨੂੰ ਕਿਸੇ ਵੀ ਤਰ੍ਹਾਂ ਦੀ ਰਿਆਇਤ ਦੇਣ ਤੋਂ ਮਨਾ ਕਰ ਦਿੱਤਾ ਹੈ।ਇਸ ਪਿੱਛੇ ਇਹ ਕਾਰਨ ਦਿੱਤਾ ਗਿਆ ਹੈ ਕਿ ਪਾਕਿਸਤਾਨ ਨੇ ਤੈਅ ਸਮੇਂ ‘ਚ ਅੱਤਵਾਦ ਅਤੇ ਮਨੀ ਲਾਂਡਰਿੰਗ ਖ਼ਿਲਾਫ ਕੋਈ ਵੀ ਸਖ਼ਤ ਕਾਰਵਾਈ ਨੂੰ ਲਾਗੂ ਨਹੀਂ ਕੀਤਾ ਹੈ।

ਹੈਦਰਾਬਾਦ ‘ਚ ਇੰਡੀਅਨ ਸਕੂਲ ਆਫ਼ ਬਿਜ਼ਨਸ ਵਿਖੇ ‘ਡੇਕਨ ਸੰਵਾਦ’ ਨੂੰ ਵਰਚੁਅਲ ਸੰਬੋਧਨ ਕਰਦਿਆਂ ਭਾਰਤੀ ਵਿਦੇਸ਼ ਮੰਤਰੀ ਡਾ.ਜੈਸ਼ੰਕਰ ਨੇ ਇਸਲਾਮਾਬਾਦ ਦੀ ਇਸ ਕਾਰਵਾਈ ਖ਼ਿਲਾਫ ਆਪਣੀ ਸਖ਼ਤ ਪ੍ਰਤੀਕ੍ਰਿਆ ਪ੍ਰਗਟ ਕਰਦਿਆਂ ਕਿਹਾ ਕਿ ਪਾਕਿਸਤਾਨ ਸਰਹੱਦ ਪਾਰ ਤੋਂ  ਦਹਿਸ਼ਤਗਰਦੀ ਨੂੰ ਸਪਾਂਸਰ ਕਰਨ ਦੀ ਮਜ਼ਬੂਤ ਮਿਸਾਲ ਹੈ।ਉਨਾਂ ਕਿਹਾ ਕਿ ਵਿਸ਼ਵ ਹੁਣ ਹੌਲੀ-ਹੌਲੀ ਕੌਮਾਂਤਰੀ ਅੱਤਵਾਦ ਦੇ ਆਲਮੀ ਸੁਭਾਅ ਤੋਂ ਜਾਣੂ ਹੋ ਰਿਹਾ ਹੈ।ਭਾਰਤ ਆਪਣੇ ਅਣਥੱਕ ਯਤਨਾਂ ਸਦਕਾ ‘ਅੱਤਵਾਦ ਵਿੱਤ,ਰੈਡੀਕਲਾਈਜੇਸ਼ਨ ਅਤੇ ਸਾਈਬਰ ਭਰਤੀ’ ਵਰਗੇ ਸਬੰਧਤ ਪਹਿਲੂਆਂ ਨੂੰ ਸਾਹਮਣੇ ਲਿਆਂਦਾ ਹੈ।
ਪਾਕਿਸਤਾਨ ਵੱਲੋਂ ਭਾਰਤ ਖ਼ਿਲਾਫ ਬੇਬੁਨਿਆਦ ਦੋਸ਼ ਲਗਾਏ ਜਾਣ ਤੋਂ ਤੁਰੰਤ ਬਾਅਦ, ਭਾਰਤੀ ਵਿਦੇਸ਼ ਮੰਤਰਾਲੇ ਨੇ ਪਾਕਿਸਤਾਨ ਦੀ ਇਸ ਕਾਰਵਾਈ ਨੂੰ ਆਪਣੇ ਦੇਸ਼ ਅੰਦਰ ਪਿਛਲੇ ਕਈ ਮਹੀਨਿਆਂ ਤੋਂ ਵਾਪਰ ਰਹੀਆਂ ਘਰੇਲੂ ਮੁਸੀਬਤਾਂ ਤੋਂ ਨਾਗਰਿਕਾਂ ਦਾ ਧਿਆਨ ਹਟਾਉਣ ਲਈ ਅਜਿਹਾ ਕਦਮ ਚੁੁੱਕਿਆ ਹੈ।

ਇਹ ਵੀ ਵੇਖਿਆ ਗਿਆ ਹੈ ਕਿ ਪਾਕਿਸਤਾਨ ਦੀਆਂ ਵਿਰੋਧੀ ਪਾਰਟੀਆਂ ਨੇ ਇਮਰਾਨ ਖ਼ਾਨ ਦੀ ਹਕੂਮਤ ਨੂੰ ਭੰਗ ਕਰਨ ਲਈ ਇੱਕ ਸਾਂਝੀ ਮੁਹਿੰਮ ਚਲਾਈ ਹੈ।ਇੰਨ੍ਹਾਂ ਵਿਰੋਧੀ ਧਿਰਾਂ ਦੀ ਦਲੀਲ ਹੈ ਕਿ ਖ਼ਾਨ ਹਕੂਮਤ ਫੌਜ ਦੀ ਚੋਣ ਹੈ ਨਾ ਕਿ ਲੋਕਾਂ ਵੱਲੋਂ ਚੁਣੀ ਗਈ ਸਰਕਾਰ।

ਭਾਰਤ ਨੇ ਪਾਕਿਸਤਾਨ ਵੱਲੋਂ ਆਪਣੇ ‘ਤੇ ਲਗਾਏ ਗਏ ਇਲਜ਼ਾਮਾਂ ਨੂੰ ਸਿਰੇ ਤੋਂ ਨਕਾਰਿਆ ਹੈ।ਨਵੀਂ ਦਿੱਲੀ ਨੇ ਕਿਹਾ ਕਿ ਪਾਕਿਸਤਾਨ ਆਪਣੇ ਆਲਮੀ ਅਕਸ ਨੂੰ ਸੁਧਾਰਨ ਲਈ ਅਜਿਹੇ ਖੋਟੇ ਯਤਨ ਕਰ ਰਿਹਾ ਹੈ।ਪਾਕਿਸਤਾਨ ਵੱਲੋਂ ਲਗਾਏ ਗਏ ਦੋਸ਼ਾਂ ਦੀ ਅਫ਼ਗਾਨਿਸਤਾਨ ਨੇ ਵੀ ਨਿਖੇਧੀ ਕੀਤੀ ਹੈ।

ਪਾਕਿਸਤਾਨ ਹੁਣ ਆਪਣੇ ਦੂਜੇ ਗੁਆਂਢੀ ਮੁਲਕਾਂ ‘ਚ ਆਪਣੇ ਵੱਲੋਂ ਤਿਆਰ ਕੀਤੇ ਡੋਜ਼ੀਅਰ/ਦਸਤਾਵੇਜ਼ਾਂ ਨੂੰ ਵੰਡਣ ਦੀ ਕੋਸ਼ਿਸ਼ ਕਰ ਰਿਹਾ ਹੈ ਤਾਂ ਜੋ ਭਾਰਤ ਖ਼ਿਲਾਫ ਇੱਕ ਨਵਾਂ ਪੈਂਤੜਾ ਚੱਲ ਸਕੇ।
ਨਵੀਂ ਦਿੱਲੀ ਨੇ ਵੀ ਇਸ ਸਥਿਤੀ ਨਾਲ ਨਜਿੱਠਣ ਲਈ ਕੂਟਨੀਤਕ ਤੌਰ ‘ਤੇ ਜਵਾਬ ਦਿੱਤਾ ਹੈ।ਜੇਕਰ ਪਾਕਿਸਤਾਨ ਨੂੰ ਲੱਗਦਾ ਹੈ ਕਿ ਉਹ ਇੰਨ੍ਹਾਂ ਦਸਤਾਵੇਜਾਂ ਦੀ ਮਦਦ ਨਾਲ ਭਾਰਤ ਨੂੰ ਘੇਰ ਸਕਦਾ ਹੈ ਤਾਂ ਇਹ ਉਸ ਦਾ ਭੁਲੇਖਾ ਹੈ, ਕਿਉਂਕਿ ਪੂਰੀ ਦੁਨੀਆ ਪਾਕਿਸਤਾਨ ਦੀ ਰਣਨੀਤੀ ਅਤੇ ਫਿਤਰਤ ਤੋਂ ਬਾਖੂਬੀ ਵਾਕਫ਼ ਹੈ।

ਪਿਛਲੇ ਕੁੱਝ ਸਮੇਂ ਤੋਂ ਪਾਕਿਸਤਾਨ ਦੀਆਂ ਕਾਰਵਾਈਆਂ ਅਤੇ ਬਿਆਨਾਂ ‘ਚ ਇੱਕ ਸਪੱਸ਼ਟ ਤਰਤੀਬ ਵਿਖਾਈ ਪੈ ਰਹੀ ਹੈ।ਜੰਮੂ-ਕਸ਼ਮੀਰ ‘ਚ ਕੰਟਰੋਲ ਰੇਖਾ ‘ਤੇ ਵਾਰ-ਵਾਰ ਕੀਤੀ ਜਾ ਰਹੀ ਜੰਗਬੰਦੀ ਦੀ ਉਲੰਘਣਾ ਪਾਕਿਸਤਾਨ ਦੇ ਉਸੇ ਰਵੱਈਏ ਦਾ ਹਿੱਸਾ ਹੈ , ਜਿਸ ਦੇ ਤਹਿਤ ਉਹ ਭਾਰਤ ਨੂੰ ਹਮਲਾਵਰ ਨੀਤੀ ਅਪਣਾਉਣ ਲਈ ਉਕਸਾਉਣ ਅਤੇ ਅੱਤਵਾਦ ‘ਚ ਸ਼ਾਮਲ ਹੋਣ ਦੇ ਇਲਜ਼ਾਮ ਭਾਰਤ ਦੇ ਸਿਰ ਮੜਨ ਦੇ ਯਤਨ ਕਰ ਰਿਹਾ ਹੈ।

ਮਹੱਤਵਪੂਰਨ ਗੱਲ ਇਹ ਹੈ ਕਿ ਭਾਰਤ ਅਗਲੇ ਸਾਲ 1 ਜਨਵਰੀ ਨੂੰ ਸੰਯੁਕਤ ਰਾਸ਼ਟਰ ਦੀ ਸੁਰੱਖਿਆ ਕੌਂਸਲ ‘ਚ ਗੈਰ ਸਥਾਈ ਮੈਂਬਰ ਦੀ ਸੀਟ ਹਾਸਲ ਕਰੇਗਾ।ਇਸ ਲਈ ਇੰਝ ਪ੍ਰਤੀਤ ਹੋ ਰਿਹਾ ਹੈ ਕਿ ਪਾਕਿਸਤਾਨ ਸੰਯੁਕਤ ਰਾਸ਼ਟਰ ‘ਚ ਨਵੀ ਸਥਿਤੀ ਦਾ ਸਾਹਮਣਾ ਕਰਨ ਲਈ ਜ਼ਮੀਨ ਤਿਆਰ ਕਰ ਰਿਹਾ ਹੈ।ਪਰ ਇਸਲਾਮਾਬਾਦ ਦੁਨੀਆ ਦੇ ਉਸ ਪ੍ਰਤੀ ਬਣ ਚੁੱਕੇ ਨਜ਼ਰੀਏ ਨੂੰ ਸਹੀ ਕਰਨ ‘ਚ ਨਾਕਾਮਯਾਬ ਰਹਿ ਰਿਹਾ ਹੈ।ਦਰਅਸਲ ਪਾਕਿਸਤਾਨ ਅੱਤਵਾਦ ਨੂੰ ਰਾਜ ਨੀਤੀ ਦੇ ਸਾਧਨ ਵੱਜੋਂ ਦੂਜੇ ਦੇਸ਼ਾਂ ਖਾਸ ਕਰਕੇ ਭਾਰਤ ਖ਼ਿਲਾਫ ਦਹਿਸ਼ਤਗਰਦੀ ਗਤੀਵਿਧੀਆਂ ਨੂੰ ਸਮਰਥਨ ਦੇ ਰਿਹਾ ਹੈ ਅਤੇ ਵਿਸ਼ਵ ਇਸਲਾਮਾਬਾਦ ਲਈ ਇਹੋ ਨਜ਼ਰੀਆ ਰੱਖਦਾ ਹੈ।

ਦਰਅਸਲ ਪਾਕਿਸਤਾਨ ਇਹ ਭੁੱਲ ਗਿਆ ਹੈ ਕਿ ਅਲ-ਕਾਇਦਾ ਦਾ ਅੱਤਵਾਦੀ ਓਸਾਮਾ ਬਿਨ ਲਾਦੇਨ ਪਾਕਿਸਤਾਨ ‘ਚ ਹੀ ਮਾਰਿਆ ਗਿਆ ਸੀ, ਜੋ ਕਿ ਘੱਟੋ-ਘੱਟ ਪੰਜ ਸਾਲਾਂ ਤੋਂ ਐਬਟਾਬਾਦ ਛਾਉਣੀ ਖੇਤਰ ‘ਚ ਛੁਪਿਆ ਰਿਹਾ ਸੀ।ਇਸ ਤੋਂ ਇਲਾਵਾ ਪਾਕਿਸਤਾਨੀ ਮੰਤਰੀ ਫਵਾਦ ਚੌਧਰੀ ਨੇ ਦੇਸ਼ ਦੀ ਰਾਸ਼ਟਰੀ ਅਸੈਂਬਲੀ ‘ਚ ਸਵੀਕਾਰ ਕੀਤਾ ਹੈ ਕਿ ਪੁਲਵਾਮਾ ਹਮਲਾ , ਜਿਸ ‘ਚ ਭਾਰਤੀ ਫੌਜ ਦੇ 42 ਜਵਾਨ ਸ਼ਹੀਦ ਹੋ ਗਏ ਸਨ, ਉਹ ਇਮਰਾਨ ਖ਼ਾਨ ਸਰਕਾਰ ਦੀ ਇੱਕ ਵੱਡੀ ਉਪਲਬਧੀ ਸੀ।

ਅਜਿਹੀਆਂ ਕਈ ਘਟਨਾਵਾਂ ਨੇ ਪਹਿਲਾਂ ਹੀ ਪਾਕਿਸਤਾਨ ਲਈ ਆਪਣੇ ਆਪ ਨੂੰ ਮਾਸੂਮ ਸਾਬਤ ਕਰਨ ਦੇ ਦਰਵਾਜ਼ੇ ਬੰਦ ਕਰ ਦਿੱਤੇ ਹਨ।
ਅੰਤ ‘ਚ ਕਹਿ ਸਕਦੇ ਹਾਂ ਕਿ ਪਾਕਿਸਤਾਨ ਨੂੰ ਦੂਜੇ ਦੇਸ਼ਾਂ ‘ਤੇ ਉਂਗਲੀ ਚੁੱਕਣ ਤੋਂ ਪਹਿਲਾਂ ਆਪਣੀ ਪੀੜੀ ਥੱਲੇ ਸੋਟਾ ਮਾਰਨ ਦੀ ਜ਼ਰੂਰਤ ਹੈ।ਇਸਲਾਮਾਬਾਦ ਵੱਲੋਂ ਅੰਤਰਰਾਸ਼ਟਰੀ ਭਾਈਚਾਰੇ ਨੂੰ ਗੁੰਮਰਾਹ ਕਰਨ ਦੀ ਸਾਜਿਸ਼ ਹੁਣ ਫਿੱਕੀ ਪੈ ਗਈ ਹੈ ਕਿਉਂਕਿ ਪੂਰੀ ਦੁਨੀਆ ਪਾਕਿਸਤਾਨ ਦੀ ਕਰਨੀ ਅਤੇ ਕਥਨੀ ਤੋਂ ਬਹੁਤ ਵਧੀਆ ਢੰਗ ਨਾਲ ਵਾਕਫ਼ ਹੈ।

ਸਕ੍ਰਿਪਟ: ਅਸ਼ੋਕ ਹਾਂਡੂ, ਸਿਆਸੀ ਟਿੱਪਣੀਕਾਰ