ਵਿਦੇਸ਼ ਮੰਤਰੀ ਡਾ. ਐੱਸ. ਜੈਸ਼ੰਕਰ 6 ਦਿਨਾਂ ਲਈ ਬਹਿਰੀਨ, ਯੂ.ਏ.ਈ., ਸੇਸ਼ੇਲਜ ਦੇ ਦੌਰੇ ‘ਤੇ ਜਾਣਗੇ

ਵਿਦੇਸ਼ ਮੰਤਰੀ ਡਾ. ਐੱਸ. ਜੈਸ਼ੰਕਰ ਅੱਜ ਤੋਂ ਬਹਿਰੀਨ, ਯੂ.ਏ.ਈ. ਅਤੇ ਸੇਸ਼ੇਲਜ ਦੀ ਯਾਤਰਾ ਤੇ ਜਾਣਗੇ। ਡਾ. ਜੈਸ਼ੰਕਰ ਦੀ ਬਹਿਰੀਨ ਯਾਤਰਾ ਉਨ੍ਹਾਂ ਦੇ ਵਿਦੇਸ਼ ਮੰਤਰੀ ਵਜੋਂ ਪਹਿਲੀ ਯਾਤਰਾ ਹੋਵੇਗੀ। ਉਹ ਬਹਿਰੀਨ ਦੇ ਪ੍ਰਧਾਨ ਮੰਤਰੀ ਪ੍ਰਿੰਸ ਖਲੀਫਾ ਬਿਨ ਸਲਮਾਨ ਅਲ ਖਲੀਫਾ ਦੇ ਇਸ ਮਹੀਨੇ ਦੀ 11 ਤਰੀਕ ਨੂੰ ਹੋਏ ਦਿਹਾਂਤ ‘ਤੇ ਬਹਿਰੀਨੀ ਲੀਡਰਸ਼ਿਪ ਨੂੰ ਨਿੱਜੀ ਤੌਰ ‘ਤੇ ਭਾਰਤ ਸਰਕਾਰ ਅਤੇ ਲੋਕਾਂ ਵੱਲੋਂ ਸੋਗ ਜਤਾਉਣਗੇ। ਆਪਣੀ ਯਾਤਰਾ ਦੌਰਾਨ ਉਹ ਦੁਵੱਲੇ ਮੁੱਦਿਆਂ ਦੇ ਨਾਲ-ਨਾਲ ਖੇਤਰੀ ਅਤੇ ਅੰਤਰਰਾਸ਼ਟਰੀ ਮੁੱਦਿਆਂ ‘ਤੇ ਵੀ ਗੱਲਬਾਤ ਕਰਨਗੇ।

ਡਾ. ਜੈਸ਼ੰਕਰ 25 ਅਤੇ 26 ਨਵੰਬਰ ਨੂੰ ਯੂ.ਏ.ਈ. ਦਾ ਦੌਰਾ ਕਰਨਗੇ। ਉਹ ਆਪਣੇ ਹਮਰੁਤਬਾ ਸ਼ੇਖ ਅਬਦੁੱਲਾ ਬਿਨ ਜਾਇਦ ਅਲ ਨਾਹਯਾਨ ਨਾਲ ਮੁਲਾਕਾਤ ਕਰਨਗੇ। ਦੋਵੇਂ ਨੇਤਾ ਵਿਆਪਕ ਰਣਨੀਤਕ ਭਾਈਵਾਲੀ ਤਹਿਤ ਭਾਰਤ ਅਤੇ ਸੰਯੁਕਤ ਅਰਬ ਅਮੀਰਾਤ ਦਰਮਿਆਨ ਸ਼ਾਨਦਾਰ ਸਹਿਯੋਗ ਨੂੰ ਅੱਗੇ ਵਧਾਉਣਗੇ ਅਤੇ ਵੱਖ-ਵੱਖ ਖੇਤਰੀ ਅਤੇ ਅੰਤਰਰਾਸ਼ਟਰੀ ਮੁੱਦਿਆਂ ‘ਤੇ ਵਿਚਾਰਾਂ ਦਾ ਆਦਾਨ-ਪ੍ਰਦਾਨ ਕਰਨਗੇ। ਉਹ ਕੋਵਿਡ ਤੋਂ ਬਾਅਦ ਬਣੇ ਹਾਲਾਤ ਵਿਚ ਭਾਰਤੀ ਕਾਮਿਆਂ ਨੂੰ ਯੂ.ਏ.ਈ. ਵਿਚ ਆਪਣੀ ਨੌਕਰੀ ਦੁਬਾਰਾ ਸ਼ੁਰੂ ਕਰਨ ਦੇ ਤਰੀਕਿਆਂ ਬਾਰੇ ਵੀ ਗੱਲਬਾਤ ਕਰਨਗੇ। ਕਾਬਿਲੇਗੌਰ ਹੈ ਕਿ ਯੂ.ਏ.ਈ. ਵਿੱਚ 30 ਲੱਖ ਤੋਂ ਵੱਧ ਭਾਰਤੀ ਰਹਿੰਦੇ ਹਨ ਅਤੇ ਕੰਮ ਕਰਦੇ ਹਨ।

ਆਪਣੇ ਦੌਰੇ ਦੇ ਆਖਰੀ ਪੜਾਅ ਵਿੱਚ ਉਹ 27 ਨਵੰਬਰ ਨੂੰ ਦੋ ਦਿਨਾਂ ਦੌਰੇ ਲਈ ਸੇਸ਼ੇਲਜ ਜਾਣਗੇ। ਉਹ ਸੇਸ਼ੇਲਜ਼ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਨਾਲ ਮੁਲਾਕਾਤ ਕਰਨਗੇ ਅਤੇ ਨਵੀਂ ਸਰਕਾਰ ਦੀਆਂ ਪਹਿਲਕਦਮੀਆਂ ਅਤੇ ਭਾਰਤ-ਸੇਸ਼ੇਲਜ਼ ਦੁਵੱਲੇ ਸੰਬੰਧਾਂ ਨੂੰ ਹੋਰ ਮਜ਼ਬੂਤ ਕਰਨ ਦੇ ਤਰੀਕਿਆਂ ਬਾਰੇ ਗੱਲਬਾਤ ਕਰਨਗੇ।