ਪ੍ਰਧਾਨ ਮੰਤਰੀ ਦਾ ਕਹਿਣਾ ਹੈ ਕਿ ਸਾਰੇ ਨਾਗਰਿਕਾਂ ਨੂੰ ਕੋਵਿਡ-19 ਦਾ ਟੀਕਾ ਲਗਾਏ ਜਾਣ ਦੀ ਕਵਾਇਦ ਨੂੰ ਯਕੀਨੀ ਬਣਾਇਆ ਜਾਵੇਗਾ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਇਸ ਗੱਲ ਨੂੰ ਯਕੀਨੀ ਬਣਾਇਆ ਜਾਵੇਗਾ ਕਿ ਨਾਗਰਿਕਾਂ ਲਈ ਕੋਵਿਡ-19 ਟੀਕਾ ਸਾਰੇ ਜ਼ਰੂਰੀ ਵਿਗਿਆਨਕ ਮਾਪਦੰਡਾਂ ਨੂੰ ਪੂਰਾ ਕਰੇ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਜਿਸ ਤਰ੍ਹਾਂ ਕੋਵਿਡ ਵਿਰੁੱਧ ਲੜਾਈ ਵਿਚ ਫੋਕਸ ਹਰੇਕ ਦੀ ਜ਼ਿੰਦਗੀ ਬਚਾਉਣ ਵੱਲ ਰਿਹਾ ਹੈ, ਤਰਜੀਹ ਇਹ ਰਹੇਗੀ ਕਿ ਟੀਕਾ ਸਾਰਿਆਂ ਤੱਕ ਪਹੁੰਚੇ। ਉਨ੍ਹਾਂ ਕਿਹਾ ਕਿ ਟੀਕਾਕਰਣ ਦੀ ਮੁਹਿੰਮ ਬੇਰੋਕ, ਯੋਜਨਾਬੱਧ ਅਤੇ ਸੁਚਾਰੂ ਢੰਗ ਨਾਲ ਚਲਾਉਣ ਲਈ ਹਰ ਪੱਧਰ ‘ਤੇ ਸਰਕਾਰਾਂ ਨੂੰ ਮਿਲ ਕੇ ਕੰਮ ਕਰਨਾ ਪਏਗਾ।

ਪ੍ਰਧਾਨ ਮੰਤਰੀ ਨੇ ਭਰੋਸਾ ਦਿਵਾਇਆ ਹੈ ਕਿ ਸਰਕਾਰ ਕੋਵਿਡ-19 ਟੀਕਿਆਂ ਦੇ ਵਿਕਾਸ ‘ਤੇ ਬੜੇ ਧਿਆਨ ਨਾਲ ਨਜ਼ਰ ਰੱਖ ਰਹੀ ਹੈ। ਸ਼੍ਰੀ ਮੋਦੀ ਨੇ ਕਿਹਾ ਕਿ ਸਰਕਾਰ ਟੀਕੇ ਦੇ ਵਿਕਾਸ ਬਾਰੇ ਗਲੋਬਲ ਪੱਧਰ ਤੇ ਨਿਰਮਾਤਾਵਾਂ, ਹੋਰ ਦੇਸ਼ਾਂ ਦੀਆਂ ਸਰਕਾਰਾਂ, ਬਹੁਪੱਖੀ ਸੰਸਥਾਵਾਂ ਅਤੇ ਅੰਤਰਰਾਸ਼ਟਰੀ ਕੰਪਨੀਆਂ ਦੇ ਨਾਲ-ਨਾਲ ਭਾਰਤੀ ਵਿਕਾਸਕਾਰਾਂ ਅਤੇ ਨਿਰਮਾਤਾਵਾਂ ਦੇ ਸੰਪਰਕ ਵਿੱਚ ਹੈ।

ਪ੍ਰਧਾਨ ਮੰਤਰੀ ਨੇ ਇਹ ਗੱਲ ਬੀਤੇ ਦਿਨ ਸਾਰੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਮੁੱਖ ਮੰਤਰੀਆਂ ਨਾਲ ਵੀਡਿਓ ਕਾਨਫਰੰਸ ਰਾਹੀਂ ਹੋਈ ਇੱਕ ਉੱਚ ਪੱਧਰੀ ਬੈਠਕ ਦੌਰਾਨ ਕੀਤੀ, ਜਿਸ ਵਿੱਚ ਅੱਠ ਰਾਜਾਂ ਉੱਤੇ ਵਿਸ਼ੇਸ਼ ਜ਼ੋਰ ਦੇ ਕੇ ਕੋਵਿਡ-19 ਨਾਲ ਨਜਿੱਠਣ ਦੇ ਨਾਲ ਹੀ ਟੀਕੇ ਦੇ ਪ੍ਰਬੰਧਨ ਦੀ ਸਥਿਤੀ ਅਤੇ ਤਿਆਰੀ ਦੀ ਸਮੀਖਿਆ ਕੀਤੀ ਗਈ। ਇਹ ਰਾਜ ਹਰਿਆਣਾ, ਦਿੱਲੀ, ਛੱਤੀਸਗੜ੍ਹ, ਕੇਰਲ, ਮਹਾਰਾਸ਼ਟਰ, ਰਾਜਸਥਾਨ, ਗੁਜਰਾਤ ਅਤੇ ਪੱਛਮੀ ਬੰਗਾਲ ਹਨ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਦੇਸ਼ ਠੋਸ ਯਤਨਾਂ ਸਦਕਾ ਮਹਾਮਾਰੀ ਦਾ ਟਾਕਰਾ ਕਰ ਰਿਹਾ ਹੈ ਅਤੇ ਰਿਕਵਰੀ ਦਰ ਅਤੇ ਮੌਤ ਦਰ ਦੋਵਾਂ ਦੇ ਲਿਹਾਜ਼ ਨਾਲ ਭਾਰਤ ਦੀ ਸਥਿਤੀ ਦੂਜੇ ਦੇਸ਼ਾਂ ਨਾਲੋਂ ਕਿਤੇ ਬਿਹਤਰ ਹੈ। ਉਨ੍ਹਾਂ ਕਿਹਾ ਕਿ ਸਾਡਾ ਟੀਚਾ ਮੌਤ ਦਰ ਨੂੰ ਇਕ ਫੀਸਦੀ ਤੋਂ ਹੇਠਾਂ ਲਿਆਉਣ ਦਾ ਹੋਣਾ ਚਾਹੀਦਾ ਹੈ। ਇਸ ਦੇ ਨਾਲ ਹੀ ਉਨ੍ਹਾਂ ਭਰੋਸਾ ਦਿਵਾਇਆ ਕਿ ਸਰਕਾਰ ਕੋਵਿਡ-19 ਟੀਕਿਆਂ ਦੇ ਵਿਕਾਸ ‘ਤੇ ਬੜੇ ਧਿਆਨ ਨਾਲ ਨਜ਼ਰ ਰੱਖ ਰਹੀ ਹੈ।