ਪ੍ਰਧਾਨ ਮੰਤਰੀ ਨੇ ਸ਼ਹਿਰੀ ਕੇਂਦਰਾਂ ਵਿੱਚ ਨਿਵੇਸ਼ ‘ਤੇ ਦਿੱਤਾ ਜ਼ੋਰ

ਕੋਵਿਡ-19 ਮਹਾਮਾਰੀ ਤੋਂ ਬਾਅਦ ਭਾਰਤ ਵਿਸ਼ਵ ਦੇ ਉਨ੍ਹਾਂ ਕੁਝ ਦੇਸ਼ਾਂ ਵਿੱਚ ਸ਼ਾਮਿਲ ਹੋਵੇਗਾ ਜਿਨ੍ਹਾਂ ਦਾ ਆਰਥਿਕ ਵਿਕਾਸ ਇੱਕ ਮਿਸਾਲ ਹੋਵੇਗਾ। ਅਗਲੇ ਮਾਲੀ ਸਾਲ ਦੌਰਾਨ ਦੇਸ਼ ਦੀ ਆਰਥਿਕਤਾ ਬਾਰੇ ਕਈ ਉਮੀਦਾਂ ਭਰੇ ਅਨੁਮਾਨ ਲਗਾਏ ਜਾ ਰਹੇ ਹਨ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਤੀਜੇ ਸਾਲਾਨਾ ਬਲੂਮਬਰਗ ਨਿਊ ਇਕਾਨਮੀ ਫੋਰਮ ਵਿੱਚ ਨਿਵੇਸ਼ਕਾਂ ਨੂੰ ਭਾਰਤ ਵਿੱਚ ਨਿਵੇਸ਼ ਕਰਨ ਦੇ ਸੱਦੇ ਨੂੰ ਇਸੇ ਸੰਦਰਭ ਵਿੱਚ ਦੇਖਣ ਦੀ ਲੋੜ ਹੈ। ਦਰਅਸਲ ਇੱਕ ਵੱਡਾ ਲੋਕਤੰਤਰੀ ਦੇਸ਼, ਕਾਰੋਬਾਰ ਦੇ ਲਈ ਉਚਿਤ ਮਾਹੌਲ, ਵਿਸ਼ਾਲ ਬਾਜ਼ਾਰ ਅਤੇ ਕਾਰੋਬਾਰ ਪੱਖੀ ਸਰਕਾਰ ਦੀਆਂ ਨੀਤੀਆਂ ਕਾਰਨ ਨਿਵੇਸ਼ਕਾਂ ਦੇ ਲਈ ਉਮੀਦ ਦੀ ਕਿਰਨ ਜਗਾਉਂਦਾ ਹੈ।

ਭਾਰਤ ਵਿੱਚ ਗਤੀਸ਼ੀਲਤਾ, ਸ਼ਹਿਰੀਕਰਨ ਅਤੇ ਨਵੀਨਤਾ ਵਰਗੇ ਪੱਖ ਨਿਵੇਸ਼ਕਾਂ ਦੇ ਲਈ ਦਿਲਚਸਪ ਮੌਕਿਆਂ ਦੀ ਪੇਸ਼ਕਸ਼ ਕਰਦੇ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਅਜੋਕੇ ਵਿਸ਼ਵ ਵਿੱਚ ਫੈਲੀ ਮਹਾਮਾਰੀ ਨੇ ਦੁਨੀਆ ਨੂੰ ਦਿਖਾਇਆ ਹੈ ਕਿ ਸ਼ਹਿਰ, ਜੋ ਕਿ ਵਿਕਾਸ ਦੇ ਇੰਜਣ ਵੀ ਹਨ ਅਸਲ ਵਿੱਚ ਸਭ ਤੋਂ ਕਮਜ਼ੋਰ ਹਨ। ਹਾਲਾਂਕਿ ਕੋਵਿਡ-19 ਦੇ ਨਕਾਰਾਤਮਕਤਾ ਵਾਲੇ ਮੁੱਦੇ ਵਿੱਚ ਹੋਰ ਉਲਝਣ ਤੋਂ ਬਗੈਰ ਉਨ੍ਹਾਂ ਨੇ ਮਹਾਮਾਰੀ ਨੂੰ ਮੌਕੇ ਦੇ ਨਾਲ ਜੋੜ ਦਿੱਤਾ। ਜਿਸ ਦਾ ਭਾਵ ਹੈ ਕਿ ਸਾਨੂੰ ਮਹਾਮਾਰੀ ਦੇ ਇਸ ਔਖੇ ਦੌਰ ਵਿੱਚ ਵੀ ਵਿਕਾਸ ਦੀਆਂ ਨਵੀਆਂ ਸੰਭਾਵਨਾਵਾਂ ਨੂੰ ਇੱਕ ਮੌਕੇ ਦੇ ਤੌਰ ਤੇ ਦੇਖਣਾ ਚਾਹੀਦਾ ਹੈ।

ਬਿਨਾਂ ਕਿਸੇ ਸ਼ੱਕ ਦੇ ਕੋਵਿਡ-19 ਮਹਾਮਾਰੀ ਨੇ ਬਹੁਤ ਤਬਾਹੀ ਮਚਾਈ ਹੈ। ਇਸ ਦੇ ਕਾਰਨ ਦੁਨੀਆ ਭਰ ਵਿੱਚ ਸਮਾਜਿਕ ਇਕੱਠਾਂ, ਖੇਡਾਂ ਅਤੇ ਮਨੋਰੰਜਨ ਦੀਆਂ ਗਤੀਵਿਧੀਆਂ ਅਤੇ ਸਿੱਖਿਆ ਖੇਤਰ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਹੈ। ਅੱਜ ਇਹ ਸਭ ਕੁਝ ਪਹਿਲਾਂ ਵਾਂਗ ਨਹੀਂ ਹਨ ਜਿਵੇਂ ਕਿ ਉਹ ਕੋਵਿਡ-19 ਤੋਂ ਪਹਿਲਾਂ ਦੀ ਸਥਿਤੀ ਵਿੱਚ ਹੁੰਦੇ ਸਨ। ਪਰ ਸਵਾਲ ਇਹ ਹੈ ਕਿ ਚੀਜ਼ਾਂ ਨੂੰ ਦੁਬਾਰਾ ਕਿਵੇਂ ਸ਼ੁਰੂ ਕਰਨਾ ਕੀਤਾ ਜਾਵੇ। ਇਸ ਸੰਬੰਧ ਵਿੱਚ ਪ੍ਰਧਾਨ ਮੰਤਰੀ ਦੀ ਪ੍ਰਤੀਕਿਰਿਆ ਬਹੁਤ ਹੀ ਸਪੱਸ਼ਟ ਸੀ; ਉਨ੍ਹਾਂ ਕਿਹਾ ਕਿ ਸ਼ਹਿਰੀ ਕੇਂਦਰਾਂ ਨੂੰ ਮੁੜ ਸੁਰਜੀਤ ਕਰਕੇ ਇਨ੍ਹਾਂ ਗਤੀਵਿਧੀਆਂ ਨੂੰ ਮੁੜ ਚਾਲੂ ਕੀਤਾ ਜਾ ਸਕਦਾ ਹੈ।

ਪਰ ਇਸ ਦੇ ਲਈ ਸਾਨੂੰ ਆਪਣੀ ਸੋਚ ਬਦਲਣ ਦੀ ਲੋੜ ਹੈ। ਪ੍ਰਧਾਨ ਮੰਤਰੀ ਮੋਦੀ ਨੇ ਸਪੱਸ਼ਟ ਤੌਰ ‘ਤੇ ਕਿਹਾ ਕਿ ਕੋਵਿਡ-19 ਮਹਾਮਾਰੀ ਤੋਂ ਬਾਅਦ ਦੁਨੀਆ ਨੂੰ ਇੱਕ ਨਵੀਂ ਸ਼ੁਰੂਆਤ ਕਰਨੀ ਹੋਵੇਗੀ ਅਤੇ ਪ੍ਰਕਿਰਿਆਵਾਂ ਅਤੇ ਅਭਿਆਸਾਂ ਨੂੰ ਰੀ-ਸੈੱਟ ਕੀਤੇ ਬਿਨਾਂ ਅਜਿਹਾ ਨਹੀਂ ਹੋ ਸਕਦਾ। ਇਨ੍ਹਾਂ ਗੱਲਾਂ ਦੀ ਚਰਚਾ ਕਰਦਿਆਂ ਪ੍ਰਧਾਨ ਮੰਤਰੀ ਨੇ ਨਿਵੇਸ਼ਕਾਂ ਦਾ ਧਿਆਨ ਭਾਰਤ ਦੇ ਸ਼ਹਿਰੀ ਖੇਤਰਾਂ, ਖ਼ਾਸ ਕਰਕੇ ਸਮਾਰਟ ਸ਼ਹਿਰਾਂ ਅਤੇ ਸ਼ਹਿਰੀ ਵੱਲ ਖਿੱਚਣ ਦਾ ਕੋਸ਼ਿਸ਼ ਕੀਤੀ ਜਿੱਥੇ ਕਿ ਨਿਵੇਸ਼ ਦੀਆਂ ਅਪਾਰ ਸੰਭਾਵਨਾਵਾਂ ਹਨ।

ਪ੍ਰਧਾਨ ਮੰਤਰੀ ਦਾ ਵਿਚਾਰ ਸੀ ਕਿ ਕੋਵਿਡ-19 ਨੇ ਸਰਕਾਰਾਂ ਨੂੰ ਸ਼ਹਿਰੀ ਲੋਕਾਂ ਲਈ ਵਧੇਰੇ ਸਹੂਲਤਯੋਗ ਬਣਾਉਣ ਦੀ ਪ੍ਰਕਿਰਿਆ ਨੂੰ ਤੇਜ਼ ਕਰਨ ਦੇ ਮੌਕੇ ਦਿੱਤੇ ਹਨ। ਟਿਕਾਊ ਸ਼ਹਿਰਾਂ ਦਾ ਨਿਰਮਾਣ ਕਰਨ ਦੀ ਜ਼ਰੂਰਤ ਹੈ ਜਿੱਥੇ ਸਾਫ਼ ਵਾਤਾਵਰਣ ਹੋਵੇ। ਉਨ੍ਹਾਂ ਕਿਹਾ ਕਿ ਉਹ ਅਜਿਹੇ ਭਵਿੱਖ ਵੱਲ ਦੇਖ ਰਹੇ ਹਨ ਜਿੱਥੇ ਸਿੱਖਿਆ, ਸਿਹਤ-ਸੰਭਾਲ ਅਤੇ ਖਰੀਦਦਾਰੀ ਦਾ ਵੱਡਾ ਹਿੱਸਾ ਆਨਲਾਈਨ ਹੋ ਸਕਦਾ ਹੈ। ਪ੍ਰਧਾਨ ਮੰਤਰੀ ਨੇ ਸ਼ਹਿਰੀ ਕੇਂਦਰਾਂ ਵਿੱਚ ਸ਼ਹਿਰ ਦੀਆਂ ਸਹੂਲਤਾਂ ਬਾਰੇ ਗੱਲ ਕਰਨ ਦੇ ਨਾਲ ਹੀ ਭਾਰਤ ਦੇ ਗ੍ਰਾਮੀਣ ਇਲਾਕੇ ਨੂੰ ਵੀ ਨਜ਼ਰਅੰਦਾਜ਼ ਨਹੀਂ ਕੀਤਾ। ਬਿਨਾਂ ਸ਼ੱਕ ਅਜਿਹੀ ਚਰਚਾ ਕਰਨ ਦਾ ਮੁੱਖ ਉਦੇਸ਼ ਸੰਭਾਵਿਤ ਨਿਵੇਸ਼ਕਾਂ ਨੂੰ ਭਾਰਤ ਦੇ ਸ਼ਹਿਰੀ ਖੇਤਰਾਂ ਵਿੱਚ ਮੌਕਿਆਂ ਬਾਰੇ ਜਾਣੂ ਕਰਵਾਉਣਾ ਸੀ, ਜਿੱਥੇ ਪਿਛਲੇ ਕੁਝ ਸਾਲਾਂ ਵਿੱਚ ਹੀ ਵਿਕਾਸ ਦੇ ਕਾਰਜਾਂ ਨਾਲ ਤਸਵੀਰ ਹੀ ਬਦਲ ਗਈ ਹੈ।

ਭਾਰਤ ਦੇ 27 ਸ਼ਹਿਰਾਂ ਵਿੱਚ ਡਿਜੀਟਲ ਇੰਡੀਆ, ਸਟਾਰਟ-ਅਪ ਇੰਡੀਆ, ਕਿਫਾਇਤੀ ਰਿਹਾਇਸ਼, ਰੀਅਲ ਇਸਟੇਟ (ਰੈਗੂਲੇਸ਼ਨ) ਐਕਟ ਅਤੇ ਮੈਟਰੋ ਰੇਲ ਨੇ ਦੇਸ਼ ਦੇ ਸ਼ਹਿਰੀ ਖੇਤਰਾਂ ਨੂੰ ਵਿਕਾਸ ਦੇ ਰਾਹ ਤੇ ਅੱਗੇ ਵਧਣ ਵਿੱਚ ਸਹਾਇਤਾ ਦਿੱਤੀ ਹੈ। ਇਸ ਦੇ ਨਾਲ ਹੀ ਦੇਸ਼ ਭਰ ਵਿੱਚ ਸਾਲ 2022 ਤੱਕ 1000 ਕਿਲੋਮੀਟਰ ਮੈਟਰੇ ਰੇਲ ਬਣਾਉਣ ਦਾ ਟੀਚਾ ਰੱਖਿਆ ਗਿਆ ਹੈ। ਅਜਿਹੀਆਂ ਪਹਿਲਕਦਮੀਆਂ ਦੇ ਨਾਲ ਭਾਰਤ ਦੋ ਮਹੱਤਵਪੂਰਨ ਟੀਚਿਆਂ ਦੀ ਪ੍ਰਾਪਤੀ ਕਰ ਲਵੇਗਾ, ਪਹਿਲਾ ਹੈ ਸ਼ਹਿਰੀ ਖੇਤਰਾਂ ਵਿੱਚ ਨੌਕਰੀਆਂ ਦੇ ਮੌਕੇ ਪੈਦਾ ਕਰਨੇ ਅਤੇ ਦੂਜਾ, ਭਾਰਤੀ ਸ਼ਹਿਰਾਂ ਨੂੰ ਆਧੁਨਿਕ, ਸਾਫ, ਵਿਵਸਥਿਤ ਅਤੇ ਆਕਰਸ਼ਕ ਬਣਾਉਣਾ।

ਅਜਿਹੀਆਂ ਗਤੀਵਿਧੀਆਂ ਨੂੰ ਦੋ ਪ੍ਰਕਿਰਿਆਵਾਂ ਤਹਿਤ ਚੁਣੇ ਗਏ 100 ਸਮਾਰਟ ਸਿਟੀ ਵਿੱਚ ਲਾਗੂ ਕੀਤਾ ਗਿਆ ਹੈ। ਇਸ ਵਿੱਚ ਸਹਿਯੋਗਾਤਮਕ ਅਤੇ ਮੁਕਾਬਲੇਬਾਜ਼ੀ ਵਾਲੇ ਸੰਘਵਾਦ ਦੇ ਫਲਸਫੇ ਨੂੰ ਕਾਇਮ ਰੱਖਣ ਲਈ ਇਕ ਦੇਸ਼ ਪੱਧਰੀ ਮੁਕਾਬਲਾ ਸ਼ਾਮਿਲ ਸੀ। ਨਿਵੇਸ਼ਕਾਂ ਵਿੱਚ ਆਪਣਾ ਸੰਦੇਸ਼ ਪਹੁੰਚਾਉਣ ਲਈ ਕਿ ਸਮਾਰਟ ਸਿਟੀ ਪ੍ਰੋਜੈਕਟ ਪ੍ਰਭਾਵਹੀਣ ਨਹੀਂ ਹਨ, ਬਲਕਿ ਸਰਗਰਮ ਹਨ ਅਤੇ ਚੰਗੀ ਤਰੱਕੀ ਕਰ ਰਹੇ ਹਨ, ਪ੍ਰਧਾਨ ਮੰਤਰੀ ਨੇ ਦੱਸਿਆ ਕਿ ਇਨ੍ਹਾਂ ਸਮਾਰਟ ਸਿਟੀ ਨੇ ਲਗਭਗ 2 ਲੱਖ ਕਰੋੜ ਰੁਪਏ ਜਾਂ 30 ਬਿਲੀਅਨ ਡਾਲਰ ਦੇ ਪ੍ਰੋਜੈਕਟ ਤਿਆਰ ਕੀਤੇ ਹਨ।

ਇਸ ਤੋਂ ਇਲਾਵਾ 1,40,000 ਕਰੋੜ ਰੁਪਏ ਜਾਂ 20 ਬਿਲੀਅਨ ਡਾਲਰ ਦੇ ਪ੍ਰੋਜੈਕਟ ਮੁਕੰਮਲ ਹੋ ਚੁੱਕੇ ਹਨ ਜਾਂ ਮੁਕੰਮਲ ਹੋਣ ਦੇ ਨੇੜੇ ਹਨ। ਸਮਾਰਟ ਸਿਟੀ ਪ੍ਰੋਜੈਕਟ ਦੇ ਕੰਮ ਦੀ ਵਿਸਥਾਰ ਪੂਰਵਕ ਤਸਵੀਰ ਪੇਸ਼ ਕਰਦਿਆਂ ਪ੍ਰਧਾਨ ਮੰਤਰੀ ਮੋਦੀ ਨੇ ਇਹ ਸੰਦੇਸ਼ ਦਿੱਤਾ ਕਿ ਉਨ੍ਹਾਂ ਦੀ ਸਰਕਾਰ ਸ਼ਹਿਰੀਕਰਨ ਦੇ ਖੇਤਰ ਵਿੱਚ ਭਾਰਤ ਨੂੰ ਨਵੀਂਆਂ ਉਚਾਈਆਂ ‘ਤੇ ਲਿਜਾਉਣ ਲਈ ਵਚਨਬੱਧ ਹੈ।

ਪਹਿਲਾਂ ਹੀ ਗਰੀਬਾਂ ਲਈ ਮਕਾਨ ਬਣਾਉਣ, ਬਿਹਤਰ ਬੁਨਿਆਦੀ ਢਾਂਚੇ ਦੇ ਵਿਕਾਸ, ਜਨਤਕ ਆਵਾਜਾਈ ਨੂੰ ਹੁਲਾਰਾ ਦੇਣ ਅਤੇ ਸ਼ਹਿਰੀ ਖੇਤਰਾਂ ਵਿੱਚ ਪੀਣ ਵਾਲੇ ਸਾਫ਼ ਪਾਣੀ ਦੀ ਉਪਲਬਧਤਾ ਵਰਗੇ ਪ੍ਰੋਗਰਾਮ ਚੱਲ ਰਹੇ ਹਨ। ਹਾਊਸਿੰਗ ਅਤੇ ਸ਼ਹਿਰੀ ਮਾਮਲਿਆਂ ਦੇ ਮੰਤਰਾਲੇ ਦੇ ਅਨੁਸਾਰ ਦੇਸ਼ ਨੂੰ 2030 ਤੱਕ ਹਰ ਸਾਲ 800 ਮਿਲੀਅਨ ਵਰਗ ਮੀਟਰ ਤੱਕ ਦਾ ਵਿਕਾਸ ਕਰਨਾ ਪਵੇਗਾ, ਤਾਂ ਕਿ 40 ਫੀਸਦੀ ਭਾਰਤੀ ਆਬਾਦੀ ਜਿਸ ਦੀ ਸ਼ਹਿਰੀ ਖੇਤਰ ਵਿੱਚ ਵਸਣ ਦੀ ਉਮੀਦ ਕੀਤੀ ਜਾ ਰਹੀ ਹੈ, ਦੇ ਲਈ ਇੰਤਜ਼ਾਮਾਂ ਨੂੰ ਪੂਰਾ ਕੀਤਾ ਜਾ ਸਕੇ।

ਸਕ੍ਰਿਪਟ: ਸ਼ੰਕਰ ਕੁਮਾਰ, ਸੀਨੀਅਰ ਪੱਤਰਕਾਰ