ਮਿਸ਼ਨ ਸਾਗਰ-2: ਭਾਰਤੀ ਜਲ ਸੈਨਾ ਦਾ ਜਹਾਜ਼ ਐਰਾਵਤ ਕੀਨੀਆ ਦੀ ਮੋਮਬਾਸਾ ਬੰਦਰਗਾਹ ‘ਤੇ ਪੁੱਜਾ

ਚੱਲ ਰਹੇ ਮਨੁੱਖਤਾਵਾਦੀ ਮਿਸ਼ਨ ‘ਸਾਗਰ -2’ ਦੀ ਨਿਰੰਤਰਤਾ ਵਿੱਚ, ਭਾਰਤੀ ਜਲ ਸੈਨਾ ਦਾ ਸਮੁੰਦਰੀ ਜਹਾਜ਼ ਐਰਾਵਤ ਬੀਤੇ ਦਿਨ ਕੀਨੀਆ ਦੀ ਮੋਮਬਾਸਾ ਬੰਦਰਗਾਹ ‘ਤੇ ਪੁੱਜ ਗਿਆ। ਭਾਰਤ ਸਰਕਾਰ ਕੁਦਰਤੀ ਬਿਪਤਾਵਾਂ ਅਤੇ ਕੋਵਿਡ-19 ਮਹਾਮਾਰੀ ਦਾ ਟਾਕਰਾ ਕਰਨ ਲਈ ਦੋਸਤਾਨਾ ਤੌਰ ਤੇ ਹੋਰਨਾਂ ਦੇਸ਼ਾਂ ਨੂੰ ਸਹਾਇਤਾ ਪ੍ਰਦਾਨ ਕਰ ਰਹੀ ਹੈ ਅਤੇ ਇਸੇ ਮੁਹਿੰਮ ਤਹਿਤ ਆਈ.ਐਨ.ਐਸ. ਐਰਾਵਤ ਰਾਹੀਂ ਦੱਖਣੀ ਸੂਡਾਨ ਦੇ ਲੋਕਾਂ ਲਈ ਭੋਜਨ ਸਹਾਇਤਾ ਭੇਜੀ ਜਾ ਰਹੀ ਹੈ।

ਰੱਖਿਆ ਮੰਤਰਾਲੇ ਨੇ ਇਕ ਬਿਆਨ ਵਿਚ ਕਿਹਾ ਕਿ ਕਈ ਸਦੀਆਂ ਤੋਂ ਭਾਰਤ ਅਤੇ ਅਫਰੀਕਾ ਦੇ ਦੇਸ਼ਾਂ ਵਿਚਾਲੇ ਦੋਸਤੀ ਅਤੇ ਭਾਈਚਾਰਕ ਸੰਬੰਧ ਮਜ਼ਬੂਤ ਬਣੇ ਹੋਏ ਹਨ ਅਤੇ ਇਨ੍ਹਾਂ ਨੂੰ ਹੋਰ ਮਜ਼ਬੂਤ ਕੀਤਾ ਜਾ ਰਿਹਾ ਹੈ। ਭਾਰਤ ਹਮੇਸ਼ਾ ਅਫਰੀਕਾ ਵਿਚਲੇ ਦੇਸ਼ਾਂ ਅਤੇ ਲੋਕਾਂ ਨਾਲ ਖੜ੍ਹਾ ਹੈ ਅਤੇ ਵਿਕਾਸ, ਸਮਰੱਥਾ ਵਧਾਉਣ ਅਤੇ ਮਾਨਵਤਾਵਾਦੀ ਸਹਾਇਤਾ ਪ੍ਰੋਗਰਾਮਾਂ ਵਿੱਚ ਹਿੱਸਾ ਲੈਂਦਾ ਰਿਹਾ ਹੈ।